ਨਵਾਂ ਸ਼ਹਿਰ, 08 ਅਪਰੈਲ,2019: ਚੋਣ ਕਮਿਸ਼ਨ ਵੱਲੋਂ ਚੋਣਾਂ ਨਾਲ ਸਬੰਧਤ ਕੰਮਾਂ ਨੂੰ ਸੁਖਾਲਾ ਬਨਾਉਣ ਅਤੇ ਲੋਕਾਂ ਨੂੰ ਉਨ੍ਹਾਂ ਦੇ ਮੋਬਾਇਲ ’ਤੇ ਹੀ ਸਹੂਲਤ ਦੇਣ ਦੇ ਉਦੇਸ਼ ਨਾਲ ਕਈ ਮੋਬਾਇਲ ਐਪਲੀਕੇਸ਼ਨਾਂ ਤਿਆਰ ਕੀਤੀਆਂ ਹਨ ਜਿਨ੍ਹਾਂ ਦਾ ਜ਼ਿਲ੍ਹੇ ਦੇ ਨਾਗਰਿਕਾਂ ਨੂੰ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ।
ਇਹ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਵਿਨੈ ਬਬਲਾਨੀ ਨੇ ਦੱਸਿਆ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਸ਼ੁਰੂ ਕੀਤੀਆਂ ਇਨ੍ਹਾਂ ਐਪਲੀਕੇਸ਼ਨਾਂ ਵਿੱਚੋਂ ਇੱਕ ‘ਸੁਵਿਧਾ ਐਪ’ ਹੈ। ਇਹ ਐਪ ਉਮੀਦਵਾਰਾਂ ਅਤੇ ਰਾਜਨੀਤਿਕ ਪਾਰਟੀਆਂ ਵੱਲੋਂ ਮੀਟਿੰਗ, ਰੈਲੀਆਂ ਆਦਿ ਕਰਨ ਤੋਂ ਪਹਿਲਾਂ ਮਨਜ਼ੂਰੀਆਂ ਲੈਣ ਸਬੰਧੀ ਅਪਲਾਈ ਕਰਨ ਲਈ ਇੱਕ ਸਿੰਗਲ ਵਿੰਡੋ ਸਿਸਟਮ ਹੈ। ਇਹ ਸਾਰੀ ਕਾਰਵਾਈ ਐਂਡਰਾਇਡ ਐਪ ਜ਼ਰੀਏ ਵੀ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਚੋਣ ਕਮਿਸ਼ਨ ਵੱਲੋਂ ਉਮੀਦਵਾਰਾਂ/ਪਾਰਟੀਆਂ ਦੁਆਰਾ ਬੇਨਤੀ ਕਰਨ ਦੇ 24 ਘੰਟੇ ਅੰਦਰ ਮਨਜ਼ੂਰੀਆਂ ਦੇਣ ਸਬੰਧੀ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ।
