ਜਲੰਧਰ, 16 ਅਪ੍ਰੈਲ 2019: ਕਾਂਗਰਸ ਦੇ ਰਾਜ ਸਭਾ ਦੇ ਮੈਂਬਰ ਅਤੇ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਦੀ ਪਤਨੀ ਅਤੇ ਸਾਬਕਾ ਕਾਂਗਰਸੀ ਵਿਧਾਇਕ ਹਰਬੰਸ ਕੌਰ ਦੂਲੋ ਮੰਗਲਵਾਰ ਨੂੰ ਆਮ ਆਦਮੀ ਪਾਰਟੀ (ਆਪ) 'ਚ ਰਸਮੀ ਤੌਰ 'ਤੇ ਸ਼ਾਮਲ ਹੋ ਗਏ ਹਨ। ਇਸ ਦੇ ਨਾਲ ਹੀ 'ਆਪ' ਨੇ ਹਰਬੰਸ ਕੌਰ ਦੂਲੋ ਨੂੰ ਫ਼ਤਿਹਗੜ੍ਹ ਸਾਹਿਬ ਲੋਕ ਸਭਾ ਹਲਕੇ ਤੋਂ ਪਾਰਟੀ ਦਾ ਉਮੀਦਵਾਰ ਐਲਾਨ ਦਿੱਤਾ ਹੈ। ਇਸ ਮੌਕੇ ਹੀ 2017 'ਚ ਤ੍ਰਿਣਮੂਲ ਕਾਂਗਰਸ ਪਾਰਟੀ ਵੱਲੋਂ ਜਲੰਧਰ ਕੇਂਦਰੀ ਤੋਂ ਵਿਧਾਨ ਸਭਾ ਚੋਣ ਲੜਨ ਵਾਲੇ ਨੌਜਵਾਨ ਆਗੂ ਤਰਣਜੀਤ ਸਿੰਘ ਸਨੀ ਨੇ ਆਪਣੇ 100 ਤੋਂ ਵੱਧ ਨੌਜਵਾਨ ਸਾਥੀਆਂ ਨਾਲ ਘਰ ਵਾਪਸੀ ਕਰਦੇ ਹੋਏ 'ਆਪ' ਦਾ ਝਾੜੂ ਚੁੱਕ ਲਿਆ ਹੈ।
ਜਲੰਧਰ ਪ੍ਰੈੱਸ ਕਲੱਬ 'ਆਪ' ਵੱਲੋਂ ਆਯੋਜਿਤ ਪ੍ਰੈੱਸ ਕਾਨਫ਼ਰੰਸ 'ਚ ਹਰਬੰਸ ਕੌਰ ਦੂਲੋ ਅਤੇ ਤਰਣਜੀਤ ਸਿੰਘ ਸਨੀ ਅਤੇ ਸਾਥੀਆਂ ਨੂੰ ਪਾਰਟੀ 'ਚ ਸ਼ਾਮਲ ਕਰਨ ਦੀ ਰਸਮ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਤੇ ਵਿਧਾਇਕ ਅਮਨ ਅਰੋੜਾ, ਵਿਧਾਇਕ ਅਤੇ ਕਿਸਾਨ ਵਿੰਗ ਦੇ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ, ਵਿਧਾਇਕ ਅਤੇ ਐਨ.ਆਰ.ਆਈ ਵਿੰਗ ਦੇ ਪ੍ਰਧਾਨ ਜੈ ਕਿਸ਼ਨ ਸਿੰਘ ਰੋੜੀ, ਜਲੰਧਰ ਤੋਂ ਲੋਕ ਸਭਾ ਉਮੀਦਵਾਰ ਜਸਟਿਸ ਜੋਰਾ ਸਿੰਘ, ਫ਼ਤਿਹਗੜ੍ਹ ਸਾਹਿਬ ਪਹਿਲਾਂ ਐਲਾਨੇ ਪਾਰਟੀ ਉਮੀਦਵਾਰ ਬਲਜਿੰਦਰ ਸਿੰਘ ਚੌਂਦਾ, ਹਲਕਾ ਚੋਣ ਪ੍ਰਚਾਰ ਇੰਚਾਰਜ ਨਵਦੀਪ ਸਿੰਘ ਸੰਘਾ, ਜਲੰਧਰ ਤੋਂ ਜ਼ਿਲ੍ਹਾ ਪ੍ਰਧਾਨ ਡਾ. ਸ਼ਿਵ ਦਿਆਲ ਮਾਲੀ ਅਤੇ ਸੂਬਾ ਉਪ ਪ੍ਰਧਾਨ ਡਾ. ਸੰਜੀਵ ਸ਼ਰਮਾ ਨੇ ਨਿਭਾਈ।
ਮੀਡੀਆ ਨੂੰ ਸੰਬੋਧਨ ਕਰਦੇ ਹੋਏ ਅਮਨ ਅਰੋੜਾ ਨੇ ਕਿਹਾ ਕਿ ਦੂਲੋ ਪਰਿਵਾਰ ਨੇ ਹਮੇਸ਼ਾ ਦਲਿਤਾਂ, ਗ਼ਰੀਬਾਂ ਅਤੇ ਦੱਬੀ ਕੁਚਲੀ ਜਮਾਤ ਦੇ ਹੱਕਾਂ ਲਈ ਪਹਿਰਾ ਦਿੱਤਾ ਜਦਕਿ ਦਲਿਤਾਂ-ਗ਼ਰੀਬਾਂ ਦੇ ਹੱਕਾਂ 'ਤੇ ਡਾਕਾ ਮਾਰਨ ਵਾਲੀ ਸਰਮਾਏਦਾਰੀ-ਰਜਵਾੜਾਸ਼ਾਹੀ ਵਿਰੁੱਧ ਡਟ ਕੇ ਆਵਾਜ਼ ਬੁਲੰਦ ਕੀਤੀ। ਅਮਨ ਅਰੋੜਾ ਨੇ ਸ਼ਮਸ਼ੇਰ ਸਿੰਘ ਦੂਲੋ ਅਤੇ ਪਰਿਵਾਰ ਨੂੰ ਦਲਿਤਾਂ-ਗ਼ਰੀਬਾਂ ਲਈ ਖੁੱਲ ਕੇ ਬੋਲਣ ਵਾਲਾ ਪਰਿਵਾਰ ਕਰਾਰ ਦਿੰਦੇ ਹੋਏ ਕਿਹਾ ਕਿ ਹਰਬੰਸ ਕੌਰ ਦੂਲੋ ਦੀ ਆਮਦ ਨਾਲ ਜਿੱਥੇ ਪਾਰਟੀ ਫ਼ਤਿਹਗੜ੍ਹ ਸਾਹਿਬ ਸੀਟ 'ਤੇ ਹੋਰ ਵੱਡੀ ਜਿੱਤ ਦਰਜ ਕਰੇਗੀ, ਉੱਥੇ ਇਸ ਪਰਿਵਾਰ ਦਾ ਪਾਰਟੀ ਨੂੰ ਪੂਰੇ ਪੰਜਾਬ 'ਚ ਫ਼ਾਇਦਾ ਮਿਲੇਗਾ।
ਅਮਨ ਅਰੋੜਾ ਨੇ ਬਲਜਿੰਦਰ ਸਿੰਘ ਚੌਂਦਾ ਵੱਲੋਂ ਆਪਣੀ ਟਿਕਟ ਤਿਆਗ ਕੇ ਹਰਬੰਸ ਕੌਰ ਦੂਲੋ ਦੀ ਝੋਲੀ 'ਚ ਪਾਉਣ ਦੀ ਰੱਜ ਕੇ ਤਾਰੀਫ਼ ਕੀਤੀ ਅਤੇ ਕਿਹਾ ਕਿ ਇਸ ਕਦਮ ਤੋਂ ਨਾ ਕੇਵਲ 'ਆਪ' ਸਗੋਂ ਸਾਰੀਆਂ ਪਾਰਟੀਆਂ ਦੇ ਆਗੂਆਂ ਨੂੰ ਸਬਕ ਲੈਣਾ ਚਾਹੀਦਾ ਹੈ ਕਿ ਨਿੱਜ ਤੋਂ ਵੱਡੀ ਪਾਰਟੀ ਅਤੇ ਪਾਰਟੀ ਤੋਂ ਵੱਡਾ ਦੇਸ਼ ਹੁੰਦਾ ਹੈ।
ਇਸ ਮੌਕੇ ਜਿੱਥੇ ਚੌਂਦਾ ਨੇ ਪਾਰਟੀ ਨੂੰ ਆਪਣੇ ਲਈ ਸਰਵੋਤਮ ਕਿਹਾ, ਉੱਥੇ ਹਰਬੰਸ ਕੌਰ ਦੂਲੋ ਨੇ ਕਿਹਾ ਕਿ ਉਹ ਪਾਰਟੀ ਵੱਲੋਂ ਐਨੇ ਵੱਡੇ ਮਾਣ ਨਾਲ ਨਿਵਾਜੇ ਜਾਣ ਲਈ ਸਦਾ ਰਿਣੀ ਰਹਿਣਗੇ ਅਤੇ ਪਾਰਟੀ ਅਤੇ ਲੋਕਾਂ ਨੂੰ ਪਹਿਲਾਂ ਵਾਂਗ ਦਿਨ ਰਾਤ ਸਮਰਪਿਤ ਰਹਿਣਗੇ।
