← ਪਿਛੇ ਪਰਤੋ
ਲੋਕੇਸ਼ ਰਿਸ਼ੀ ਗੁਰਦਾਸਪੁਰ, 07 ਅਪ੍ਰੈਲ 2019: ਬਟਾਲਾ ਵਿਖੇ ਇੱਕ ਦਰਦਨਾਕ ਘਟਨਾ ਦਾਹਮਣੇ ਆਈ ਹੈ ਜਿੱਥੇ ਕਿਸੇ ਮਸਲੇ ਦਾ ਫ਼ੈਸਲਾ ਕਰਵਾਉਣ ਗਏ ਮਜੂਦਾ ਕਾਂਗਰਸੀ ਸਰਪੰਚ ਨੂੰ ਸਾਬਕਾ ਅਕਾਲੀ ਸਰਪੰਚ ਦੇ ਧੜੇ ਨੇ ਪਹਿਲਾਂ ਇੱਟਾਂ-ਪੱਥਰ ਮਾਰ ਮਾਰ ਕੇ ਜ਼ਖ਼ਮੀ ਕਰ ਦਿੱਤਾ ਅਤੇ ਜਦੋਂ ਕਾਂਗਰਸੀ ਸਰਪੰਚ ਪੱਥਰਾਂ ਦੀ ਮਾਰ ਨਾਲ ਜ਼ਖ਼ਮੀ ਹੋ ਕੇ ਜ਼ਮੀਨ 'ਤੇ ਡਿਗ ਪਿਆ ਤਾਂ ਦੂਜੇ ਧੜੇ ਨੇ ਉਸ ਨੂੰ ਆਪਣੀ ਗੱਡੀ ਥੱਲੇ ਦੇ ਕੇ ਉਸ ਦਾ ਕਤਲ ਕਰ ਦਿੱਤਾ। ਹਾਲਾਂ ਕਿ ਇਸ ਘਟਨਾ ਦੌਰਾਨ ਕਾਂਗਰਸੀ ਸਰਪੰਚ ਦੇ ਤਿੰਨ ਹੋਰ ਸਾਥੀ ਜ਼ਖ਼ਮੀ ਹੋ ਗਏ। ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਕਾਫ਼ੀ ਗੰਭੀਰ ਦੱਸੀ ਜਾ ਰਹੀ ਹੈ। ਫ਼ਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਕਾਂਗਰਸੀ ਸਰਪੰਚ ਨਵਦੀਪ ਸਿੰਘ ਉਰਫ਼ ਨਵਦੀਪ ਰਿਆੜ ਵਾਸੀ ਪਿੰਡ ਰਿਆੜ ਦੇ ਪਿਤਾ ਖਜਾਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਆਪਣੇ ਕੁਝ ਦੋਸਤਾਂ ਨਾਲ ਪਿੰਡ ਦੌਲਤ ਪੁਰ ਵਿਖੇ ਕਿਸੇ ਮਸਲੇ ਨੂੰ ਸੁਲਝਾਉਣ ਲਈ ਗਿਆ ਹੋਇਆ ਸੀ। ਜਿੱਥੇ ਦੂਜਾ ਧੜਾ ਸਾਬਕਾ ਅਕਾਲੀ ਸਰਪੰਚ ਮਿੱਤਰਪਾਲ ਸਿੰਘ ਦਾ ਸੀ। ਇਸੇ ਦੌਰਾਨ ਹੀ ਦੋਹਾਂ ਧੜਿਆਂ ਵਿੱਚ ਬਹਿਸ ਸ਼ੁਰੂ ਹੋ ਗਈ ਅਤੇ ਦੂਸਰੇ ਧੜੇ ਨੇ ਨਵਦੀਪ ਅਤੇ ਉਸ ਦੇ ਸਾਥੀਆਂ ਉੱਪਰ ਪੱਥਰਾਂ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਨਵਦੀਪ ਜ਼ਖ਼ਮੀ ਹੋ ਕੇ ਜ਼ਮੀਨ ਤੇ ਡਿਗ ਪਿਆ ਅਤੇ ਇਸੇ ਦੌਰਾਨ ਹੀ ਦੂਸਰੇ ਧੜੇ ਦੇ ਲੋਕਾਂ ਨੇ ਨਵਦੀਪ ਨੂੰ ਗੱਡੀ ਥੱਲੇ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ। ਖਜਾਨ ਸਿੰਘ ਮੁਤਾਬਿਕ ਦੂਸਰੇ ਧੜੇ ਦੇ ਲੋਕਾਂ ਨੇ ਇਹ ਪੱਕਾ ਕਰਨ ਲਈ ਕਿ ਨਵਦੀਪ ਕਿਸੇ ਵੀ ਹਾਲ 'ਚ ਬੱਚ ਨਾ ਸਕੇ ਆਪਣੀ ਗੱਡੀ ਬਾਰ ਬਾਰ ਮਰ ਚੁੱਕੇ ਨਵਦੀਪ ਦੇ ਉੱਪਰੋਂ ਦੀ ਲੰਘਾਈ। ਇਸ ਦੌਰਾਨ ਮ੍ਰਿਤਕ ਦੇ ਤਿੰਨ ਦੋਸਤ ਜ਼ਖ਼ਮੀ ਹੋ ਗਏ। ਜਿਨ੍ਹਾਂ ਵਿੱਚੋਂ ਭੁਪਿੰਦਰ ਸਿੰਘ ਅਤੇ ਜੋਬਨ ਪ੍ਰੀਤ ਸਿੰਘ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੋਹਾਂ ਨੂੰ ਉੱਚ ਪੱਧਰੀ ਇਲਾਜ ਲਈ ਅੰਮ੍ਰਿਤਸਰ ਵਿਖੇ ਰੈਫ਼ਰ ਕਰ ਦਿੱਤਾ ਗਿਆ ਹੈ। ਮਾਮਲੇ ਸਬੰਧੀ ਗੱਲ ਕਰਨ ਤੇ ਇਲਾਕੇ ਦੇ ਡੀਐਸਪੀ ਸੰਜੀਵ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਖਜਾਨ ਸਿੰਘ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਇਸ ਦੇ ਨਾਲ ਹੀ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Total Responses : 265