ਉਨ੍ਹਾਂ ਅੱਗੇ ਦੱਸਿਆ ਕਿ ‘ਸੀ-ਵਿਜਿਲ’ ਨਾਮੀ ਇੱਕ ਹੋਰ ਮਹੱਤਵਪੂਰਨ ਐਂਡਰਾਇਡ ਐਪ ਟਾਈਮ-ਸਟੈਂਪਡ, ਆਦਰਸ਼ ਚੋਣ ਜ਼ਾਬਤੇ ਦੇ ਪ੍ਰਮਾਣ ਆਧਾਰਿਤ ਸਬੂਤ/ਖ਼ਰਚਾ ਹੱਦ ਦੀ ਉਲੰਘਣਾ, ਆਟੋ ਲੋਕੇਸ਼ਨ ਡਾਟਾ ਨਾਲ ਲਾਈਵ ਫੋਟੋ/ਵੀਡੀਓ ਦੀ ਸਹੂਲਤ ਪ੍ਰਦਾਨ ਕਰਦੀ ਹੈ। ਕੋਈ ਵੀ ਨਾਗਰਿਕ ਇਸ ਮੋਬਾਇਲ ਐਪ ਜ਼ਰੀਏ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਫਿਰ ਉੱਡਣ ਦਸਤੇ ਮਾਮਲੇ ਦੀ ਪੜਤਾਲ ਕਰਦੇ ਹਨ ਅਤੇ ਰਿਟਰਨਿੰਗ ਅਫ਼ਸਰ ਫੈਸਲਾ ਲੈਂਦਾ ਹੈ। ਸੀ-ਵਿਜਲ ’ਚ ਸ਼ਿਕਾਇਤ ਦੀ ਸਥਿਤੀ ਵੀ ਸੀ-ਵਿਜਲ ਸ਼ਿਕਾਇਤਕਰਤਾ ਨਾਲ ਨਿਰਧਾਰਿਤ ਸਮਾਂ ਸੀਮਾ ਅੰਦਰ ਸਾਂਝਾ ਕੀਤਾ ਜਾ ਸਕਦਾ ਹੈ। ਇਸ ਐਪ ਤਹਿਤ ਅਪਲੋਡ ਕੀਤੀ ਗਈ ਸ਼ਿਕਾਇਤ ’ਤੇ 100 ਮਿੰਟ ’ਚ ਕਾਰਵਾਈ ਯਕੀਨੀ ਬਣਾਈ ਜਾਂਦੀ ਹੈ।
ਇਸੇ ਤਰਾਂ ‘ਵੋਟਰ ਹੈਲਪਲਾਈਨ’ ਨਾਮੀ ਇੱਕ ਹੋਰ ਐਂਡਰਾਇਡ ਅਧਾਰਿਤ ਮੋਬਾਇਲ ਐਪ ਦੀ ਸ਼ੁਰੂਆਤ ਵੀ ਕੀਤੀ ਗਈ ਹੈ। ਇਹ ਐਪ ਸਾਰੇ ਨਾਗਰਿਕਾਂ ਨੂੰ ਵੋਟਰ ਸੂਚੀ ਵਿੱਚ ਆਪਣਾ ਨਾਮ ਲੱਭਣ, ਆਨਲਾਈਨ ਫਾਰਮ ਜਮ੍ਹਾਂ ਕਰਵਾਉਣ, ਅਰਜ਼ੀ ਦੀ ਸਥਿਤੀ ਦਾ ਪਤਾ ਲਾਉਣ, ਮੋਬਾਇਲ ਐਪ ’ਤੇ ਸ਼ਿਕਾਇਤ ਦਰਜ ਕਰਵਾਉਣ ਅਤੇ ਜਵਾਬ ਹਾਸਲ ਕਰਨ ਦੇ ਨਾਲ ਨਾਲ ਬੂਥ ਲੈਵਲ ਅਧਿਕਾਰੀਆਂ, ਚੋਣ ਰਜਿਸਟ੍ਰੇਸ਼ਨ ਅਧਿਕਾਰੀਆਂ ਅਤੇ ਜਿਲਾਂ ਚੋਣ ਅਫ਼ਸਰਾਂ ਨਾਲ ਸੰਪਰਕ ਕਰਨ ਸਬੰਧੀ ਵੇਰਵੇ ਹਾਸਲ ਕਰਨ ਦੀ ਸਹੂਲਤ ਪ੍ਰਦਾਨ ਕਰਦੀ ਹੈ। ਇਹ ਸਾਰੀ ਜਾਣਕਾਰੀ ਵੋਟਰ ਹੈਲਪਲਾਈਨ ਮੋਬਾਇਲ ਐਪ ਜਾਂ www.nvsp.in ਪੋਰਟਲ ਜਾਂ 1950 ਹੈਲਪਲਾਈਨ ਨੰਬਰ ’ਤੇ ਕਾਲ ਕਰਕੇ ਹਾਸਲ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ ਆਮ ਲੋਕਕ 1950 ’ਤੇ ਐਸ.ਐਮ.ਐਸ. ਭੇਜ ਕੇ ਐਸ.ਐਮ.ਐਸ. ਸੇਵਾ ਦਾ ਲਾਭ ਵੀ ਉਠਾ ਸਕਦੇ ਹਨ ਅਤੇ ਇਹ ਬਿਲਕੁਲ ਮੁਫ਼ਤ ਹੈ। ਇਸ ਮੋਬਾਇਲ ਐਪ ਜ਼ਰੀਏ ਸਾਰੇ ਫ਼ਾਰਮ, ਨਤੀਜੇ, ਉਮੀਦਵਾਰ ਦਾ ਹਲਫ਼ਨਾਮਾ, ਪ੍ਰੈਸ ਨੋਟ, ਵੋਟਰ ਜਾਗਰੂਕਤਾ ਅਤੇ ਹੋਰ ਮਹੱਤਵਪੂਰਨ ਨਿਰਦੇਸ਼ ਆਦਿ ਸਹੂਲਤਾਂ ਉਪਲੱਬਧ ਹੋ ਜਾਂਦੀਆਂ ਹਨ।
ਜ਼ਿਲ੍ਹਾ ਚੋਣ ਅਫ਼ਸਰ ਨੇ ਅੱਗੇ ਦੱਸਿਆ ਕਿ ਇਸਦੇ ਨਾਲ ਹੀ ਦਿਵਿਆਂਗ ਮਤਦਾਤਾਵਾਂ (ਪੀ.ਡਬਲਿਊ.ਡੀਜ਼) ਦੀ ਸਹੂਲਤ ਲਈ ‘ਪੀ.ਡਬਲਿਊ.ਡੀ. ਐਪ’ ਵੀ ਸ਼ੁਰੂ ਕੀਤੀ ਗਈ ਹੈ। ਇਸ ਐਪ ਵਿਚ ਦਿਵਿਆਂਗ ਲੋਕ ਨਵੀਂ ਰਜਿਸਟ੍ਰੇਸ਼ਨ ਲਈ ਬੇਨਤੀ ਕਰਨ, ਪਤੇ ਵਿੱਚ ਤਬਦੀਲੀ, ਵੇਰਵੇ ਵਿੱਚ ਤਬਦੀਲੀ ਅਤੇ ਆਪਣੇ ਆਪ ਨੂੰ ਪੀ.ਡਬਲਿਊ.ਡੀ ਵਜੋਂ ਮਾਰਕ ਕਰਨ ਦੀਆਂ ਸਹੂਲਤਾਂ ਹਾਸਲ ਕਰ ਸਕਦੇ ਹਨ। ਦਿਵਿਆਂਗ ਮਤਦਾਤਾਵਾਂ ਨੇ ਸਿਰਫ਼ ਆਪਣੇ ਸੰਪਰਕ ਸਬੰਧੀ ਵੇਰਵੇ ਭਰਨੇ ਹਨ ਅਤੇ ਫਿਰ ਉਨਾਂ ਨੂੰ ਉਨ੍ਹਾਂ ਦੇ ਘਰ ਪੁੱਜ ਕੇ ਸਹੂਲਤ ਪ੍ਰਦਾਨ ਕਰਨਾ, ਬੂਥ ਲੈਵਲ ਅਫ਼ਸਰ ਦੀ ਜ਼ਿੰਮੇਵਾਰੀ ਹੋਵੇਗੀ।
ਡਿਪਟੀ ਕਮਿਸ਼ਨਰ ਸ੍ਰੀ ਵਿਨੈ ਬਬਲਾਨੀ ਨੇ ਨੌਜੁਆਨਾਂ ਦੇ ਜ਼ਿਆਦਾਤਰ ਮੋਬਾਇਲ ਵਰਤਦੇ ਹੋਣ ਕਾਰਨ, ਉਨ੍ਹਾਂ ਨੂੰ ਇਨ੍ਹਾਂ ਐਪਲੀਕੇਸ਼ਨਾਂ ਦਾ ਫ਼ਾਇਦਾ ਲੋੜਵੰਦ ਲੋਕਾਂ ਨੂੰ ਦੇਣ ਦੀ ਅਪੀਲ ਵੀ ਕੀਤੀ ਹੈ।