ਯਾਦਵਿੰਦਰ ਸਿੰਘ ਤੂਰ
ਫਤਹਿਗੜ੍ਹ ਸਾਹਿਬ, 25 ਮਾਰਚ 2019 - ਰਿਟਾਇਰਡ ਆਈ.ਏ.ਐਸ. ਅਫ਼ਸਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਿੰਸੀਪਲ ਸਕੱਤਰ ਰਹਿ ਚੁੱਕੇ ਦਰਬਾਰਾ ਸਿੰਘ ਗੁਰੂ ਨੂੰ ਸ਼੍ਰੋਮਣੀ ਅਕਾਲੀਦਲ ਫਤਹਿਗੜ੍ਹ ਸਾਹਿਬ ਤੋਂ ਚੋਣ ਲੜਾਉਣ ਦੀਆਂ ਤਿਆਰੀਆਂ 'ਚ ਹੈ। ਇਸ ਬਾਬਤ ਪਾਰਟੀ ਵੱਲੋਂ ਫੈਸਲਾ ਲਿਆ ਜਾ ਚੁੱਕਾ ਹੈ ਪਰ ਅਜੇ ਰਸਮੀ ਐਲਾਨ ਹੋਣਾ ਬਾਕੀ ਹੈ। ਫਤਹਿਗੜ੍ਹ ਸਾਹਿਬ ਲੋਕ ਸਭਾ ਸੀਟ ਇਸ ਵਾਰ ਰਿਜ਼ਰਵ ਹੈ।
ਦਰਬਾਰਾ ਸਿੰਘ ਗੁਰੂ
ਦਰਬਾਰਾ ਸਿੰਘ ਗੁਰੂ ਦੇ ਸਿਆਸੀ ਪਿਛੋਕੜ ਵੱਲ੍ਹ ਝਾਤ ਮਾਰੀਏ ਤਾਂ ਉਨ੍ਹਾਂ ਨੇ ਨਵੰਬਰ 2011 'ਚ ਆਪਣੀ ਨੌਕਰੀ ਤੋਂ ਅਸਤੀਫਾ ਦਿੱਤਾ ਸੀ ਤੇ ਅਕਾਲੀ ਦਲ 'ਚ ਸ਼ਾਮਲ ਹੋ ਗਏ ਸਨ। ਸਾਲ 2012 'ਚ ਉਨ੍ਹਾਂ ਨੇ ਭਦੌੜ ਹਲਕੇ (ਰਿਜ਼ਰਵ ਉਮੀਦਵਾਰ) ਤੋਂ ਅਸੰਬਲੀ ਚੋਣ ਲੜੀ ਸੀ ਅਤੇ ਜਿਸ 'ਚ ਉਹ ਕਾਂਗਰਸੀ ਉਮੀਦਵਾਰ ਮੁਹੰਮਦ ਸਦੀਕ ਤੋਂ ਹਾਰ ਗਏ ਸਨ। ਫਿਰ ਸਾਲ 2017 'ਚ ਉਹ ਦੁਬਾਰਾ ਅਕਾਲੀਦਲ ਵੱਲੋਂ ਬਸੀ ਪਠਾਣਾਂ ਤੋਂ ਅਸੰਬਲੀ ਚੋਣਾਂ ਲੜੇ, ਪਰ ਉਨ੍ਹਾਂ ਨੂੰ ਫਿਰ ਤੋਂ ਹਾਰ ਦਾ ਮੂੰਹ ਦੇਖਣਾ ਪਿਆ।
ਦਰਬਾਰਾ ਸਿੰਘ ਗੁਰੂ ਨੇ ਪੰਜਾਬੀ ਯੁਨੀਵਰਸਿਟੀ ਪਟਿਆਲਾ 'ਚੋਂ ਐਮ.ਐਸ.ਸੀ ਫਿਜ਼ਿਕਸ ਕੀਤੀ। ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਟਰੱਸਟ ਦੇ ਸੈਕਟਰੀ ਬਣਨ ਤੋਂ ਪਹਿਲਾਂ ਡੀ.ਐਸ ਗੁਰੂ ਦਾੜ੍ਹੀ ਟ੍ਰਿਮ ਕਰਾਉਂਦੇ ਸਨ ਤੇ ਉਸ ਤੋਂ ਬਾਅਦ ਹੀ ਉਹ ਗੁਰਮੁਖ ਬਣੇ। ਉਹ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਟਰਸਟ ਦੇ ਮੌਜੂਦਾ ਸੈਕਟਰੀ ਹਨ। ਉਨ੍ਹਾਂ ਦੀ ਪਤਨੀ ਰਿਟਾਇਰ ਡਾਕਟਰ ਹੈ। ਦਰਬਾਰਾ ਸਿੰਘ ਗੁਰੂ ਵੱਡੇ ਬਾਦਲ ਤੇ ਸੁਖਬੀਰ ਸਿੰਘ ਬਾਦਲ, ਦੋਹਾਂ ਦੇ ਬਹੁਤ ਨੇੜੇ ਹਨ ਜਿਸ ਕਾਰਨ ਉਨ੍ਹਾਂ ਨੂੰ ਹੀ ਫਤਹਿਗੜ੍ਹ ਸਾਹਿਬ ਤੋਂ ਉਮੀਦਵਾਰ ਉਤਾਰਨ ਦਾ ਫੈਸਲਾ ਕੀਤਾ ਗਿਆ ਹੈ।
