ਲੋਕੇਸ਼ ਰਿਸ਼ੀ
ਗੁਰਦਾਸਪੁਰ, 04 ਅਪ੍ਰੈਲ 2019- ਲੋਕਸਭਾ ਚੋਣਾਂ 2019 ਨੂੰ ਧਿਆਨ ਵਿੱਚ ਰੱਖਦਿਆਂ ਕਾਂਗਰਸ ਪਾਰਟੀ ਵੱਲੋਂ ਚੰਡੀਗੜ੍ਹ ਸਮੇਤ ਪੰਜਾਬ ਦੀਆਂ 7 ਸੀਟਾਂ ਤੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿਸ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਮੌਜੂਦਾ ਲੋਕਸਭਾ ਮੈਂਬਰ ਸੁਨੀਲ ਜਾਖੜ ਨੂੰ ਦੁਬਾਰਾ ਗੁਰਦਾਸਪੁਰ ਤੋਂ ਆਪਣਾ ਉਮੀਦਵਾਰ ਐਲਾਨਿਆ ਗਿਆ ਹੈ। ਹਾਲਾਂ ਕੀ ਇਸ ਸੀਟ ਸਬੰਧੀ ਜਾਖੜ ਦਾ ਨਾਮ ਸਾਫ਼ ਹੋਣ ਮਗਰੋਂ ਜਿੱਥੇ ਜਾਖੜ ਦੇ ਸਮਰਥਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਇਸੇ ਹੀ ਪਾਰਟੀ ਦੇ ਉਨ੍ਹਾਂ ਲੋਕਾਂ ਦੇ ਚਿਹਰੇ ਮੁਰਝਾ ਗਏ ਹਨ। ਜੋ ਜਾਖੜ ਦੇ ਬਾਹਰੀ ਹੋਣ ਕਾਰਨ ਉਨ੍ਹਾਂ ਨੂੰ ਟਿਕਟ ਦਿੱਤੇ ਜਾਣ ਦਾ ਵਿਰੋਧ ਕਰ ਰਹੇ ਸਨ।
ਇਸ ਲੋਕ-ਸਭਾ ਹਲਕੇ ਵਿਖੇ ਸ਼ੁਰੂ ਤੋਂ ਹੀ ਦਿਲਚਸਪ ਦਿਲਚਸਪ ਮੁਕਾਬਲੇ ਵੇਖਣ ਨੂੰ ਮਿਲਦੇ ਰਹੇ ਹਨ। ਇਸ ਸੀਟ 'ਤੇ ਸਾਲ 1996 ਤੱਕ ਕਾਂਗਰਸ ਦਾ ਕਬਜ਼ਾ ਬਰਕਰਾਰ ਰਿਹਾ। ਹਾਲਾਂ ਕਿ ਸਾਲ 1998 ਦੌਰਾਨ ਭਾਜਪਾ ਦੇ ਉਮੀਦਵਾਰ ਮਰਹੂਮ ਸੀਨੇ ਸਟਾਰ ਵਿਨੋਦ ਖੰਨਾ ਨੇ ਇਸ ਸੀਟ ਤੋਂ ਚੋਣ ਜਿੱਤ ਕੇ ਆਪਣਾ ਕਬਜ਼ਾ ਜਮਾ ਲਿਆ। ਖੰਨਾ ਦੇ ਦਿਹਾਂਤ ਤੋਂ ਬਾਦ ਇਸ ਸੀਟ 'ਤੇ ਸਾਲ 2017 ਦੌਰਾਨ ਉਪ-ਚੋਣਾਂ ਕਰਵਾਈਆਂ ਗਈਆਂ ਅਤੇ ਇਸ ਵਾਰ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਵੱਡੀ ਲੀਡ ਨਾਲ ਜਿੱਤ ਦਰਜ ਕਰ ਕੇ ਕਾਂਗਰਸ ਨੂੰ ਇੱਕ ਵਾਰ ਫੇਰ ਇਸ ਸੀਟ ਤੇ ਕਾਬਜ਼ ਬਣਾ ਦਿੱਤਾ।
ਇਸ ਤੋਂ ਪਹਿਲਾਂ ਵਿਧਾਨਸਭਾ ਖੇਤਰ ਅਬੋਹਰ ਤੋਂ ਲਗਾਤਾਰ 3 ਵਾਰ (ਸਾਲ 2002 ਤੋਂ 2017 ਤੱਕ) ਵਿਧਾਇਕ ਰਹਿ ਚੁੱਕੇ ਸੁਨੀਲ ਜਾਖੜ ਸਾਲ 2012 ਤੋਂ 2017 ਤੱਕ ਪੰਜਾਬ ਵਿਧਾਨਸਭਾ ਵਿਖੇ ਵਿਰੋਧੀ ਧਿਰ ਦੇ ਨੇਤਾ ਵਜੋਂ ਵੀ ਸੇਵਾ ਨਿਭਾ ਚੁੱਕੇ ਹਨ। ਹਾਲਾਂ ਕਿ ਬਾਦ ਵਿੱਚ ਸਾਲ 2017 ਦੌਰਾਨ ਵਿਧਾਨਸਭਾ ਸੀਟ ਅਬੋਹਰ ਤੋਂ ਭਾਜਪਾ ਉਮੀਦਵਾਰ ਅਰੁਣ ਨਾਰੰਗ ਨੇ ਜਾਖੜ ਨੂੰ 3279 ਵੋਟਾਂ ਨਾਲ ਹਰਾ ਦਿੱਤਾ। ਜਿਸ ਤੋਂ ਬਾਦ ਜਾਖੜ ਨੇ ਉਸੇ ਸਾਲ ਗੁਰਦਾਸਪੁਰ ਲੋਕਸਭਾ ਉਪ-ਚੋਣ ਵਿੱਚ ਭਾਜਪਾ ਉਮੀਦਵਾਰ ਸਵਰਨ ਸਲਾਰੀਆ ਨੂੰ ਵੱਡੇ ਫ਼ਰਕ ਨਾਲ ਹਰਾ ਕੇ ਇਸ ਸੀਟ ਤੇ ਆਪਣਾ ਕਬਜ਼ਾ ਜਮਾ ਲਿਆ।
9 ਫਰਵਰੀ 1954 ਨੂੰ ਜੰਮੇ ਸੁਨੀਲ ਜਾਖੜ ਨੇ ਐਮ.ਬੀ.ਏ ਤੱਕ ਤਾਲੀਮ ਹਾਸਿਲ ਕੀਤੀ। ਜਿਸ ਕਾਰਨ ਉਨ੍ਹਾਂ ਨੂੰ ਇੱਕ ਪੜ੍ਹੇ ਲਿਖੇ ਉਮੀਦਵਾਰ ਵਜੋਂ ਵੀ ਜਾਣਿਆ ਜਾਂਦਾ ਹੈ। ਤੇਜ਼-ਤਰਾਰ ਕਾਂਗਰਸੀ ਨੇਤਾ ਜਾਖੜ ਨੇ ਸਾਲ 1970 ਦੌਰਾਨ ਅਬੋਹਰ ਦੇ ਜੀ.ਡੀ ਮਾਡਲ ਹਾਈ ਸਕੂਲ ਤੋਂ ਆਪਣੀ ਦਸਵੀਂ ਤੱਕ ਦੀ ਪੜਾਈ ਪੂਰੀ ਕੀਤੀ ਅਤੇ ਬਾਦ ਵਿੱਚ ਸਾਲ 1974 ਦੌਰਾਨ ਸਰਕਾਰੀ ਕਾਲਜ ਚੰਡੀਗੜ੍ਹ ਤੋਂ ਬੈਚਲਰ ਆਫ਼ ਆਰਟਸ ਦੀ ਪੜਾਈ ਕੀਤੀ। ਇਸ ਤੋਂ ਬਾਦ ਜਾਖੜ ਨੇ ਸਾਲ 1977 ਦੌਰਾਨ ਕੁਰੁਕਸ਼ੇਤਰ ਯੂਨੀਵਰਸਿਟੀ ਤੋਂ ਐਮ.ਬੀ.ਏ ਦੀ ਡਿਗਰੀ ਵੀ ਹਾਸਿਲ ਕੀਤੀ।
