ਮਾਨਸਾ 10 ਅਪ੍ਰੈਲ 2019 (ਮਿੱਤਰ ਸੈਨ ਸ਼ਰਮਾ) ਮਾਣਯੋਗ ਜ਼ਿਲ੍ਹਾ ਸ਼ੈਸ਼ਨ ਅਤੇ ਜੱਜ ਮਾਨਸਾ ਦੀ ਅਦਾਲਤ ਵੱਲੋਂ ਅਣਖ਼ ਲਈ ਕੀਤੇ ਕਤਲ ਕੇਸ ਦੀ ਸੁਣਵਾਈ ਕਰਦਿਆਂ ਇੱਕ ਵਿਅਕਤੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ, ਜਦਕਿ ਬਾਕੀ ਛੇ ਵਿਅਕਤੀਆਂ ਨੂੰ ਬਾ–ਇੱਜਤ ਬਰੀ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਸਰਦੂਲਗੜ੍ਹ ਵਿਖੇ ਇੱਕ ਪ੍ਰਾਈਵੇਟ ਸਕੂਲ 'ਚ ਪੜ੍ਹਾਉਂਦਾ ਨੌਜਵਾਨ ਗੁਰਪਿਆਰ ਸਿੰਘ ਪੁੱਤਰ ਮਿੱਠੂ ਸਿੰਘ ਵਾਸੀ ਪਿੰਡ ਫੱਤਾ ਮਾਲੋਕਾ ਨੇ ਪਿੰਡ ਭੰਮੇ ਕਲਾਂ ਵਾਸੀ ਸਿਮਰਜੀਤ ਕੌਰ, ਜੋ ਕਿ ਸਰਕਾਰੀ ਅਧਿਆਪਕਾ ਸੀ, ਪੁੱਤਰੀ ਗਮਦੂਰ ਸਿੰਘ ਨਾਲ 29 ਸਤੰਬਰ 2014 ਨੂੰ ਹਾਈਕੋਰਟ ਚੰਡੀਗੜ੍ਹ ਵਿਖੇ ਕੋਰਟ ਮੈਰਿਜ ਕਰਵਾਈ ਸੀ। ਜਿਸ ਤੋਂ ਲੜਕੀ ਦਾ ਪਰਿਵਾਰ ਨਾ–ਖੁਸ਼ ਚੱਲਿਆ ਆ ਰਿਹਾ ਸੀ। 16 ਅਪ੍ਰੈਲ 2015 ਦੀ ਸਵੇਰ ਗੁਰਪਿਆਰ ਸਿੰਘ ਅਤੇ ਉਸ ਦੀ ਪਤਨੀ ਸਿਮਰਜੀਤ ਕੌਰ ਰੋਜ਼ਾਨਾ ਦੀ ਤਰ੍ਹਾਂ ਮੋਟਰਸਾਇਕਲ 'ਤੇ ਸਵਾਰ ਹੋ ਕੇ ਡਿਊਟੀ 'ਤੇ ਸਰਦੂਲਗੜ੍ਹ ਵਿਖੇ ਜਾ ਰਹੇ ਸਨ, ਕਿ ਰਸਤੇ 'ਚ ਪੈਂਦੇ ਗਿੱਲ ਪੈਟਰੋਲ ਪੰਪ ਦੇ ਲਾਗੇ ਕਾਰ ਸਵਾਰ ਕੁੱਝ ਵਿਅਕਤੀਆਂ ਨੇ ਪਹਿਲਾਂ ਮੋਟਰਸਾਇਕਲ ਨੂੰ ਟੱਕਰ ਮਾਰੀ ਅਤੇ ਫਿਰ ਉਕਤ ਪਤੀ–ਪਤਨੀ 'ਤੇ ਫਾਈਰਿੰਗ ਕਰ ਦਿੱਤੀ। ਜਿਸ ਦੌਰਾਨ ਸਿਮਰਜੀਤ ਕੌਰ ਦੀ ਮੌਕੇ 'ਤੇ ਮੌਤ ਹੋ ਗਈ। ਇਸ ਸਬੰਧੀ ਮ੍ਰਿਤਕਾ ਦੇ ਪਤੀ ਗੁਰਪਿਆਰ ਸਿੰਘ ਦੀ ਸ਼ਿਕਾਇਤ 'ਤੇ ਥਾਣਾ ਝੁਨੀਰ ਦੇ ਤੱਤਕਾਲੀਨ ਮੁੱਖ ਅਫ਼ਸਰ ਜਸਕਰਨ ਸਿੰਘ ਨੇ 16 ਅਪ੍ਰੈਲ 2015 ਨੂੰ ਮ੍ਰਿਤਕਾ ਦੇ ਪਿਤਾ ਗਮਦੂਰ ਸਿੰਘ, ਭਰਾ ਸੁਖਵਿੰਦਰ ਸਿੰਘ, ਬੂਟਾ ਸਿੰਘ, ਜੱਗੀ ਸਿੰਘ, ਬੱਬੀ ਵਾਸੀਆਨ ਭੰਮੇ ਕਲਾਂ, ਗਗਨਦੀਪ ਸਿੰਘ ਵਾਸੀ ਰਤੀਆ ਅਤੇ ਮਾਮੇ ਦੇ ਪੁੱਤਰ ਮੱਖਣ ਸਿੰਘ ਵਾਸੀ ਫੱਤਾ ਮਾਲੋਕਾ ਦੇ ਖਿਲਾਫ਼ ਧਾਰਾ 302,307,427, 148,149 ਅਤੇ ਆਰਮਜ਼ ਐਕਟ ਦੇ ਤਹਿਤ ਮਾਮਲਾ ਨੰ: 19 ਦਰਜ ਕਰਕੇ ਸੁਣਵਾਈ ਦੇ ਲਈ ਅਦਾਲਤ 'ਚ ਪੇਸ਼ ਕੀਤਾ, ਜਿੱਥੇ ਇਸ ਕੇਸ ਦੀ ਸੁਣਵਾਈ ਕਰਦਿਆਂ ਮਾਣਯੋਗ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਮਾਨਸਾ ਮਨਦੀਪ ਕੌਰ ਪੰਨੂ ਦੀ ਅਦਾਲਤ ਵੱਲੋਂ ਮ੍ਰਿਤਕਾ ਸਿਮਰਜੀਤ ਕੌਰ ਦੇ ਮਾਮੇ ਦੇ ਲੜਕੇ ਮੱਖਣ ਸਿੰਘ ਨੂੰ ਫਾਂਸੀ ਦੀ ਸਜ਼ਾ ਦਾ ਹੁਕਮ ਸੁਣਾਇਆ ਹੈ, ਜਦਕਿ ਮਾਮਲੇ 'ਚ ਨਾਮਜ਼ਦ ਬਾਕੀ ਵਿਅਕਤੀਆਂ ਨੂੰ ਬਰੀ ਕਰਨ ਦਾ ਫ਼ੈਸਲਾ ਸੁਣਾਇਆ ਹੈ।