ਪਾਤੜਾਂ/ਖਨੌਰੀ/ਪਟਿਆਲਾ, 20 ਮਾਰਚ 2019 (ਜੀ ਐੱਸ ਪੰਨੂ) : ਪੰਜਾਬ ਅਤੇ ਹਰਿਆਣਾ ਦੀਆਂ ਹੱਦਾਂ ਨਾਲ ਲੱਗਦੇ ਜ਼ਿਲ੍ਹਿਆਂ ਅੰਦਰ ਆਗਾਮੀ ਲੋਕ ਸਭਾ ਚੋਣਾਂ-2019 ਨੂੰ ਨਿਰਪੱਖ, ਨਿਰਵਿਘਨ ਅਤੇ ਅਮਨ-ਅਮਾਨ ਨਾਲ ਸਫ਼ਲਤਾ ਪੂਰਵਕ ਕਰਵਾਉਣ ਲਈ ਸਾਂਝੀ ਰਣਨੀਤੀ ਬਨਾਉਣ ਲਈ ਅੱਜ ਪੰਜਾਬ ਦੇ ਤਿੰਨ ਅਤੇ ਹਰਿਆਣਾ ਦੇ ਤਿੰਨ ਜ਼ਿਲ੍ਹਿਆਂ ਦੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਨੇ ਖਨੌਰੀ ਨਹਿਰੀ ਵਿਸ਼ਰਾਮ ਘਰ ਵਿਖੇ ਇੱਕ ਅਹਿਮ ਤੇ ਸਾਂਝੀ ਮੀਟਿੰਗ ਕੀਤੀ। ਇਸ ਮੌਕੇ ਲੋਕ ਸਭਾ ਚੋਣਾਂ ਦੌਰਾਨ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਆਦਰਸ਼ ਚੋਣ ਜਾਬਤਾ ਸਖ਼ਤੀ ਨਾਲ ਲਾਗੂ ਕਰਨ ਸਮੇਤ ਹੋਰ ਅਹਿਮ ਮਸਲਿਆਂ 'ਤੇ ਗੰਭੀਰ ਵਿਚਾਰ ਵਟਾਂਦਰਾ ਕੀਤਾ ਗਿਆ।
ਪਟਿਆਲਾ ਦੇ ਜ਼ਿਲ੍ਹਾ ਚੋਣ ਅਫ਼ਸਰ ਤੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਦੇ ਉਦਮ ਸਦਕਾ ਰੱਖੀ ਗਈ ਇਸ ਮੀਟਿੰਗ 'ਚ ਪਟਿਆਲਾ ਦੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਸਮੇਤ ਸੰਗਰੂਰ ਦੇ ਡਿਪਟੀ ਕਮਿਸ਼ਨਰ ਸ੍ਰੀ ਘਣਸ਼ਿਆਮ ਥੋਰੀ ਤੇ ਐਸ.ਐਸ.ਪੀ. ਡਾ. ਸੰਦੀਪ ਕੁਮਾਰ ਗਰਗ, ਮਾਨਸਾ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ, ਐਸ.ਐਸ.ਪੀ. ਸ. ਗੁਲਨੀਤ ਸਿੰਘ ਖੁਰਾਣਾ, ਜੀਂਦ ਦੇ ਡਿਪਟੀ ਕਮਿਸ਼ਨਰ ਡਾ. ਅਦਿਤਿਆ ਦਹੀਆ ਅਤੇ ਫਤਿਹਾਬਾਦ ਦੇ ਡਿਪਟੀ ਕਮਿਸ਼ਨਰ ਸ੍ਰੀ ਧਿਰੇਂਦਰਾ ਖੜਗਟਾ ਅਤੇ ਐਸ.ਐਸ.ਪੀ. ਸ੍ਰੀ ਵਿਜੇ ਪ੍ਰਤਾਪ ਸਿੰਘ ਸਮੇਤ ਕੈਥਲ ਜ਼ਿਲ੍ਹੇ ਦੇ ਗੂਹਲਾ ਦੇ ਐਸ.ਡੀ.ਐਮ. ਡਾ. ਸੰਜੇ ਕੁਮਾਰ ਅਤੇ ਹੋਰ ਅਧਿਕਾਰੀਆਂ ਨੇ ਹਿੱਸਾ ਲਿਆ।
