ਨਵਾਂ ਸ਼ਹਿਰ, 25 ਮਾਰਚ,2019 : ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਹਰੇਕ ਵਿਧਾਨ ਸਭਾ ਹਲਕੇ ’ਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਤਿੰਨ-ਤਿੰਨ ਮਾਡਲ ਚੋਣ ਬੂਥ ਤੇ ਮਹਿਲਾਵਾਂ ਲਈ ਇੱਕ-ਇੱਕ ਵਿਸ਼ੇਸ਼ ਪੋਲਿੰਗ ਸਟੇਸ਼ਨ ਬਣਾਇਆ ਜਾਵੇਗਾ।
ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਕਮ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਅਨੁਪਮ ਕਲੇਰ ਨੇ ਅੱਜ ਸਬ ਡਵੀਜ਼ਨਲ ਮੈਜਿਸਟ੍ਰੇਟਾਂ ਕਮ ਸਹਾਇਕ ਰਿਟਰਨਿੰਗ ਅਫ਼ਸਰਾਂ ਨਾਲ ਸਵੀਪ ਗਤੀਵਿਧੀਆਂ ਦੇ ਜਾਇਜ਼ੇ ਲਈ ਕੀਤੀ ਮੀਟਿੰਗ ਦੌਰਾਨ ਕੀਤਾ। ਇਸ ਮੀਟਿੰਗ ’ਚ ਚੋਣਾਂ ਦੇ ਕੰਮ ਨਾਲ ਸਬੰਧਤ ਸੈਕਟਰ ਸੁਪਰਵਾਈਜ਼ਰਾਂ ਅਤੇ ਕਾਲਜਾਂ ਤੇ ਹੋਰ ਵਿਦਿਅਕ ਅਦਾਰਿਆਂ ਦੇ ਪ੍ਰਤੀਨਿਧ ਵੀ ਮੌਜੂਦ ਸਨ।
ਵਧੀਕ ਡਿਪਟੀ ਕਮਿਸ਼ਨਰ ਨੇ ਸਮੂਹ ਰਿਟਰਨਿੰਗ ਅਫ਼ਸਰਾਂ ਨੂੰ ਇਨ੍ਹਾਂ ਵਿਸ਼ੇਸ਼ ਚੋਣ ਬੂਥਾਂ ’ਤੇ ਬਾਕਾਇਦਾ ਬੈਠਣ ਦੇ ਪ੍ਰਬੰਧ, ਸੈਲਫ਼ੀ ਪੁਆਇੰਟ, ਹੈਲਪ ਡੈਸਕ, ਪੀਣ ਵਾਲੇ ਪਾਣੀ ਦੀ ਸਹੂਲਤ, ਛੋਟੇ ਬਾਲਾਂ ਲਈ ਖਿਡੌਣੇ ਤੇ ਮੈਡੀਕਲ ਕਿੱਟ ਆਦਿ ਦਾ ਪ੍ਰਬੰਧ ਵੀ ਯਕੀਨੀ ਬਣਾਉਣ ਲਈ ਆਖਿਆ।
ਉਨ੍ਹਾਂ ਨੇ ਕਾਲਜਾਂ ਤੇ ਵਿਦਿਅਕ ਸੰਸਥਾਨਾਂ ਦੇ ਪ੍ਰਤੀਨਿਧਾਂ ਨਾਲ ਮੀਟਿੰਗ ਦੌਰਾਨ ਜ਼ਿਲ੍ਹੇ ’ਚ ਸਵੀਪ ਗਤੀਵਿਧੀਆਂ ਨੂੰ ਹੁਲਾਰਾ ਦੇਣ ਲਈ ਵੀ ਆਖਿਆ। ਉਨ੍ਹਾਂ ਕਿਹਾ ਕਿ ਵਿਦਿਅਕ ਅਦਾਰਿਆਂ ’ਚ ਸਭ ਤੋਂ ਪਹਿਲਾਂ ਸੈਲਫ਼ੀ ਸਟੈਂਡ ਦੇ ਮੁਕਾਬਲੇ ਕਰਵਾਏ ਜਾਣ, ਜਿਨ੍ਹਾਂ ’ਚੋਂ ਸਭ ਤੋਂ ਵਧੀਆ ਪਾਏ ਜਾਣ ਵਾਲੇ ਸੈਲਫ਼ੀ ਸਟੈਂਡਾਂ ਨੂੰ ਜ਼ਿਲ੍ਹਾ ਪੱਧਰ ’ਤੇ ਸਨਮਾਨਿਆ ਜਾਵੇਗਾ। ਇਸ ਤੋਂ ਇਲਾਵਾ ਸਵੀਪ ਸਬੰਧੀ ਵਾਲ ਪੇਂਟਿੰਗ, ਨਾਅਰੇ ਲਿਖਣ ਮੁਕਾਬਲੇ, ਰੰਗੋਲੀ ਮੁਕਾਬਲੇ, ਵੋਟਰ ਜਾਗਰੂਕਤਾ ਹਸਤਾਖਰ ਮੁਹਿੰਮ, ਕੁਇਜ਼ ਮੁਕਾਬਲੇ ਆਦਿ ਕਰਵਾਏ ਜਾਣ।
