ਪਟਿਆਲਾ, 18 ਮਾਰਚ 2019: ਲੋਕ ਸਭਾ ਚੋਣਾਂ-2019 ਸਬੰਧੀਂ ਲਾਗੂ ਹੋਏ ਆਦਰਸ਼ ਚੋਣ ਜਾਬਤੇ ਦੇ ਮੱਦੇਨਜ਼ਰ ਜ਼ਿਲ੍ਹੇ ਭਰ 'ਚ ਜਿਹੜੇ ਅਸਲਾ ਧਾਰਕਾਂ ਵੱਲੋਂ ਅਜੇ ਤੱਕ ਆਪਣਾ ਅਸਲਾ ਜਮ੍ਹਾਂ ਨਹੀਂ ਕਰਵਾਇਆ ਗਿਆ, ਉਨ੍ਹਾਂ ਨੂੰ ਆਪਣਾ ਅਸਲਾ ਤੁਰੰਤ ਜਮ੍ਹਾਂ ਕਰਵਾਉਣ ਦੇ ਆਦੇਸ਼ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਅਸਲਾ ਜਮ੍ਹਾਂ ਨਾ ਕਰਵਾਉਣ ਦੀ ਸੂਰਤ 'ਚ ਅਸਲਾ ਲਾਇਸੈਂਸ ਰੱਦ ਹੋਣ ਸਮੇਤ ਪੁਲਿਸ ਕਾਰਵਾਈ ਕੀਤੀ ਜਾਵੇਗੀ।
ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਰਤ ਦੇ ਚੋਣ ਕਮਿਸ਼ਨ ਅਤੇ ਪੰਜਾਬ ਦੇ ਮੁੱਖ ਚੋਣ ਅਫ਼ਸਰ ਦੀ ਹਦਾਇਤਾਂ ਤਹਿਤ ਚੋਣ ਜਾਬਤਾ ਲੱਗਣ ਦੇ ਤੁਰੰਤ ਬਾਅਦ ਅਸਲਾ ਧਾਰਕਾਂ ਵੱਲੋਂ ਆਪਣਾ ਅਸਲਾ ਜਮ੍ਹਾਂ ਕਰਵਾਉਣਾ ਹੁੰਦਾ ਹੈ, ਜਿਸ ਲਈ ਪਟਿਆਲਾ ਜ਼ਿਲ੍ਹੇ ਦੇ ਅਸਲਾ ਧਾਰਕਾਂ ਲਈ ਵੀ ਆਪਣਾ ਅਸਲਾ ਸਬੰਧਤ ਥਾਣਿਆਂ ਵਿਖੇ ਜਾਂ ਮਨਜੂਰ ਸੁਦਾ ਅਸਲਾ ਡੀਲਰਾਂ ਕੋਲ ਜਮ੍ਹਾਂ ਕਰਵਾਇਆ ਜਾ ਰਿਹਾ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਜਿਹੜੇ ਅਸਲਾ ਧਾਰਕਾਂ ਨੇ ਅਜੇ ਤੱਕ ਆਪਣਾ ਅਸਲਾ ਜਮ੍ਹਾਂ ਨਹੀਂ ਕਰਵਾਇਆ, ਉਹ ਅਸਲਾ ਧਾਰਕ ਕਿਸੇ ਸੰਭਾਵੀ ਪੁਲਿਸ ਕਾਰਵਾਈ ਜਾਂ ਲਾਇਸੈਂਸ ਰੱਦ ਹੋਣ ਵਰਗੀ ਕਾਰਵਾਈ ਤੋਂ ਬਚਣ ਲਈ ਤੁਰੰਤ ਆਪਣਾ ਅਸਲਾ ਜਮ੍ਹਾਂ ਕਰਵਾਉਣ।