ਦਰਬਾਰਾ ਸਿੰਘ ਗੁਰੂ ਤੋਂ ਇਲਾਵਾ, ਸਾਬਕਾ ਬਸੀ ਪਠਾਣਾ ਵਿਧਾਇਕ ਜਸਟਿਸ (ਸੇਵਾਮੁਕਤ) ਨਿਰਮਲ ਸਿੰਘ ਦੇ ਨਾਮ 'ਤੇ ਵੀ ਪਾਰਟੀ ਦੁਆਰਾ ਚਰਚਾ ਹੋਣ ਦੀ ਖਬਰ ਸੀ। ਪੰਜਾਬ ਦੀਆਂ ਰਵਾਇਤੀ ਸਿਆਸੀ ਪਾਰਟੀਆਂ - ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਨੇ ਫਤਿਹਗੜ੍ਹ ਸਾਹਿਬ ਹਲਕੇ ਲਈ ਆਪਣੇ ਉਮੀਦਵਾਰ ਦਾ ਨਾਮ ਅਜੇ ਤੱਕ ਨਹੀਂ ਐਲਾਨਿਆ, ਜਦਕਿ ਆਮ ਆਦਮੀ ਪਾਰਟੀ ਤੇ ਪੀ.ਡੀ.ਏ ਨੇ ਆਪਣੇ ਉਮੀਦਵਾਰਾਂ ਦੇ ਨਾਮ ਦੀ ਘੋਸ਼ਣਾ ਕਰ ਦਿੱਤੀ ਹੈ। ਇਧਰ ਅਕਾਲੀ ਦਲ ਵੱਲੋਂ ਰਿਟਾਇਰ ਆਈ.ਏ.ਐਸ ਦੇ ਨਾਮ 'ਤੇ ਫਤਹਿਗੜ੍ਹ ਸੀਟ ਤੋਂ ਮੁਹਰ ਲਾਉਣ ਦੀ ਚਰਚਾ ਹੈ ਤੇ ਉਧਰ ਕਾਂਗਰਸ ਵੱਲੋਂ ਰਿਟਾਇਰਡ ਆਈ.ਏ.ਐਸ ਅਫਸਰ ਡਾ. ਅਮਰ ਸਿੰਘ ਦੌੜ 'ਚ ਸ਼ਾਮਲ ਹਨ।
'ਆਪ' ਨੇ ਆਪਣੇ ਸੂਬਾਈ ਐਸ.ਸੀ ਵਿੰਗ ਦੇ ਵਾਈਸ ਪ੍ਰੈਜ਼ੀਡੈਂਟ ਬਲਜਿੰਦਰ ਸਿੰਘ ਚੌਂਦਾ ਨੂੰ ਫਤਹਿਗੜ੍ਹ ਸਾਹਿਬ ਤੋਂ ਉਮੀਦਵਾਰ ਘੋਸ਼ਿਤ ਕੀਤਾ ਹੈ, ਜੋ 2014 ਤੋਂ ਪਾਰਟੀ ਵਿਚ ਇਕ ਸਮਰਪਤ ਵਰਕਰ ਦੇ ਤੌਰ ਤੇ ਕੰਮ ਕਰ ਰਹੇ ਹਨ। ਚੌਂਦਾ ਆਜ਼ਾਦੀ ਘੁਲਾਟੀਆ ਦੇ ਪਰਿਵਾਰ ਵਿਚੋਂ ਹਨ। ਉਨ੍ਹਾਂ ਦੇ ਦਾਦਾ ਜੀ ਨੇ 'ਧਰਮ ਸੁਧਾਰ ਅੰਦੋਲਨ' ਵਿਚ ਹਿੱਸਾ ਲਿਆ ਸੀ ਅਤੇ ਜੈਤੋ ਮੋਰਚੇ ਦੇ ਦੌਰਾਨ ਜੇਲ੍ਹ ਵੀ ਕੱਟੀ ਹੈ।
ਪੀ.ਡੀ.ਏ. ਦੀ ਨੁਮਾਇੰਦਗੀ ਪੰਜਾਬ ਏਕਤਾ ਪਾਰਟੀ (ਪੀ.ਏ.ਪੀ.) ਦੇ ਨੇਤਾ ਮਨਵਿੰਦਰ ਸਿੰਘ ਗਿਆਸਪੁਰਾ ਕਰਨਗੇ, ਜੋ ਇਕ ਇੰਜੀਨੀਅਰ ਸਨ ਅਤੇ ਹਰਿਆਣਾ ਵਿਚ ਹੋਂਦ ਚਿਲੜ ਵਿਚ ਸਿੱਖ ਨਸਲਕੁਸ਼ੀ ਦੇ ਮੁੱਦੇ ਨੂੰ ਉਠਾਉਣ ਕਾਰਨ ਕਾਫੀ ਚਰਚਾ 'ਚ ਵੀ ਰਹੇ ਹਨ।
ਸਬੰਧਤ ਖ਼ਬਰ ਪੜ੍ਹਨ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-