ਚੰਡੀਗੜ, 08 ਅਪ੍ਰੈਲ 2019: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਦੇ ਚੋਣ ਮਨੋਰਥ ਪੱਤਰ ਨੂੰ ਦੇਸ਼ ਵਾਸੀਆਂ ਨਾਲ ਕੋਝਾ ਮਜ਼ਾਕ ਦੱਸਦਿਆਂ ਆਖਿਆ ਕਿ ਇਸ ਪਾਰਟੀ ਦੇ ਪਹਿਲੇ ਵਾਅਦਿਆਂ ਦੀ ਪੂਰਤੀ ਲਈ ਪਿਛਲੇ ਪੰਜ ਸਾਲਾਂ ਦੀ ਵਿਅਰਥ ਉਡੀਕ ਕਰਨ ਤੋਂ ਬਾਅਦ ਖੁਦਗਰਜ਼ ਸੱਤਾ ਧਿਰ ਨੇ ਇਕ ਵਾਰ ਫਿਰ ਦੇਸ਼ ਦੇ ਲੋਕਾਂ ਦੇ ਪੱਲੇ ਕੱਖ ਨਹੀਂ ਪਾਇਆ।
ਭਾਜਪਾ ਦੇ ‘ਸੰਕਲਪ ਪੱਤਰ’ ਨੂੰ ਝੂਠ ਦਾ ਪੁਲੰਦਾ ਦੱਸਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਜਪਾ ਵੱਲੋਂ ਲੋਕਾਂ ਨੂੰ ਇਕ ਵਾਰ ਫਿਰ ਮੂਰਖ ਬਣਾਉਣ ਦੀ ਕੀਤੀ ਕੋਸ਼ਿਸ਼ ਇਨਾਂ ਚੋਣਾਂ ਵਿੱਚ ਪਾਰਟੀ ਲਈ ਬਹੁਤ ਮਹਿੰਗੀ ਸਾਬਤ ਹੋਵੇਗੀ ਕਿਉਂਕਿ ਇਹ ਪਾਰਟੀ ਆਪਣੇ ਪਹਿਲੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਨਾਕਾਮ ਰਹੀ ਹੈ ਤੇ ਹੁਣ ਵੀ ਇਸ ਨੇ ਲੋਕਾਂ ਨਾਲ ਸਬੰਧਤ ਮੁੱਖ ਮੁੱਦਿਆਂ ਨੂੰ ਲਾਂਭੇ ਕਰ ਦਿੱਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਦਾ ਚੋਣ ਮਨੋਰਥ ਪੱਤਰ ਨਾ ਤਾਂ ਨੌਕਰੀਆਂ ਦੀ ਗੱਲ ਕਰਦਾ ਹੈ ਅਤੇ ਨਾ ਹੀ ਹਰੇਕ ਨਾਗਰਿਕ ਨੂੰ 15 ਲੱਖ ਰੁਪਏ ਮਿਲਣ ਬਾਰੇ ਪਹਿਲਾਂ ਕੀਤਾ ਵਾਅਦਾ ਨਾ ਪੁਗਾਉਣ ਦਾ ਜ਼ਿਕਰ ਕਰਦਾ ਹੈ। ਉਨਾਂ ਕਿਹਾ ਕਿ ਸੱਤਾਧਾਰੀ ਪਾਰਟੀ ਦਾ ਇਸ ਵਿਚਾਰ-ਵਿਹੂਣੇ ਦਸਤਾਵੇਜ਼ ਰਾਹੀਂ ਲੋਕਾਂ ਦੀ ਭਲਾਈ ਪ੍ਰਤੀ ਕੋਈ ਸਰੋਕਾਰ ਨਾ ਰੱਖਣ ਦਾ ਪਰਦਾਫਾਸ਼ ਹੁੰਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ‘‘ ਇਸ ਚੋਣ ਮਨੋਰਥ ਪੱਤਰ ਵਿੱਚ ਨਰਿੰਦਰ ਮੋਦੀ ਦੀ ਜੁਮਲਾ ਸਰਕਾਰ ਦੇ ਜੁਮਲਿਆਂ ਦੀ ਲੰਮੀ-ਚੌੜੀ ਸੂਚੀ ਤੋਂ ਵੱਧ ਹੋਰ ਕੁਝ ਨਹੀਂ ਹੈ।’’ ਉਨਾਂ ਕਿਹਾ ਕਿ ਇਸ ਦਸਤਾਵੇਜ਼ ਵਿੱਚ ਸਮਾਜ ਦੇ ਕਿਸੇ ਵੀ ਤਬਕੇ ਦਾ ਜੀਵਨ ਪੱਧਰ ਉੱਚਾ ਚੁੱਕਣ ਬਾਰੇ ਵੀ ਕੋਈ ਜ਼ਿਕਰ ਨਹੀਂ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸਾਨ ਤਾਂ ਲਗਾਤਾਰ ਖੁਦਕੁਸ਼ੀਆਂ ਦਾ ਰਾਹ ਆਪਣਾ ਰਹੇ ਹਨ ਜਦਕਿ ਭਾਜਪਾ ਨੇ ਕਿਸਾਨਾਂ ਲਈ ਅਤਿ ਲੋੜੀਂਦੀ ਕੌਮੀ ਕਰਜ਼ਾ ਮੁਆਫੀ ਸਕੀਮ ਦਾ ਐਲਾਨ ਕਰਨਾ ਵੀ ਵਾਜਬ ਨਹੀਂ ਸਮਝਿਆ। ਉਨਾਂ ਕਿਹਾ ਕਿ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੀ ‘ਨਿਆਏ’ ਸਕੀਮ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਕਿਸਾਨ ਸਕੀਮ ਦਾ ਵਿਸਤਾਰ ਕਰਨ ਦਾ ਵਾਅਦਾ ਕਰਨਾ ਇਨਾਂ ਸੰਸਦੀ ਚੋਣਾਂ ਵਿੱਚ ਭਾਜਪਾ ਨੂੰ ਦਿਸਦੀ ਅਟੱਲ ਹਾਰ ਦੀ ਨਿਰਾਸ਼ਾ ਦਾ ਪ੍ਰਗਟਾਵਾ ਕਰਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਕਰਜ਼ੇ ਦੇ ਭਾਰੀ ਬੋਝ ’ਚੋਂ ਕੱਢਣ ਲਈ ਉਨਾਂ ਦੇ ਸਿਰ ਚੜਿਆ ਕਰਜ਼ਾ ਮੁਆਫ ਕਰਨ ਦੀ ਬਜਾਏ ਭਾਜਪਾ ਨੇ ਨਵੇਂ ਖੇਤੀਬਾੜੀ ਕ੍ਰੈਡਿਟ ਕਾਰਡ ਕਰਜ਼ੇ ਦੇ ਰੂਪ ਵਿੱਚ ਹੋਰ ਕਰਜ਼ੇ ਦੇਣ ਦਾ ਵਾਅਦਾ ਕੀਤਾ। ਉਨਾਂ ਕਿਹਾ ਕਿ ਇਹ ਸਪੱਸ਼ਟ ਹੈ ਕਿ ਭਾਜਪਾ ਕਿਸਾਨਾਂ ਨੂੰ ਕਰਜ਼ੇ ਤੋਂ ਰਾਹਤ ਦੇਣ ਵਿੱਚ ਕੋਈ ਦਿਲਚਸਪੀ ਨਹੀਂ ਦਿਖਾ ਰਹੀ ਸਗੋਂ ਉਨਾਂ ਨੂੰ ਵਿੱਤੀ ਬੋਝ ਥੱਲੇ ਦੱਬੀ ਰੱਖਣਾ ਚਾਹੁੰਦੀ ਹੈ ਜਦਕਿ ਮੁੱਠੀ ਭਰ ਉਦਯੋਗਪਤੀ ਖੁਸ਼ਹਾਲ ਹੁੰਦੇ ਜਾ ਰਹੇ ਹਨ।
