ਮਾਨਸਾ 10 ਅਪ੍ਰੈਲ 2019: ਮੋਦੀ ਸਰਕਾਰ ਰਾਸ਼ਟਰਵਾਦ ਦੇ ਨਾਂ 'ਤੇ ਚਾਹੇ ਕਿੰਨੀ ਵੀ ਭੜਕਾਊ ਲਫਾਜ਼ੀ ਅਤੇ ਜੁਮਲੇਬਾਜ਼ੀ ਕਰੇ, ਪਰ ਹਕੀਕਤ ਵਿੱਚ ਉਸਦਾ ਸਾਡੇ ਦੇਸ਼, ਸਾਡੀ ਸਾਮਰਾਜ ਵਿਰੋਧੀ ਜੁਝਾਰੂ ਵਿਰਾਸਤ ਅਤੇ ਸਾਡੇ ਆਜ਼ਾਦੀ ਸੰਗਰਾਮ ਦੌਰਾਨ ਆਪਣੀਆਂ ਜਾਨਾਂ ਵਾਰਨ ਤੇ ਕੁਰਬਾਨੀਆਂ ਕਰਨ ਵਾਲੇ ਸ਼ਹੀਦਾਂ ਅਤੇ ਦੇਸ਼ ਭਗਤਾਂ ਨਾਲ ਕੋਈ ਦੂਰ ਦਾ ਵੀ ਵਾਸਤਾ ਨਹੀਂ ਹੈ। ਇਹ ਗੱਲ ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਸੀਪੀਆਈ (ਐਮ.ਐਲ.) ਲਿਬਰੇਸ਼ਨ ਦੇ ਕੇਂਦਰੀ ਜਨਰਲ ਸਕੱਤਰ ਕਾਮਰੇਡ ਦੀਪਾਂਕਰ ਭੱਟਾਚਾਰੀਆ ਨੇ ਕਹੀ। ਕਾਮਰੇਡ ਭੱਟਾਚਾਰੀਆ ਲੋਕ ਸਭਾ ਚੋਣਾਂ ਸਬੰਧੀ ਪੰਜਾਬ ਦੇ ਤਿੰਨ ਰੋਜ਼ਾ ਦੌਰੇ ਲਈ ਅੱਜ ਸ਼ਾਮ ਹੀ ਮਾਨਸਾ ਪਹੁੰਚੇ ਸਨ।
13 ਅਪ੍ਰੈਲ ਨੂੰ ਮਨਾਈ ਜਾ ਰਹੀ ਸਾਕਾ ਜਲ੍ਹਿਆਂਵਾਲਾ ਬਾਗ ਦੀ ਪਹਿਲੀ ਸ਼ਤਾਬਦੀ ਸਬੰਧੀ ਬੋਲਦਿਆਂ ਉਨ੍ਹਾਂ ਕਿਹਾ ਕਿ ਬੇਸ਼ੱਕ ਦੇਸ਼ ਭਰ ਵਿੱਚ ਆਮ ਜਨਤਾ ਅਤੇ ਇਨਕਲਾਬੀ ਜਮਹੂਰੀ ਤਾਕਤਾਂ ਵਿਆਪਕ ਪੱਧਰ 'ਤੇ ਜਲ੍ਹਿਆਂਵਾਲਾ ਬਾਗ ਸਾਕੇ ਦੇ ਸ਼ਹੀਦਾਂ ਦੀ ਯਾਦ ਵਿੱਚ ਅਨੇਕਾਂ ਸਮਾਗਮ ਕਰਕੇ ਆਪਣੀ ਭਾਵਨਾ ਦਾ ਪ੍ਰਗਟਾਵਾ ਕਰ ਰਹੀਆਂ ਹਨ, ਪਰ ਪ੍ਰਧਾਨ ਮੰਤਰੀ ਵੱਲੋਂ ਜਲ੍ਹਿਆਂਵਾਲਾ ਬਾਗ ਯਾਦਗਾਰ ਟਰੱਸਟ ਦਾ ਮੁੱਖੀ ਹੋਣ ਦੇ ਬਾਵਜੂਦ ਹਾਲੇ ਤੱਕ ਇੰਨ੍ਹਾਂ ਸ਼ਤਾਬਦੀ ਸਮਾਗਮਾਂ ਬਾਰੇ ਇੱਕ ਵੀ ਸ਼ਬਦ ਮੂੰਹੋਂ ਨਹੀਂ ਕੱਢਿਆ ਗਿਆ। ਹੋਰ ਤਾਂ ਹੋਰ ਜਲ੍ਹਿਆਂਵਾਲਾ ਬਾਗ ਨੂੰ ਸਾਡੀ ਇਤਿਹਾਸਕ ਵਿਰਾਸਤ ਵਜੋਂ ਸਾਂਭਣ ਅਤੇ ਵਿਕਸਤ ਕਰਨ ਲਈ ਕੇਂਦਰ ਸਰਕਾਰ ਵੱਲੋਂ 100 ਕਰੋੜ ਰੁਪਏ ਗ੍ਰਾਂਟ ਦੇਣ ਦਾ ਜੋ ਐਲਾਨ ਕੀਤਾ ਗਿਆ ਸੀ, ਹਾਲੇ ਤੱਕ ਉਹ ਵੀ ਜਾਰੀ ਨਹੀਂ ਕੀਤੀ ਗਈ। ਅਫਸੋਸ ਦੀ ਗੱਲ ਤਾਂ ਇਹ ਹੈ ਕਿ ਹਾਲੇ ਤੱਕ ਸਰਕਾਰ ਖੋਜ ਪੜਤਾਲ ਕਰਵਾਕੇ ਇਸ ਸਾਕੇ ਵਿੱਚ ਸ਼ਹੀਦ ਅਤੇ ਜਖ਼ਮੀ ਹੋਣ ਵਾਲਿਆਂ, ਜਾਇਦਾਦ ਦੀ ਜ਼ਬਤੀ ਤੇ ਸਜ਼ਾਵਾਂ ਭੁਗਤਣ ਵਾਲਿਆਂ ਅਤੇ ਸ਼ਹੀਦਾਂ ਦੇ ਵਾਰਿਸਾਂ ਸਬੰਧੀ ਪ੍ਰਮਾਣਿਕ ਸੂਚੀ ਅਤੇ ਤੱਥ ਵੀ ਇਕੱਤਰ ਨਹੀਂ ਕਰ ਸਕੀ। ਇਹ ਸਿਰਫ ਅਣਗਹਿਲੀ ਦਾ ਮਾਮਲਾ ਨਹੀਂ ਬਲਕਿ ਵਿਚਾਰਧਾਰਾ ਅਤੇ ਨਜ਼ਰੀਏ ਦਾ ਸੁਆਲ ਹੈ। ਅਪ੍ਰੈਲ 1919 ਦਾ ਅੰਮ੍ਰਿਤਸਰ ਅਤੇ ਜਲ੍ਹਿਆਂਵਾਲਾ ਬਾਗ ਉਹ ਵਿਲੱਖਣ ਸਥਾਨ ਹੈ ਜਿੱਥੇ ਜ਼ਾਲਮ ਬਰਤਾਨਵੀ ਹਕੂਮਤ ਦੇ ਖਿਲਾਫ ਸੰਗਰਾਮ ਵਿੱਚ ਸਿੱਖਾਂ, ਹਿੰਦੂਆਂ ਅਤੇ ਮੁਸਲਮਾਨਾਂ ਨੇ ਇੱਕ ਜਾਨ ਹੋ ਕੇ ਮੈਦਾਨ ਮੱਲਿਆ ਅਤੇ ਜਿਸ ਬਾਰੇ ਪੰਜਾਬ ਦੇ ਉÎੱਘੇ ਦੇਸ਼ ਭਗਤ ਕਵੀ ਵਿਧਾਤਾ ਸਿੰਘ ਤੀਰ ਨੇ ਲਿਖਿਆ ਸੀ - 'ਰਲਿਆ ਖੂਨ ਹਿੰਦੂ ਸਿੱਖ ਮੁਸਲਮਾਨ ਇੱਥੇ', ਪਰ ਸ਼੍ਰੀ ਮਾਨ ਨਰਿੰਦਰ ਮੋਦੀ - ਜਿਸ ਆਰ.ਐਸ.ਐਸ. ਦੀ ਪੈਦਾਇਸ਼ ਹਨ, ਆਪਣੇ ਹੋਂਦ ਵਿੱਚ ਆਉਣ ਵੇਲੇ ਤੋਂ ਹੀ ਉਸ ਦਾ ਇਤਿਹਾਸ ਅੰਗਰੇਜ਼ ਹਕੂਮਤ ਦੇ ਝੋਲੀ ਚੁੱਕਾਂ ਵਾਲਾ ਅਤੇ ਫਿਰਕੂ ਨਫਰਤ ਤੇ ਦੰਗੇ ਭੜਕਾਉਣ ਵਾਲਾ ਰਿਹਾ ਹੈ। ਇਸੇ ਲਈ ਸੰਘ-ਬੀਜੇਪੀ ਲਈ ਜਲ੍ਹਿਆਂਵਾਲਾ ਬਾਗ ਕਦੇ ਪ੍ਰੇਰਨਾ ਦਾ ਕੇਂਦਰ ਬਣ ਸਕੇ - ਇਹ ਸੰਭਵ ਹੀ ਨਹੀਂ ਹੈ । ਜਦੋਂਕਿ ਇਹ ਸਾਕਾ ਦੇਸ਼ ਦੇ ਤਮਾਮ ਇਨਕਲਾਬੀ ਜਮਹੂਰੀ ਤੇ ਦੇਸ਼ ਭਗਤ ਲੋਕਾਂ ਲਈ ਹਮੇਸ਼ਾ ਹੀ ਇਨਕਲਾਬੀ ਪ੍ਰੇਰਣਾ ਦਾ ਇੱਕ ਵੱਡਾ ਸੋਮਾ ਬਣਿਆ ਰਿਹਾ ਹੈ ਅਤੇ ਰਹੇਗਾ।
ਕਾਮਰੇਡ ਦੀਪਾਂਕਰ ਨੇ ਦੱਸਿਆ ਕਿ ਉਹ ਕੱਲ੍ਹ ਪਾਰਟੀ ਸਾਥੀਆਂ ਸਮੇਤ ਸੁਨਾਮ ਪਹੁੰਚ ਕੇ ਜਲ੍ਹਿਆਂਵਾਲਾ ਬਾਗ ਸਾਕੇ ਦਾ 21 ਸਾਲ ਬਾਦ ਲੰਡਨ 'ਚ ਬਦਲਾ ਲੈਣ ਵਾਲੇ ਮਹਾਨ ਇਨਕਲਾਬੀ ਸ਼ਹੀਦ ਊਧਮ ਸਿੰਘ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਨਗੇ ਅਤੇ 13 ਅਪ੍ਰੈਲ ਨੂੰ ਜਲ੍ਹਿਆਂਵਾਲਾ ਬਾਗ ਪਹੁੰਚ ਕੇ ਸ਼ਹੀਦਾਂ ਪ੍ਰਤੀ ਨਤ-ਮਸਤਕ ਹੋਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ 12 ਅਪ੍ਰੈਲ ਸ਼ਾਮ ਨੂੰ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਦੀ ਯਾਦ ਵਿੱਚ ਮੋਮਬੱਤੀਆਂ ਜਗਾਉਣ ਅਤੇ ਪ੍ਰਣ ਲੈਣ ਕਿ ਆ ਰਹੀਆਂ ਲੋਕ ਸਭਾ ਚੋਣਾਂ ਵਿੱਚ ਉਹ ਫਿਰਕੂ ਫਾਸਿਸ਼ਟਾਂ, ਸਾਮਰਾਜੀਆਂ ਅਤੇ ਕਾਰਪੋਰੇਟ ਕੰਪਨੀਆਂ ਦੇ ਪਿੱਠੂ ਸਿਆਸਤਦਾਨਾਂ ਨੁੰ ਸੱਤਾ ਤੋਂ ਬੇਦਖਲ ਕਰਨ ਲਈ ਆਪਣਾ ਪੂਰਾ ਤਾਣ ਲਾ ਦੇਣਗੇ।
ਇਸ ਮੌਕੇ ਉਨ੍ਹਾਂ ਦੇ ਨਾਲ ਪਾਰਟੀ ਦੇ ਪੋਲਿਟ ਬਿਊਰੋ ਮੈਂਬਰ ਕਾਮਰੇਡ ਪ੍ਰਭਾਤ ਚੌਧਰੀ, ਕੇਂਦਰੀ ਕਮੇਟੀ ਮੇਬਰ ਕਾ. ਸੁਖਦਰਸ਼ਨ ਨੱਤ, ਕਾ. ਰਾਜਵਿੰਦਰ ਸਿੰਘ ਰਾਣਾ, ਰੁਲਦੂ ਸਿੰਘ ਮਾਨਸਾ ਅਤੇ ਕਾਮਰੇਡ ਨਛੱਤਰ ਸਿੰਘ ਖੀਵਾ ਵੀ ਮੌਜੂਦ ਸਨ।