ਯਾਦਵਿੰਦਰ ਸਿੰਘ ਤੂਰ
ਲੁਧਿਆਣਾ, 19 ਮਾਰਚ - ਲੁਧਿਆਣਾ ਲੋਕ ਸਭਾ ਹਲਕਾ ਜਿਥੇ ਵੱਖ ਵੱਖ ਧਰਮਾਂ ਦੇ ਲੋਕਾਂ ਤੋਂ ਇਲਾਵਾ ਪ੍ਰਵਾਸੀ ਮਜ਼ਦੂਰ ਵੋਟਰਾਂ ਦੀ ਭਰਮਾਰ ਹੈ, ਉਥੇ ਹੀ ਮੁੱਦਿਆਂ ਦੀ ਰਾਜਨੀਤੀ ਵੀ ਭਾਰੂ ਹੈ। ਇਸੇ ਕਰਕੇ ਹਰ ਪਾਰਟੀ ਅਜਿਹੇ ਉਮੀਦਵਾਰ ਨੂੰ ਮੈਦਾਨ ਅੰਦਰ ਉਤਾਰਦੀ ਹੈ ਜਿਸਦਾ ਆਪਣਾ ਵੱਖਰਾ ਅਧਾਰ ਹੁੰਦਾ ਹੈ। 2014 ਲੋਕ ਸਭਾ ਦੌਰਾਨ ਆਮ ਆਦਮੀ ਪਾਰਟੀ ਨੇ ਇੱਥੋਂ ਹਰਵਿੰਦਰ ਸਿੰਘ ਫੂਲਕਾ ਨੂੰ ਆਪਣਾ ਉਮੀਦਵਾਰ ਬਣਾਇਆ ਸੀ ਜਿਸ ਨੇ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ 'ਚ ਆਪਣੀ ਕਾਨੂੰਨੀ ਲੜਾਈ ਲੜੀ ਹੈ।
ਇਸੇ ਤਰ੍ਹਾਂ 2019 ਲੋਕ ਸਭਾ 'ਚ ਵੀ ਆਮ ਆਦਮੀ ਪਾਰਟੀ ਕਿਸੇ ਅਜਿਹੇ ਉਮੀਦਵਾਰ ਨੂੰ ਲੋਕ ਸਭਾ ਚੋਣਾਂ 'ਚ ਉਤਾਰਨਾ ਚਾਹੁੰਦੀ ਹੈ ਜਿਸਦਾ ਸਮਾਜ 'ਚ ਇੱਕ ਵੱਖਰਾ ਅਧਾਰ ਹੋਵੇ। ਪਾਰਟੀ ਦੇ ਰਾਜਨੀਤਕ ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਆਮ ਆਦਮੀ ਪਾਰਟੀ ਨੇ ਲੁਧਿਆਣਾ ਲੋਕ ਸਭਾ ਸੀਟ ਲਈ ਸਾਫ ਸੁਥਰੀ ਗਾਇਕੀ ਵਾਲੇ ਕਲਾਕਾਰ ਨੂੰ ਟਿਕਟ ਦੇਣ ਦਾ ਮਨ ਬਣਾਇਆ ਹੈ। ਪਰ ਇਹ ਵੀ ਪਤਾ ਚੱਲਿਆ ਹੈ ਕਿ ਉਸ ਲੋਕ ਗਾਇਕ ਨੇ ਚੋਣ ਲੜਨ ਤੋਂ ਅਸਮਰਥਾ ਜਤਾਈ ਹੈ। ਪਰ ਪਾਰਟੀ ਨੇ ਉਸ 'ਤੇ ਅਜੇ ਵੀ ਚੋਣ ਲੜਨ ਦਾ ਦਬਾਅ ਬਣਾਇਆ ਹੋਇਆ ਹੈ। ਇਸ ਤੋਂ ਇਲਾਵਾ ਪਾਰਟੀ ਦੀ ਹਾਈਕਮਾਂਡ ਨੇ ਲੁਧਿਆਣਾ ਦੇ ਇੱਕ ਉੱਘੇ ਖੇਡ ਪ੍ਰਮੋਟਰ ਜਿੰਨ੍ਹਾਂ ਨੇ ਖੇਡਾਂ ਦੀ ਤਰੱਕੀ 'ਚ ਆਪਣਾ ਵਿਸ਼ੇਸ਼ ਯੋਗਦਾਨ ਦਿੱਤਾ, ਤੇ ਪਿੰਡ 'ਚ ਇੱਕ ਵੱਡੇ ਸਟੇਡੀਅਮ ਦੀ ਸਥਾਪਨਾ ਕੀਤੀ ਹੈ, ਤੱਕ ਪਹੁੰਚ ਕੀਤੀ ਹੈ। ਉਸ ਖੇਡ ਪ੍ਰਮੋਟਰ ਦਾ ਖੇਡਾਂ ਦੇ ਨਾਲ-ਨਾਲ ਸਮਾਜ 'ਚ ਇੱਕ ਵਧੀਆ ਅਧਾਰ ਤੇ ਪ੍ਰਵਾਸੀ ਭਾਈਚਾਰੇ ਨਾਲ ਚੰਗਾ ਰਾਬਤਾ ਹੈ ਅਤੇ ਉਹ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਚੰਗੀ ਟੱਕਰ ਦੇ ਸਕਦਾ ਹੈ।
ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਹੋਰ ਵਰਕਰਾਂ ਅਤੇ ਅਹੁਦੇਦਾਰਾਂ ਨਾਲ ਵੀ ਆਪਣਾ ਸੰਪਰਕ ਬਣਾਇਆ ਹੋਇਆ ਹੈ ਜਿੰਨ੍ਹਾਂ ਨੂੰ ਲੁਧਿਆਣਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਬਣਾਇਆ ਜਾ ਸਕਦਾ ਹੈ। ਪਾਰਟੀ ਚਾਹੁੰਦੀ ਹੈ ਕਿ ਮਾਰਚ ਮਹੀਨੇ ਦੇ ਅੰਤ ਤੱਕ ਉਮੀਦਵਾਰ ਤੈਅ ਕਰ ਲਿਆ ਜਾਵੇ। ਇਸ ਕਰਕੇ ਪਾਰਟੀ ਬੜੀ ਤੇਜੀ ਨਾਲ ਸੰਭਾਵੀ ਉਮੀਦਵਾਰਾਂ ਨਾਲ ਰਾਬਤਾ ਬਣਾ ਰਹੀ ਹੈ। ਇਹ ਆਉਣ ਵਾਲਾ 10 ਦਿਨ ਦਾ ਸਮਾਂ ਦੱਸੇਗਾ ਕਿ ਲੁਧਿਆਣਾ ਤੋਂ ਚਕੋਨਾ ਮੁਕਾਬਲਾ ਬਣਾਉਣ 'ਚ ਆਮ ਆਦਮੀ ਪਾਰਟੀ ਕਿੰਨਾ ਕੁ ਸਫਲ ਹੁੰਦੀ ਹੈ।