ਜੀਵਨ ਕ੍ਰਾਂਤੀ
ਮਾਨਸਾ, 25 ਮਾਰਚ 2019 - ਲੋਕ ਸਭਾ ਚੋਣਾਂ ਵਿੱਚ ਬਠਿੰਡਾ ਤੋਂ ਚੋਣ ਮੁਕਾਬਲੇ ਵਿੱਚ ਨਿੱਤਰੇ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਆਪਣੀ ਚੋਣ ਮੁਹਿੰਮ ਦਾ ਆਗਾਜ਼ ਕਰਦਿਆਂ ਮਾਨਸਾ ਦੇ ਪਿੰਡ ਢੈਪਈ ਤੋਂ ਬਠਿੰਡਾ ਦੇ ਤਲਵੰਡੀ ਸਾਬੋ ਤੱਕ ਰੋਡ ਸ਼ੋਅ ਕੀਤਾ। ਜਿਸ ਵਿੱਚ ਵੱਡੀ ਗਿਣਤੀ ਵਿੱਚ ਪਾਰਟੀ ਵਰਕਰਾਂ ਤੇ ਉਹਨਾਂ ਨੂੰ ਚਾਹੁਣ ਵਾਲਿਆਂ ਨੇ ਹਿੱਸਾ ਲਿਆ। ਇਸ ਮੌਕੇ ਰੋਡ ਸ਼ੋਅ ਵਿੱਚ ਸ਼ਾਮਲ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਸੁਖਪਾਲ ਸਿੰਘ ਖਹਿਰਾ ਨੇ ਅਕਾਲੀ ਦਲ ਅਤੇ ਕਾਂਗਰਸ ਤੇ ਤਿੱਖੇ ਸ਼ਬਦੀ ਹਮਲੇ ਬੋਲੇ।
ਲੋਕ ਸਭਾ ਚੋਣਾਂ ਵਿੱਚ ਬਠਿੰਡਾ ਸੀਟ ਤੋਂ ਚੋਣ ਮੁਕਾਬਲੇ ਵਿੱਚ ਹਿੱਸਾ ਲੈ ਰਹੇ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਮਾਨਸਾ ਦੇ ਪਿੰਡ ਢੈਪਈ ਤੋਂ ਬਠਿੰਡਾ ਦੇ ਤਲਵੰਡੀ ਸਾਬੋ ਤੱਕ ਰੋਡ ਸ਼ੋਅ ਕਰਕੇ ਕੀਤੀ। ਇਸ ਰੋਡ ਸ਼ੋਅ ਵਿੱਚ ਵੱਡੀ ਗਿਣਤੀ ਵਿੱਚ ਪਾਰਟੀ ਵਰਕਰਾਂ ਅਤੇ ਲੋਕਾਂ ਨੇ ਹਿੱਸਾ ਲਿਆ। ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਸੁਖਪਾਲ ਖਹਿਰਾ ਨੇ ਅੱਜ ਦੇ ਰੋਡ ਸ਼ੋਅ ਬਾਰੇ ਕਿਹਾ ਕਿ ਅਸੀਂ ਰੋਡ ਸ਼ੋਅ ਕਰਕੇ ਤਲਵੰਡੀ ਸਾਬੋ ਜਾ ਕੇ ਮੱਥਾ ਟੇਕਾਂਗੇ।ਉਹਨਾਂ ਕਿਹਾ ਕਿ ਪੰਜਾਬ ਵਿੱਚ ਜੋ ਭ੍ਰਿਸ਼ਟਾਚਾਰ, ਨਸ਼ੇ ਅਤੇ ਬੇਰੋਜਗਾਰੀ ਦੇ ਨਾਲ ਦੋ ਵੱਡੇ ਪਰਿਵਾਰਾਂ ਨੇ ਕਿਸਾਨਾਂ ਅਤੇ ਖੇਤ ਮਜਦੂਰਾਂ ਨੂੰ ਖੁਦਕੁਸ਼ੀਆਂ ਲਈ ਮਜਬੂਰ ਕਰ ਦਿੱਤਾ। ਇਸ ਲਈ ਸੱਥਾਂ ਵਿੱਚ ਜਾਕੇ ਇਹਨਾਂ ਨੂੰ ਬੇਨਕਾਬ ਕਰਾਂਗੇ ਤੇ ਇਹਨਾਂ ਦੀ ਚੁੰਗਲ ਚੋਂ ਪੰਜਾਬ ਨੂੰ ਬਚਾਵਾਂਗੇ।
