ਲੋਕੇਸ਼ ਰਿਸ਼ੀ
ਗੁਰਦਾਸਪੁਰ, 12 ਨਵੰਬਰ 2019 - ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸੰਤ ਸਮਾਜ ਵੱਲੋਂ ਡੇਰਾ ਬਾਬਾ ਨਾਨਕ ਵਿਖੇ ਧਾਰਮਿਕ ਸਮਾਗਮਾਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਧਰਤੀ ਡੇਰਾ ਬਾਬਾ ਨਾਨਕ ਵਿਖੇ ਸ਼ੁਰੂ ਹੋਏ ਇਹਨਾਂ ਸਮਾਗਮਾਂ ਵਿੱਚ ਦੂਰ ਦੁਰਾਡੇ ਤੋਂ ਸ਼ਰਧਾਲੂ ਪਹੁੰਚਣਾ ਸ਼ੁਰੂ ਹੋ ਚੁੱਕੇ ਹਨ ਅਤੇ ਇਸ ਦੇ ਨਾਲ ਹੀ ਇਹਨਾਂ ਸਮਾਗਮਾਂ ਵਿੱਚ ਹਾਜ਼ਰੀ ਲਗਵਾਉਣ ਲਈ ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਸਿੰਘ ਚੀਮਾ, ਟਕਸਾਲੀ ਅਕਾਲੀ ਪਾਰਟੀ ਦੇ ਆਗੂ ਸੇਵਾ ਸਿੰਘ ਸੇਖਵਾਂ, ਸਿੱਖ ਸਟੂਡੈਂਟ ਫੈਡਰੇਸ਼ਨ ਦੇ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਨਿਹੰਗ ਸਿੰਘ ਜਥੇਬੰਦੀਆਂ ਪਹੁੰਚ ਚੁੱਕੀਆਂ ਹਨ।