ਵਧੀਕ ਡਿਪਟੀ ਕਮਿਸ਼ਨਰ ਨੇ ਇਸ ਮੌਕੇ ਦੱਸਿਆ ਕਿ ਜ਼ਿਲ੍ਹੇ ’ਚ ਮਤਦਾਤਾ ਚੇਤਨਾ ਲਈ ਵਿਦਿਆਰਥੀਆਂ ਦੀ ਸ਼ਮੂਲੀਅਤ ਵਾਲੀ ਬੈਟਨ ਰੈਲੀ ਬਲਾਚੌਰ ਵਿਧਾਨ ਸਭਾ ਹਲਕੇ ’ਚੋਂ ਰਿਆਤ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਰੈਲਮਾਜਰਾ ਤੋਂ ਆਰੰਭੀ ਜਾਵੇਗੀ ਜੋ ਕਿ ਨਵਾਂਸ਼ਹਿਰ ਹੁੰਦੀ ਹੋਈ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਜਾ ਕੇ ਸਮਾਪਤ ਹੋਵੇਗੀ। ਉਨ੍ਹਾਂ ਜ਼ਿਲ੍ਹਾ ਖੇਡ ਅਫ਼ਸਰ ਕੁਲਵਿੰਦਰ ਸਿੰਘ ਨੂੰ ਬੈਟਨ ਨਾਲ ਸਬੰਧਤ ਸਾਰੇ ਪ੍ਰਬੰਧ ਕਰਨ ਲਈ ਆਖਿਆ।
ਸ੍ਰੀਮਤੀ ਕਲੇਰ ਨੇ ਸਮੂਹ ਰਿਟਰਨਿੰਗ ਅਫ਼ਸਰਾਂ ਨੂੰ ਸਬ ਡਵੀਜ਼ਨ ਪੱਧਰ ’ਤੇ ਇੱਕ-ਇੱਕ ਵੱਡਾ ਸਵੀਪ ਪ੍ਰੋਗਰਾਮ ਉਲੀਕਣ ਲਈ ਵੀ ਆਖਿਆ ਜਿਸ ’ਚ ਡਿਪਟੀ ਕਮਿਸ਼ਨਰ/ਵਧੀਕ ਡਿਪਟੀ ਕਮਿਸ਼ਨਰ ਦੀ ਸ਼ਮੂਲੀਅਤ ਕਰਵਾਈ ਜਾ ਸਕੇ।
ਮੀਟਿੰਗ ’ਚ ਮੌਜੂਦ ਚੋਣ ਤਹਿਸੀਲਦਾਰ ਹਰੀਸ਼ ਕੁਮਾਰ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਸਾਲ ਭਰ ਦੀਆਂ ਗਤੀਵਿਧੀਆਂ ਲਈ ਸਕੂਲਾਂ ’ਚ 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਲਈ ਪਾਠ-ਪੁਸਤਕਾਂ ਵੀ ਦਿੱਤੀਆਂ ਜਾ ਰਹੀਆਂ ਹਨ, ਜਿਨ੍ਹਾਂ ’ਚ ਹਰ ਮਹੀਨੇ ਇੱਕ ਗਤੀਵਿਧੀ ਕਰਵਾਈ ਜਾਣੀ ਹੈ। ਇਸੇ ਤਰ੍ਹਾਂ ਚੋਣ ਪਾਠਸ਼ਾਲਾ ਲਈ ਵੱਖਰੀ ਕਿਤਾਬ ਹਰੇਕ ਬੀ ਐਲ ਓ ਨੂੰ ਸੌਂਪੀ ਜਾ ਰਹੀ ਹੈ।
ਇਸ ਮੌਕੇ ਐਸ ਡੀ ਐਮ ਨਵਾਂਸ਼ਹਿਰ ਡਾ. ਵਿਨੀਤ ਕੁਮਾਰ, ਐਸ ਡੀ ਐਮ ਬਲਾਚੌਰ ਜਸਬੀਰ ਸਿੰਘ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮਨਜੀਤ ਕੌਰ, ਜ਼ਿਲ੍ਹਾ ਭਲਾਈ ਅਫ਼ਸਰ ਰਾਜਿੰਦਰ ਕੁਮਾਰ, ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਰਜਨੀਸ਼ ਕੌਰ, ਸਹਾਇਕ ਸਿਵਲ ਸਰਜਨ ਡਾ. ਬਲਵਿੰਦਰ ਸਿੰਘ, ਜ਼ਿਲ੍ਹਾ ਗਾਈਡੈਂਸ ਕੌਂਸਲਰ ਵਿਪਨ ਕੁਮਾਰ, ਚੋਣ ਕਾਨੂੰਗੋ ਦੀਪਕ ਕੁਮਾਰ ਤੇ ਹੋਰ ਅਧਿਕਾਰੀ ਮੌਜੂਦ ਸਨ।
ਫ਼ੋਟੋ ਕੈਪਸ਼ਨ: ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਨੁਪਮ ਕਲੇਰ ਜ਼ਿਲ੍ਹੇ ’ਚ ਸਵੀਪ ਗਤੀਵਿਧੀਆਂ ਨੂੰ ਤੇਜ਼ ਕਰਨ ਲਈ ਐਸ ਡੀ ਐਮਜ਼ ਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ।