(ਪਰਵਿੰਦਰ ਸਿੰਘ ਕੰਧਾਰੀ)
ਫਰੀਦਕੋਟ 07 ਅਪ੍ਰੈਲ 2019: ਅੱਜ ਫਰੀਦਕੋਟ ਲੋਕ ਸਭਾ ਸੀਟ ਲਈ ਸ਼੍ਰੋਮਣੀ ਅਕਾਲੀ ਦਲ ਨੇ ਵੀ ਆਪਣੇ ਉਮੀਦਵਾਰ ਦਾ ਰਸਮੀ ਤੋਰ ਤੇ ਐਲਾਨ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਕਾਂਗਰਸ ਨੇ ਵੀ ਮਸ਼ਹੂਰ ਗਾਇਕ ਅਤੇ ਇਕ ਵਾਰ ਵਿਧਾਇਕ ਰਹੇ ਮੁਹੰਮਦ ਸਦੀਕ ਨੂੰ ਮੈਦਾਨ ਚ ਉਤਾਰਿਆ ਹੈ। ਅਕਾਲੀ ਦਲ ਨੇ ਆਪਣਾ ਮਜਬੂਤ ਉਮੀਦਵਾਰ ਪੂਰੇ ਪੰਜਾਬ ਚੋਂ ਲੱਭਣ ਤੋਂ ਬਾਅਦ ਮਾਝੇ ਤੋਂ ਲਿਆ ਕੇ ਫਰੀਦਕੋਟ ਲੋਕ ਸਭਾ ਚੋਣਾਂ ਲਈ ਚੁਣਿਆ ਹੈ।
ਜਾਣੋ ਕੌਣ ਹਨ ਰਣੀਕੇ।
ਗੁਲਜ਼ਾਰ ਸਿੰਘ ਰਣੀਕੇ ਦਾ ਜਨਮ 14 ਜਨਵਰੀ 1958 ਨੂੰ ਹੋਇਆ ਜਿਸ ਮੁਤਾਬਿਕ ਉਹਨਾਂ ਦੀ ਉਮਰ 61 ਸਾਲ ਹੈ।
ਗੁਲਜ਼ਾਰ ਸਿੰਘ ਰਣੀਕੇ ਨੇ ਰਾਜਨੀਤੀ ਦੀ ਸ਼ੁਰੂਆਤ ਸਰਪੰਚੀ ਦੀਆਂ ਚੋਣਾਂ ਲੜਕੇ ਕੀਤੀ, ਉਹਨਾਂ ਨੇ ਇਹ ਚੋਣਾਂ 1983 ਚ ਰਣੀਕੇ ਦੇ ਇਕ ਚੀਫ ਨਾਮਕ ਪਿੰਡ ਤੋਂ ਲੜੀ। ਉਹਨਾਂ ਦੇ ਦੋ ਪੁੱਤਰ ਹਨ। ਉਹਨਾਂ ਨੂੰ ਰਾਜਨੀਤੀ ਦੀ ਗੁੜਤੀ ਆਪਣੇ ਪਿਤਾ ਸਵਰਗਵਾਸੀ ਗੁਰਮੁਖ ਸਿੰਘ ਰਣੀਕੇ ਤੋਂ ਮਿਲੀ। ਉਹ ਵੀ ਅਕਾਲੀ ਦਲ ਦੇ ਉਘੇ ਨੇਤਾ ਸਨ। ਗੁਲਜ਼ਾਰ ਸਿੰਘ ਦੀ ਮਾਤਾ ਦਾ ਨਾਮ ਗੁਰਦੀਪ ਕੌਰ ਹੈ। ਗੁਲਜਾਰ ਸਿੰਘ ਰਣੀਕੇ ਨੇ 1997 ਚ ਵਿਧਾਨ ਸਭਾ ਦੀ ਚੋਣ ਪਹਿਲੀ ਵਾਰ ਰਣੀਕੇ ਤੋਂ ਚੋਣ ਜਿੱਤੀ ਅਤੇ ਬਾਅਦ ਵਿਚ 2002 ਵਿਧਾਨ ਸਭਾ ਚੋਣਾਂ ਚ ਦੁਬਾਰਾ ਵਿਧਾਇਕ ਬਣੇ । ਰਣੀਕੇ ਹਲਕਾ ਬਾਰਡਰ ਤੋਂ 3 ਕਿਲੋਮੀਟਰ ਤਕ ਈ ਦੂਰੀ ਤੇ ਸਥਿਤ ਹੈ ਅਤੇ ਅੰਮ੍ਰਿਤਸਰ ਤੋਂ 25 ਕਿਲੋਮੀਟਰ ਦੀ ਦੂਰੀ ਤੇ ਹੈ। ਉਸ ਤੋਂ ਬਾਅਦ 2007 ਚ ਵੀ ਉਹਨਾਂ ਨੇ ਵਿਧਾਨ ਸਭਾ ਚ ਜਿੱਤ ਹਾਸਿਲ ਕਰਕੇ ਕੈਬਿਨਟ ਚ ਆਪਣੀ ਜਗ੍ਹਾ ਬਣਾਈ ਅਤੇ ਖੇਡ ਮੰਤਰੀ ਬਣੇ ਉਸ ਵੇਲੇ ਉਹ ਐੱਸ ਸੀ ਅਤੇ ਬੀ ਸੀ ਵਿੰਗ ਪੰਜਾਬ ਦੇ ਪ੍ਰਧਾਨ ਵੀ ਰਹੇ। ਉਹਨਾਂ ਨੇ ਲਗਾਤਾਰ 4 ਵਾਰ ਜਿੱਤ ਹਾਸਿਲ ਕਰਦਿਆਂ 2012 ਚ ਵੀ ਰਣੀਕੇ ਤੋਂ ਜਿੱਤ ਕੇ ਕੈਬਿਨਟ ਚ ਸਥਾਨ ਹਾਸਿਲ ਕੀਤਾ ਉਹਨਾਂ ਨੂੰ ਪਸ਼ੂਪਾਲਣ ਮੰਤਰੀ ਬਣ ਕੇ ਪਾਰਟੀ ਨੇ ਨਵਾਜਿਆ। ਪਰ 2011 ਚ ਉਹਨਾਂ ਦੇ ਪੀ ਏ ਤੇ ਇਕ ਮੁਕਦਮਾ ਦਰਜ ਹੋਇਆ ਜਿਸਦੇ ਚਲਦੇ ਉਹਨਾਂ ਨੂੰ ਆਪਣੇ ਮੰਤਰੀ ਪਦ ਤੋਂ ਅਸਤੀਫਾ ਵੀ ਦੇਣਾ ਪਿਆ। ਇਹ ਮਾਮਲਾ ਗਰਾਂਟ ਨੂੰ ਖੁਰਦ-ਬੁਰਦ ਕਰਨ ਦਾ ਸੀ।
ਉਸ ਤੋਂ ਬਾਅਦ 2017 ਵਿਧਾਨ ਸਭਾ ਚੋਣਾਂ ਵਿੱਚ ਗੁਲਜ਼ਾਰ ਸਿੰਘ ਰਣੀਕੇ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਅਕਾਲੀ ਦਲ ਨੇ ਫਰੀਦਕੋਟ ਤੋਂ ਰਣੀਕੇ ਨੂੰ ਲੋਕ ਸਭਾ ਚੋਣਾਂ ਲਈ ਮੌਕਾ ਦਿੱਤਾ ਹੈ। ਹੁਣ ਦੇਖਣਾ ਹੋਵੇਗਾ ਕਿ ਬਾਹਰੋਂ ਲਿਆਂਦੇ ਉਮੀਦਵਾਰ ਨੂੰ ਲੋਕ ਕਿੰਨਾ ਪਸੰਦ ਕਰਦੇ ਹਨ।