ਇਸ ਦੇ ਨਾਲ ਹੀ ਅਮਨ ਅਰੋੜਾ ਅਤੇ ਕੁਲਤਾਰ ਸਿੰਘ ਸੰਧਵਾਂ ਨੇ ਬਲਜਿੰਦਰ ਕੌਰ ਦੂਲੋ ਅਤੇ ਅੰਮ੍ਰਿਤਸਰ ਤੋਂ ਸੀਨੀਅਰ ਆਗੂ ਡਾ. ਇੰਦਰਬੀਰ ਸਿੰਘ ਨਿੱਝਰ ਨੂੰ ਸੂਬਾ ਕੋਰ ਕਮੇਟੀ ਦੇ ਮੈਂਬਰ ਨਿਯੁਕਤ ਕਰਨ ਦੀ ਘੋਸ਼ਣਾ ਵੀ ਕੀਤੀ।
ਇੱਕ ਸਵਾਲ ਦੇ ਜਵਾਬ 'ਚ ਹਰਬੰਸ ਕੌਰ ਦੂਲੋ ਨੇ ਸਪਸ਼ਟ ਕਿਹਾ ''ਉਨ੍ਹਾਂ ਇਹ ਫ਼ੈਸਲਾ ਸਰਦਾਰ ਸ਼ਮਸ਼ੇਰ ਸਿੰਘ ਦੂਲੋ ਨੂੰ ਪੁੱਛ ਕੇ ਲਿਆ ਹੈ, ਪਰ ਦੂਲੋ ਸਾਹਿਬ ਦਾ ਆਪਣਾ ਕੀ ਫ਼ੈਸਲਾ ਹੈ ਇਸ ਬਾਰੇ ਉਹ ਖ਼ੁਦ ਹੀ ਦੱਸ ਸਕਦੇ ਹਨ''
ਸ੍ਰੀ ਖਡੂਰ ਸਾਹਿਬ ਤੋਂ ਲੋਕ ਸਭਾ ਹਲਕੇ ਤੋਂ ਟਕਸਾਲੀ ਅਕਾਲੀ ਦਲ ਵਾਂਗ ਪਰਮਜੀਤ ਕੌਰ ਖਾਲੜਾ ਦੇ ਹੱਕ 'ਚ 'ਆਪ' ਦਾ ਉਮੀਦਵਾਰ ਵਾਪਸ ਲੈਣ ਬਾਰੇ ਸਵਾਲ 'ਤੇ ਅਮਨ ਅਰੋੜਾ ਨੇ ਕਿਹਾ ਕਿ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਮਨੁੱਖੀ ਅਧਿਕਾਰਾਂ ਲਈ ਲੜਾਈ ਲੜੀ ਅਤੇ ਕੁਰਬਾਨੀ ਦਿੱਤੀ ਅਤੇ ਸਾਡੀ ਪਾਰਟੀ ਵੀ ਉਹੋ ਜਿਹਾ ਨਿਜ਼ਾਮ ਸਥਾਪਿਤ ਕਰਨਾ ਚਾਹੁੰਦੀ ਹੈ, ਜਿੱਥੇ ਮਾਨਵੀ ਅਧਿਕਾਰ ਸੁਰੱਖਿਅਤ ਰਹਿਣ। ਇਸ ਕਰ ਕੇ ਅਸੀਂ ਬੀਬੀ ਖਾਲੜਾ ਦਾ ਬਹੁਤ ਸਤਿਕਾਰ ਕਰਦੇ ਹਾਂ, ਪਰੰਤੂ ਨਾਲ ਹੀ ਜੋ ਲੋਕ ਅੱਜ ਬੀਬੀ ਖਾਲੜਾ ਦਾ ਨਾਮ ਵਰਤ ਕੇ ਨਿੱਜੀ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੇ ਹਨ ਉਹ ਲੋਕ ਉਦੋਂ ਕਿਸ ਨਾਲ ਸਨ ਅਤੇ ਉਨ੍ਹਾਂ ਦੀ ਜ਼ਮੀਰ ਉਦੋਂ ਕਿਥੇ ਸੀ, ਜਦੋਂ ਸਰਦਾਰ ਖਾਲੜਾ ਨੂੰ ਚੁੱਕ ਕੇ ਮਾਰ ਮੁਕਾਇਆ ਸੀ।
ਅਮਨ ਅਰੋੜਾ ਨੇ ਸਪਸ਼ਟ ਕਿਹਾ ਕਿ ਅੱਜ ਬੀਬੀ ਖਾਲੜਾ ਕਿਸੇ ਹੋਰ ਪਾਰਟੀ ਦੀ ਮੈਂਬਰ ਹਨ ਅਤੇ ਚੋਣ ਲੜ ਰਹੇ ਹਨ, ਜਦਕਿ 'ਆਪ' ਨੇ ਆਪਣੇ ਯੂਥ ਵਿੰਗ ਦੇ ਗੁਰਸਿੱਖ ਨੌਜਵਾਨ ਮਨਜਿੰਦਰ ਸਿੰਘ ਸਿੱਧੂ ਨੂੰ ਟਿਕਟ ਦਿੱਤੀ ਹੋਈ ਹੈ।