ਬੇਅਦਬੀਆਂ ਤੇ ਬਨਾਈ ਗਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਸਿੱਟ) ਤੇ ਸਵਾਲ ਚੁੱਕਦਿਆਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਸਿੱਟ) ਮੇਨ ਗੁਨਾਹਗਾਰਾਂ ਤੱਕ ਨਹੀਂ ਪਹੁੰਚ ਰਹੀ। ਉਹਨਾਂ ਕਿਹਾ ਕਿ ਬੇਅਦਬੀ ਦੇ ਪਿੱਛੇ ਜੋ ਲੋਕ ਸੀ ਸੁਖਬੀਰ ਬਾਦਲ ਤੇ ਪ੍ਰਕਾਸ਼ ਬਾਦਲ ਨੇ ਉਹਨਾਂ ਦੀ ਹਿਫਾਜਤ ਕੀਤੀ। ਦੋਸ਼ੀ ਪੁਲਿਸ ਵਾਲਿਆਂ ਨੂੰ ਬਚਾਇਆ। ਉਹਨਾਂ ਦੇ ਖਿਲਾਫ ਜਦੋਂ ਤੱਕ ਐਕਸ਼ਨ ਨਹੀਂ ਹੁੰਦਾ ਸੁਮੇਧ ਸੈਣੀ ਦੇ ਖਿਲਾਫ ਜਿਸਨੇ ਡੀ ਜੀ ਪੀ ਵਜੋਂ ਪੁਲਿਸ ਨੂੰ ਗੋਲੀ ਚਲਾਉਣ ਦੇ ਹੁਕਮ ਦਿੱਤੇ। ਜਦ ਤੱਕ ਇਹ ਤਿੰਨੇ ਤਾਕਤਵਰ ਬੰਦੇ ਨਹੀਂ ਫੜੇ ਜਾਂਦੇ ਐਸ ੳਾਈ ਟੀ ਦੇ ਕੋਈ ਮਾਇਨੇ ਨਹੀਂ। ਉਹਨਾਂ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਬੇਅਦਬੀਆਂ ਖਿਲਾਫ ਨਵਾਂ ਐਕਸ਼ਨ ਉਲੀਕਾਂਗੇ।
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਅਕਾਲੀਦਲ ਅਤੇ ਕਾਂਗਰਸ ਤੋਂ ਬਾਅਦ ਸਾਰੀਆਂ ਪਾਰਟੀਆਂ ਨੂੰ ਕਾਂਗਰਸ ਦੀ ਬੀ ਟੀਮ ਕਹਿਣ ਦੇ ਬਿਆਨ ਦੀ ਨਿੰਦਾ ਕਰਦਿਆਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਦੋਵੇਂ ਪਾਰਟੀਆਂ ਚਾਹੁੰਦੀਆਂ ਹਨ ਕਿ ਕਦੇ ਅਕਾਲੀ ਪੰਜਾਬੀਆਂ ਨੂੰ ਲੁੱਟਣ ਤੇ ਕਦੇ ਕਾਂਗਰਸੀ ਚਾਹੁੰਦੇ ਹਨ ਕਿ ਉਹ ਪੰਜਾਬ ਨੂੰ ਲੁੱਟਣ। ਉਹਨਾਂ ਕਿਹਾ ਕਿ ਉਹ ਕਿਸੇ ਪਾਰਟੀ ਦੀ ਬੀ ਟੀਮ ਨਹੀਂ। ਉਹਨਾਂ ਕਿਹਾ ਕਿ ਦੋਵੇਂ ਪਾਰਟੀਆਂ ਉਹਨਾਂ ਦੀਆਂ ਦੁਸ਼ਮਣ ਹਨ।
ਭਗਵੰਤ ਮਾਨ ਵੱਲੋਂ ਖਹਿਰਾ ਦੇ ਬਠਿੰਡਾ ਤੋਂ ਚੋਣ ਲੜਨ ਬਾਰੇ ਦਿੱਤੇ ਬਿਆਨ ਕਿ ਖਹਿਰਾ ਤਾਂ ਹਰਸਿਮਰਤ ਬਾਦਲ ਨੂੰ ਜਿਤਾਉਣ ਲਈ ਬਠਿੰਡਾ ਤੋਂ ਚੋਣ ਲੜ ਰਿਹਾ ਹੈ ਤੇ ਸੁਖਪਾਲ ਖਹਿਰਾ ਨੇ ਕਿਹਾ ਕਿ ਭਗਵੰਤ ਮਾਨ ਜਲਾਲਾਬਾਦ ਤੋਂ ਚੋਣ ਲੜਨ ਕਿਉਂ ਗਿਆ ਸੀ। ਉਹਨਾਂ ਭਗਵੰਤ ਮਾਨ ਤੋਂ ਆਪਣਾ ਪੱਖ ਸਾਫ ਕਰਨ ਦੀ ਮੰਗ ਕਰਦਿਆ ਕਿਹਾ ਕਿ ਇਹ ਦੋਵੇਂ ਪਾਰਟੀਆਂ ਪੰਜਾਬ ਦੀਆਂ ਦੁਸ਼ਮਣ ਹਨ ਤੇ ਇਹਨਾਂ ਨੂੰ ਹਰਾਉਣਾ ਸਾਡੀ ਨੈਤਿਕ ਜੁੰਮੇਵਾਰੀ ਹੈ।