ਇਸ ਮੀਟਿੰਗ ਦੌਰਾਨ ਦੋਵਾਂ ਸੂਬਿਆਂ ਦੇ ਗਵਾਂਢੀ ਜ਼ਿਲ੍ਹਿਆਂ ਪਟਿਆਲਾ, ਸੰਗਰੂਰ, ਮਾਨਸਾ, ਜੀਂਦ ਤੇ ਫਤਿਹਾਬਾਦ ਦੇ ਅਧਿਕਾਰੀਆਂ ਨੇ ਲੋਕ ਸਭਾ ਚੋਣਾਂ 2019 ਦੌਰਾਨ ਜਿਥੇ ਚੋਣ ਅਮਲ 'ਤੇ ਪ੍ਰਭਾਵ ਪਾ ਸਕਣ ਵਾਲੇ ਮਾੜੇ ਅਨਸਰਾਂ 'ਤੇ ਨਜ਼ਰ ਰੱਖਣ ਤੇ ਬਿਹਤਰ ਤਾਲਮੇਲ ਕਰਕੇ ਇਨ੍ਹਾਂ ਚੋਣਾਂ ਨੂੰ ਕਰਵਾਉਣ ਦਾ ਅਹਿਦ ਕੀਤਾ, ਉਥੇ ਹੀ ਨਸ਼ਿਆਂ ਦੀ ਤਸਕਰੀ ਤੇ ਸ਼ਰਾਬ ਅਤੇ ਗ਼ੈਰਕਾਨੂੰਨੀ ਨਗ਼ਦੀ ਦੇ ਪ੍ਰਵਾਹ ਨੂੰ ਰੋਕਣ ਲਈ ਵੀ ਸਾਂਝੀ ਰਣਨੀਤੀ ਬਣਾਈ। ਦੋਵਾਂ ਸੂਬਿਆਂ ਦੇ ਇਨ੍ਹਾਂ ਸੀਨੀਅਰ ਅਧਿਕਾਰੀਆਂ ਵੱਲੋਂ ਲੋੜੀਂਦੀ ਸੂਚਨਾ ਦਾ ਆਦਾਨ ਪ੍ਰਦਾਨ ਕੀਤਾ ਗਿਆ ਅਤੇ ਨਾਲ ਹੀ ਦੋਵਾਂ ਰਾਜਾਂ ਨੂੰ ਜੋੜਦੇ ਮਾਰਗਾਂ 'ਤੇ ਸਾਂਝੀ ਨਾਕੇਬੰਦੀ, ਪੈਟਰੋਲਿੰਗ ਅਤੇ ਅਚਨਚੇਤ ਨਾਕੇਬੰਦੀ ਕਰਨ ਸਬੰਧੀ ਵੀ ਰਣਨੀਤੀ ਬਣਾਈ ਗਈ।
ਦੋਵਾਂ ਰਾਜਾਂ ਦੇ ਅਧਿਕਾਰੀਆਂ ਨੇ ਆਪਸੀ ਤਾਲਮੇਲ ਨਾਲ ਇਨ੍ਹਾਂ ਚੋਣਾਂ ਨੂੰ ਸਫ਼ਲਤਾ ਪੂਵਰਕ ਅਮਨ ਅਮਾਨ ਨਾਲ ਨੇਪਰੇ ਚਾੜ੍ਹਨ ਲਈ ਵਿਚਾਰ ਵਟਾਂਦਰਾ ਕਰਦਿਆਂ ਚੋਣਾਂ ਵਾਲੇ ਦਿਨ ਲਈ ਵੀ ਰਣਨੀਤੀ ਬਣਾਈ ਗਈ ਤਾਂ ਕਿ ਹਰਿਆਣਾ 'ਚ 12 ਮਈ ਨੂੰ ਚੋਣਾਂ ਤੋਂ ਪੰਜਾਬ ਵਾਲੇ ਪਾਸੇ ਤੋਂ ਗ਼ੈਰ ਸਮਾਜੀ ਅਨਸਰਾਂ 'ਤੇ 48 ਘੰਟੇ ਪਹਿਲਾਂ ਸਖ਼ਤ ਨਜ਼ਰ ਰੱਖੀ ਜਾਵੇਗੀ ਜਦੋਂਕਿ ਪੰਜਾਬ 'ਚ 19 ਮਈ ਨੂੰ ਵੋਟਾਂ ਪੈਣ ਤੋਂ 48 ਘੰਟੇ ਪਹਿਲਾਂ ਹਰਿਆਣਾ ਦੀ ਤਰਫ਼ ਤੋਂ ਸਖ਼ਤੀ ਨਾਲ ਨਾਕਾਬੰਦੀ ਕਰਕੇ ਗ਼ੈਰ ਸਮਾਜੀ ਅਤੇ ਚੋਣਾਂ 'ਤੇ ਅਸਰ ਪਾਉਣ ਵਾਲੇ ਤੱਤਾਂ ਨੂੰ ਰੋਕਿਆ ਜਾਵੇਗਾ।
ਇਸ ਮੌਕੇ ਅਧਿਕਾਰੀਆਂ ਨੇ ਆਪਸੀ ਤਜਰਬੇ ਸਾਂਝੇ ਕਰਦਿਆਂ ਇਨ੍ਹਾਂ ਚੋਣਾਂ ਨੂੰ ਅਮਨ ਅਮਾਨ ਨਾਲ ਨੇਪਰੇ ਚਾੜਨ ਲਈ ਇਨ੍ਹਾਂ ਜ਼ਿਲ੍ਹਿਆਂ ਦੇ ਗੁਆਂਢੀ ਸਬ ਡਵੀਜਨਾਂ ਦੇ ਐਸ.ਡੀ.ਐਮਜ ਤੇ ਡੀ.ਐਸ.ਪੀਜ ਦਾ ਸਾਂਝਾ ਵਟਸਐਪ ਗਰੁਪ ਬਨਾਉਣ ਸਮੇਤ ਆਪਸੀ ਤਾਲਮੇਲ ਕਰਨ 'ਤੇ ਵੀ ਵਿਚਾਰ ਕੀਤਾ ਗਿਆ। ਇਸ ਤੋਂ ਬਿਨ੍ਹਾਂ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਤੋਂ ਬਾਅਦ ਬਚੀ ਸ਼ਰਾਬ ਨੂੰ ਚੋਣਾਂ 'ਚ ਨਾ ਵਰਤਿਆ ਜਾਵੇ ਅਤੇ ਨਸ਼ਿਆਂ, ਖਾਸ ਕਰਕੇ ਮੈਡੀਕਲ ਨਸ਼ਿਆਂ ਦੀ ਤਸਕਰੀ ਰੋਕਣ ਆਦਿ ਸਮੇਤ ਅਸਲਾ ਜਮ੍ਹਾਂ ਕਰਵਾਉਣ ਦੇ ਮੁੱਦੇ 'ਤੇ ਵੀ ਗੰਭੀਰ ਵਿਚਾਰ ਕੀਤਾ ਗਿਆ।
ਮੀਟਿੰਗ ਮੌਕੇ ਐਸ.ਡੀ.ਐਮ. ਪਾਤੜਾਂ ਡਾ. ਪਾਲਿਕਾ ਅਰੋੜਾ, ਐਸ.ਡੀ.ਐਮ. ਮੂਨਕ, ਲਹਿਰਾ ਸ. ਸੂਬਾ ਸਿੰਘ, ਐਸ.ਡੀ.ਐਮ. ਗੁਹਲਾ ਡਾ. ਸੰਜੇ ਕੁਮਾਰ, ਐਸ.ਡੀ.ਐਮ. ਭਵਾਨੀਗੜ੍ਹ ਸ੍ਰੀ ਅੰਕੁਰ ਮਹਿੰਦਰੂ, ਡੀ.ਐਸ.ਪੀ. ਪਾਤੜਾਂ ਸ. ਸੁਖਅੰਮ੍ਰਿਤ ਸਿੰਘ ਰੰਧਾਵਾ, ਡੀ.ਐਸ.ਪੀ. ਲਹਿਰਾ ਬੂਟਾ ਸਿੰਘ ਗਿੱਲ, ਡੀ.ਐਸ.ਪੀ ਜੀਂਦ ਕਪਤਾਨ ਸਿੰਘ, ਡੀ.ਐਸ.ਪੀ. ਮੂਨਕ ਸ. ਕੁਲਦੀਪ ਸਿੰਘ ਵਿਰਕ, ਈ.ਟੀ.ਓ. ਸੰਗਰੂਰ ਸ. ਰੁਪਿੰਦਰਜੀਤ ਸਿੰਘ ਤੇ ਹੋਰ ਅਧਿਕਾਰੀ ਹਾਜਰ ਸਨ।
ਫੋਟੋ ਕੈਪਸ਼ਨ-ਖਨੌਰੀ ਨਹਿਰੀ ਵਿਸ਼ਰਾਮ ਘਰ ਵਿਖੇ ਪੰਜਾਬ ਤੇ ਹਰਿਆਣਾ ਦੀਆਂ ਹੱਦਾਂ ਨਾਲ ਲਗਦੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਐਸ.ਐਸ.ਪੀਜ ਦੀ ਮੀਟਿੰਗ 'ਚ ਸ਼ਾਮਲ ਹੁੰਦੇ ਹੋਏ ਅਧਿਕਾਰੀ।