ਭਾਜਪਾ ਵੱਲੋਂ ਰੱਖਿਆ ਸੈਨਾਵਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ’ਤੇ ਆਪਣੀ ਚੌਧਰ ਚਮਕਾਉਣ ਦੀਆਂ ਕੋਸ਼ਿਸ਼ਾਂ ਜਾਰੀ ਰੱਖਣ ਨੂੰ ਸ਼ਰਮਨਾਕ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਾਰਟੀ ਵੱਲੋਂ ਆਪਣੇ ਚੋਣ ਮਨੋਰਥ ਪੱਤਰ ਵਿੱਚ ਹਥਿਆਰਬੰਦ ਸੈਨਾਵਾਂ ਦੀਆਂ ਸਫਲਤਾਵਾਂ ’ਤੇ ਸਿਆਸੀ ਲਾਹਾ ਖੱਟਣ ਦੀ ਕੋਸ਼ਿਸ਼ ਬੇਹੱਦ ਸ਼ਰਮਨਾਕ ’ਤੇ ਨਿੰਦਣਯੋਗ ਹੈ। ਉਨਾਂ ਕਿਹਾ, ‘‘ਭਾਜਪਾਈ ਸੰਵਾਦ ਅਤੇ ਸਿੱਖਿਆ ਤਾਂ ਰਾਸ਼ਟਰਵਾਦ ਦੀ ਦਿੰਦੇ ਹਨ ਪਰ ਸਿਆਸਤ ਫੁੱਟਪਾੳੂ ਅਤੇ ਫਿਰਕੂ ਕਰਦੇ ਹਨ ਜਿਸ ਕਰਕੇ ਇਨਾਂ ਦੇ ਝੂਠ ਦਾ ਭਾਂਡਾ ਭੱਜਣ ਦੇ ਨਾਲ-ਨਾਲ ਸੌੜੀ ਮਾਨਸਿਕਤਾ ਦਾ ਵੀ ਪ੍ਰਗਟਾਵਾ ਹੁੰਦਾ ਹੈ।
ਪ੍ਰਧਾਨ ਮੰਤਰੀ ਵੱਲੋਂ ਦਿੱਤੇ ਬਿਆਨ ਕਿ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਤੋਂ ਬਾਅਦ ਭਾਜਪਾ ਉਨਾਂ ਦੀਆਂ ਖਾਹਿਸ਼ਾਂ ਪੂਰੀਆਂ ਕਰਨ ਲਈ ਤਿਆਰ ਹੈ, ਬਾਰੇ ਆਪਣਾ ਪ੍ਰਤੀਕਰਮ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਚੁਣੌਤੀ ਦਿੱਤੀ ਕਿ ਉਹ ਲੋਕਾਂ ਦੀ ਇੱਕ ਵੀ ਲੋੜ ਦੱਸ ਦੇਣ ਜੋ ਉਨਾਂ ਦੀ ਸਰਕਾਰ ਨੇ ਪਿਛਲੇ ਪੰਜਾਂ ਸਾਲਾਂ ਵਿੱਚ ਪੂਰੀ ਕੀਤੀ ਹੋਵੇ। ਮੁੱਖ ਮੰਤਰੀ ਨੇ ਕਿਹਾ ਕਿ ਇਨਾਂ ਨੇ ਪਿਛਲੇ ਪੰਜ ਸਾਲਾਂ ਵਿੱਚ ਮੁਲਕ ਵਾਸੀਆਂ ਨਾਲ ਹਰ ਤਰਾਂ ਦਾ ਅਨਿਆਂ ਕਰਨ ਤੋਂ ਇਲਾਵਾ ਆਪਣੇ ਸਿਆਸੀ ਲਾਹੇ ਲਈ ਸਮਾਜ ਵਿੱਚ ਵੰਡੀਆਂ ਪਾਈਆਂ।
ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਨੂੰ ਚੇਤਾਵਨੀ ਦਿੰਦਿਆਂ ਆਖਿਆ, ‘‘ਭਾਰਤ ਤੁਹਾਨੂੰ ਮੁਆਫ ਨਹੀਂ ਕਰੇਗਾ।’’ ਉਨਾਂ ਕਿਹਾ ਕਿ ਦੇਸ਼ ਦੇ ਲੋਕ ਬਿਹਤਰ ਭਵਿੱਖ ਅਤੇ ਮਾਹੌਲ ਲਈ ਤਬਦੀਲੀ ਚਾਹੁੰਦੇ ਹਨ।