ਵੱਖ-ਵੱਖ ਦੇਸ਼ਾਂ ਤੋਂ ਆਏ ਸਿੱਖ ਨੌਜਵਾਨਾਂ ਦੇ ਵਫ਼ਦ ਨੂੰ ਸਨਮਾਨਿਤ ਕਰਦੇ ਸ੍ਰੋਮਣੀ ਕਮੇਟੀ ਅਧਿਕਾਰੀ ਤੇ ਨਾਲ ਜਥੇ ਦੇ ਨੌਜਵਾਨ ਸ੍ਰੀ ਦਰਬਾਰ ਸਾਹਿਬ ਵਿਚ ਤਸਵੀਰ ਖਿਚਵਾਉਂਦੇ ਹੋਏ।
ਅੰਮ੍ਰਿਤਸਰ, 9 ਨਵੰਬਰ 2019 - ਵਿਦੇਸ਼ ਮੰਤਰਾਲੇ ਦੀ ਪਹਿਲ ਅਤੇ ਇੰਡੀਅਨ ਕੌਂਸਲ ਫਾਰ ਕਲਚਰ ਰਿਲੇਸ਼ਨ ਦੇ ਸੱਦੇ ਉਤੇ ਪੰਜ ਤਖ਼ਤਾਂ ਦੀ ਯਾਤਰਾ ਉਤੇ ਆਇਆ ਵੱਖ-ਵੱਖ ਦੇਸ਼ਾਂ ਤੋਂ ਸਿੱਖ ਨੌਜਵਾਨਾਂ ਦਾ ਵਫ਼ਦ ਅੱਜ ਸ਼ਾਮ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਇਆ। ਵਫ਼ਦ ਦੀ ਅਗਵਾਈ ਕਰ ਰਹੇ ਚੇਅਰਮੈਨ ਸੜਕ ਸੁਰੱਖਿਆ ਅਤੇ ਮੈਂਬਰ ਆਈ. ਸੀ. ਸੀ. ਆਰ. ਡਾ. ਕਮਲਜੀਤ ਸੋਹੀ ਨੇ ਦੱਸਿਆ ਕਿ ਸਰਕਾਰ ਦੀ ਕੋਸ਼ਿਸ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਉਨਾਂ ਦਾ ਸੰਦੇਸ਼ ਵਿਸ਼ਵ ਭਰ ਵਿਚ ਸਾਂਝਾ ਕੀਤਾ ਜਾਵੇ। ਇਸ ਤੋਂ ਇਲਾਵਾ ਦੁਨੀਆਂ ਭਰ ਵਿਚ ਰਹਿ ਰਹੇ ਸਿੱਖਾਂ ਨੂੰ ਆਪਣੇ ਵਿਰਸੇ ਨਾਲ ਜੋੜਿਆ ਜਾਵੇ।
ਸ੍ਰੀ ਸੋਹੀ ਨੇ ਦੱਸਿਆ ਕਿ ਇਸ ਸੰਦੇਸ਼ ਦੇ ਵਾਹਕ ਬਣਨ ਲਈ ਵਿਦੇਸ਼ ਮੰਤਰਾਲੇ ਦੀ ਪਹਿਲ ਉਤੇ ਇੰਡੀਅਨ ਕੌਸਲ ਫਾਰ ਕਲਚਰ ਰਿਲੇਸ਼ਨ ਨੇ ਦੁਨੀਆਂ ਭਰ ਵਿਚ ਵੱਸਦੇ ਸਿੱਖਾਂ ਨੂੰ ਚੁਣਿਆ ਅਤੇ ਅੱਜ ਇਸ ਸੱਦੇ ਨੂੰ ਕਬੂਲਦੇ ਹੋਏ ਵੱਖ-ਵੱਖ ਦੇਸ਼ਾਂ ਤੋਂ ਸਿੱਖ ਨੌਜਵਾਨ ਪੰਜ ਤਖ਼ਤਾਂ ਦੀ ਯਾਤਰਾ ਉਤੇ ਅੰਮ੍ਰਿਤਸਰ ਪੁੱਜੇ ਹਨ। ਉਨਾਂ ਦੱਸਿਆ ਕਿ ਇਸ ਜਥੇ ਵਿਚ ਅਮਰੀਕਾ, ਕੈਨੇਡਾ, ਬਰਤਾਨੀਆ, ਆਸਟਰੇਲੀਆ, ਜਰਮਨੀ, ਇਟਲੀ, ਦੱਖਣੀ ਪੂਰਬੀ ਦੇਸ਼ਾਂ ਤੋਂ ਨੌਜਵਾਨ ਬੜੀ ਸ਼ਰਧਾ ਨਾਲ ਸ਼ਾਮਿਲ ਹੋਏ ਹਨ। ਸ੍ਰੀ ਸੋਹੀ ਨੇ ਦੱਸਿਆ ਕਿ ਪਟਨਾ ਸਾਹਿਬ ਦੇ ਦਰਸ਼ਨ ਕਰਕੇ ਇਹ ਨੌਜਵਾਨ ਅੱਜ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਨਤਮਸਤਕ ਹੋਏ ਹਨ। ਸਿੱਖ ਨੌਜਵਾਨਾਂ ਨੇ ਵੀ ਸਰਕਾਰ ਵੱਲੋਂ ਕੀਤੀ ਇਸ ਪਹਿਲ ਦੀ ਪ੍ਰਸੰਸਾ ਕਰਦੇ ਕਿਹਾ ਕਿ ਪੰਜ ਤਖ਼ਤਾਂ ਦੀ ਯਾਤਰਾ ਕਰਨਾ ਜਿੱਥੇ ਸਾਡੇ ਲਈ ਸ਼ਰਧਾ ਦਾ ਸੋਮਾ ਹੈ, ਉਥੇ ਆਪਣੇ ਅਮੀਰ ਵਿਰਸੇ ਨੂੰ ਅੱਖੀਂ ਵੇਖ ਕੇ ਮਾਣ ਮਹਿਸੂਸ ਹੋਇਆ ਹੈ।
ਸਿੱਖ ਨੌਜਵਾਨਾਂ ਨੂੰ ਸ੍ਰੀ ਦਰਬਾਰ ਸਾਹਿਬ ਪੁੱਜਣ ਉਤੇ ਸੂਚਨਾ ਕੇਂਦਰ ਵਿਚ ਸ੍ਰੋਮਣੀ ਕਮੇਟੀ ਵੱਲੋਂ ਸ: ਭਗਵੰਤ ਸਿੰਘ ਸਿਆਲਕਾ ਮੈਂਬਰ ਐਸ ਜੀ ਪੀ ਸੀ, ਸ: ਗੁਰਚਰਨ ਸਿੰਘ ਗਰੇਵਾਲ ਮੈਂਬਰ ਐਸ ਜੀ ਪੀ ਸੀ ਅਤੇ ਸ: ਸਵਿੰਦਰ ਦੀਨਪੁਰ ਮੈਨੇਜਰ ਸ੍ਰੀ ਦਰਬਾਰ ਸਾਹਿਬ ਨੇ ਸਿਰੋਪੇ ਨਾਲ ਸਨਮਾਨਿਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਿਲ•ਾ ਖੇਡ ਅਧਿਕਾਰੀ ਸ. ਗੁਰਲਾਲ ਸਿੰਘ ਰਿਆੜ, ਇੰਡੀਅਨ ਕੌਂਸਲ ਫਾਰ ਕਲਚਰ ਰਿਲੇਸ਼ਨ ਦੇ ਅਧਿਕਾਰੀ ਮੈਡਮ ਨਾਲਿਨੀ ਸਿੰਘਲ ਅਤੇ ਹੋਰ ਸਖਸ਼ੀਅਤਾਂ ਵੀ ਹਾਜ਼ਰ ਸਨ।