ਪੰਜਾਬ ਦਾ ਲੋਕਸਭਾ ਹਲਕਾ ਗੁਰਦਾਸਪੁਰ ਭਾਰਤ ਪਾਕਿਸਤਾਨ ਸਰਹੱਦ ਤੇ ਸਥਿਤ ਹੈ। ਜਿਸ ਕਾਰਨ ਇਹ ਇਲਾਕਾ ਸ਼ੁਰੂ ਤੋਂ ਹੀ ਸੰਵੇਦਨ ਸ਼ੀਲ ਰਿਹਾ ਹੈ। ਸਾਲ 2017 ਦੌਰਾਨ ਗੁਰਦਾਸਪੁਰ ਵਿਖੇ ਹੋਈ ਜ਼ਿਮਨੀ ਚੋਣ ਦੌਰਾਨ ਜਾਖੜ ਦੀ ਜਿੱਤ ਮਗਰੋਂ ਕਾਂਗਰਸ ਪਾਰਟੀ ਇਸ ਸੀਟ ਸਬੰਧੀ ਆਤਮ ਵਿਸ਼ਵਾਸ ਨਾਲ ਭਰੀ ਦਿਖਾਈ ਦੇ ਰਹੀ ਹੈ। ਹਾਲਾਂ ਕੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਹਿਲਾਂ ਹੀ ਜਾਖੜ ਨੂੰ ਗੁਰਦਾਸਪੁਰ ਤੋਂ ਕਾਂਗਰਸੀ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਜਿਸ ਤੋਂ ਬਾਦ ਕਾਂਗਰਸੀ ਰਾਜ-ਸਭਾ ਮੈਂਬਰ ਅਤੇ ਲੋਕਸਭਾ ਸੀਟ ਗੁਰਦਾਸਪੁਰ ਤੇ ਕਾਬਜ਼ ਰਹਿ ਚੁੱਕੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਇਸ ਦਾ ਵਿਰੋਧ ਵੀ ਕੀਤਾ ਗਿਆ ਸੀ। ਪਰ ਪਾਰਟੀ ਹਾਈਕਮਾਨ ਨੇ ਬਾਜਵਾ ਨੂੰ ਨਜ਼ਰ- ਅੰਦਾਜ਼ ਕਰਦਿਆਂ ਆਖ਼ਰ ਜਾਖੜ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਹਾਲਾਂ ਕੀ ਇਸ ਤੋਂ ਪਹਿਲਾਂ ਰਮਨ ਭੱਲਾ ਅਤੇ ਅਸ਼ਵਨੀ ਸੇਖੜੀ ਵੀ ਜਾਖੜ ਨੂੰ ਗੁਰਦਾਸਪੁਰ ਤੋਂ ਲੋਕ-ਸਭਾ ਟਿਕਟ ਦੇਣ ਦਾ ਵਿਰੋਧ ਜ਼ਾਹਿਰ ਕਰ ਚੁੱਕੇ ਹਨ।
ਫਿੱਲ ਹਾਲ ਇਹ ਤਾਂ ਲੋਕਸਭਾ ਚੋਣਾਂ 2019 ਦੇ ਨਤੀਜਿਆਂ ਤੋਂ ਬਾਦ ਹੀ ਪਤਾ ਲੱਗ ਸਕੇਗਾ। ਕਿ ਜਾਖੜ ਨੇ ਬਤੌਰ ਐਮਪੀ ਗੁਰਦਾਸਪੁਰ ਵਾਸੀਆਂ ਦੇ ਦਿਲਾਂ ਵਿੱਚ ਕਿੰਨੀ ਜਗ੍ਹਾ ਬਣਾਈ ਹੈ।