ਚੋਣ ਮੀਟਿੰਗ ਦੌਰਾਨ ਸੰਬੋਧਨ ਕਰਦੇ ਹੋਏ ਡਾ. ਧਰਮਵੀਰ ਗਾਂਧੀ
ਪਟਿਆਲਾ, 10 ਅਪ੍ਰੈਲ 2019: ਮੈਂਬਰ ਪਾਰਲੀਮੈਂਟ ਡਾ.ਧਰਮਵੀਰ ਗਾਂਧੀ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਦੋਵੇਂ ਹੀ ਗੈਂਗਸਟਰਾਂ ਅਤੇ ਬਦਮਾਸ਼ਾਂ ਨੂੰ ਆਪੋ ਆਪਣੀਆਂ ਪਾਰਟੀਆਂ ਵਿੱਚ ਸ਼ਾਮਿਲ ਕਰਵਾ ਕੇ ਜ਼ੁਰਮ ਦਰ ਵਿਚ ਇਜ਼ਾਫਾ ਕਰਦੇ ਹਨ। ਉਹਨਾਂ ਕਿਹਾ ਕਿ ਜਿਥੇ ਬੀਤੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਕਾਂਗਰਸੀ ਉਮੀਦਵਾਰ ਸ਼੍ਰੀਮਤੀ ਪਰਨੀਤ ਕੌਰ ਹੁਰਾਂ ਨੇ ਆਪਣੀ ਪਾਰਟੀ ਵਿੱਚ ਗੈਂਗਸਟਰ ਨੂੰ ਸ਼ਾਮਲ ਕਰਕੇ ਆਪਣੀ ਸਟੇਜ਼ ਢਾਂ ਸ਼ਿੰਗਾਰ ਬਣਾਇਆ ਸੀ, ਉੱਥੇ ਦੂਜੇ ਪਾਸੇ ਧਨਾਢ ਸਿਆਸਤਦਾਨ ਵਜੋਂ ਜਾਣੇ ਜਾਂਦੇ ਅਕਾਲੀ ਦਲ ਦੇ ਉਮੀਦਵਾਰ ਸ.ਸੁਰਜੀਤ ਸਿੰਘ ਰੱਖੜਾ ਹੁਰਾਂ ਦੇ ਨਜ਼ਦੀਕੀ ਅਕਾਲੀ ਕੌਂਸਲਰ ਰਜਿੰਦਰ ਵਿਰਕ ਨੇ ਆਪਣੇ ਸਾਥੀਆਂ ਸਮੇਤ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਮੇਰੇ 'ਤੇ ਹਮਲਾ ਕੀਤਾ ਸੀ। ਹਮਲੇ ਤੋਂ ਬਾਅਦ ਰਜਿੰਦਰ ਵਿਰਕ ਨੂੰ ਜੇਲ੍ਹ ਭੇਜਿਆ ਗਿਆ ਅਤੇ ਜਿਸ ਦਿਨ ਰਜਿੰਦਰ ਵਿਰਕ ਜੇਲ੍ਹ ਵਿਚੋਂ ਜ਼ਮਾਨਤ ਤੇ ਬਾਹਰ ਆਇਆ ਸੀ ਤਾਂ ਅਕਾਲੀ ਲੀਡਰਾਂ ਵਲੋਂ ਫੁੱਲਾਂ ਦੇ ਹਾਰ ਪਾ ਕੇ ਜ਼ੋਰ-ਸ਼ੋਰ ਨਾਲ ਇਸ ਤਰੀਕੇ ਉਸਦਾ ਸੁਆਗਤ ਕੀਤਾ ਗਿਆ ਸੀ ਜਿਵੇਂ ਉਹ ਕੋਈ ਜੰਗ ਜਿੱਤ ਕੇ ਆਇਆ ਹੋਵੇ।
ਡਾ. ਗਾਂਧੀ ਨੇ ਕਿਹਾ ਕਿ ਅਕਾਲੀ ਅਤੇ ਕਾਂਗਰਸੀ ਦੋਵੇਂ ਪਾਰਟੀਆਂ ਦੇ ਲੀਡਰ ਹੀ ਗੈਂਗਸਟਰਾਂ, ਬਦਮਾਸ਼ਾਂ ਅਤੇ ਨਸ਼ਾ ਸਮੱਗਲਰਾਂ ਨੂੰ ਉਤਸ਼ਾਹਿਤ ਕਰਦੇ ਹਨ ਇਸੇ ਕਰਕੇ ਆਏ ਦਿਨ ਪੰਜਾਬ ਅੰਦਰ ਲੁੱਟ-ਖੋਹ ਅਤੇ ਕਤਲ ਵਰਗੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਜੇਕਰ ਲੀਡਰ ਖੁਦ ਹੀ ਗੈਂਗਸਟਰਾਂ ਅਤੇ ਬਦਮਾਸ਼ਾਂ ਨੂੰ ਉਤਸ਼ਾਹਿਤ ਨਾ ਕਰਨ ਤਾਂ ਉਹਨਾਂ ਨੂੰ ਬੁਲੇਟ ਪਰੂਫ ਗੱਡੀਆਂ ਅਤੇ ਜ਼ੈਡ ਸਕਿਉਰਿਟੀ ਦੀ ਲੋੜ ਨਾ ਪਵੇ।