ਨਵਾਂਸ਼ਹਿਰ, 10 ਅਪਰੈਲ, 2019: ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਰਾਜਨੀਤਕ ਪਾਰਟੀਆਂ/ਉਮੀਦਵਾਰਾਂ ਨੂੰ ਲੋਕ ਸਭਾ ਚੋਣਾਂ ਦੌਰਾਨ ਪ੍ਰਚਾਰ ’ਤੇ ਕੀਤੇ ਜਾਣ ਵਾਲੇ ਖਰਚੇ ਦਾ ਹਿਸਾਬ-ਕਿਤਾਬ ਰੱਖਣ ਸਬੰਧੀ ਜਾਣਕਾਰੀ ਦੇਣ ਲਈ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਵਿਸ਼ੇਸ਼ ਮੀਟਿੰਗ 16 ਅਪਰੈਲ ਨੂੰ ਸਵੇਰੇ 11 ਵਜੇ ਰੱਖੀ ਗਈ ਹੈ।
ਇਹ ਜਾਣਕਾਰੀ ਦਿੰਦਿਆਂ ਤਹਿਸੀਲਦਾਰ, ਜ਼ਿਲ੍ਹਾ ਚੋਣ ਦਫ਼ਤਰ, ਹਰੀਸ਼ ਕੁਮਾਰ ਨੇ ਦੱਸਿਆ ਕਿ ਇਸ ਮੀਟਿੰਗ ’ਚ ਰਾਜਨੀਤਕ ਪਾਰਟੀਆਂ/ਸੰਭਾਵੀ ਉਮੀਦਵਾਰਾਂ ਨੂੰ ਚੋਣ ਪ੍ਰਚਾਰ ਲਈ ਚੋਣ ਕਮਿਸ਼ਨ ਵੱਲੋਂ ਮਿੱਥੀ ਗਈ ਖਰਚਾ ਸੀਮਾ, ਕੀਤੇ ਜਾਣ ਵਾਲੇ ਖਰਚੇ ਦਾ ਹਿਸਾਬ-ਕਿਤਾਬ ਰੱਖਣ, ਸਮੇਂ-ਸਮੇਂ ਸਿਰ ਖਰਚਾ ਰਜਿਸਟਰ ਦੀ ਸਬੰਧਤ ਏ ਆਰ ਓਜ਼/ਖਰਚਾ ਨਿਗਰਾਨ ਕੋਲ ਚੈਕਿੰਗ ਕਰਵਾਉਣ ਆਦਿ ਬਾਰੇ ਮੁਕੰਮਲ ਜਾਣਕਾਰੀ ਸਾਂਝੀ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸ ਮੀਟਿੰਗ ਲਈ ਜ਼ਿਲ੍ਹੇ ਦੀਆਂ ਸਾਰੀਆਂ ਮਾਨਤਾ ਪ੍ਰਾਪਤ ਰਾਜਸੀ ਪਾਰਟੀਆਂ ਨੂੰ ਸੱਦਾ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਦੀ ਅਗਵਾਈ ’ਚ ਹੋਣ ਵਾਲੀ ਇਸ ਮੀਟਿੰਗ ਦੌਰਾਨ ਜ਼ਿਲ੍ਹਾ ਨੋਡਲ ਅਫ਼ਸਰ ਖਰਚਾ ਕਮ ਜ਼ਿਲ੍ਹਾ ਖਜ਼ਾਨਾ ਅਫ਼ਸਰ ਅਤੇ ਹਰੇਕ ਵਿਧਾਨ ਸਭਾ ਖੇਤਰ ਪੱਧਰ ’ਤੇ ਲੋਕ ਸਭਾ ਚੋਣ ਲਈ ਲਾਏ ਗਏ ਸਹਾਇਕ ਖਰਚਾ ਨਿਗਰਾਨ ਵਿਸ਼ੇਸ਼ ਤੌਰ ’ਤੇ ਰਾਜਨੀਤਕ ਪਾਰਟੀਆਂ/ਸੰਭਾਵੀ ਉਮੀਦਵਾਰਾਂ ਨੂੰ ਜਾਣਕਾਰੀ ਦੇਣ ਲਈ ਬੁਲਾਏ ਗਏ ਹਨ।