ਐੱਸ.ਏ.ਐੱਸ ਨਗਰ 16 ਅਪ੍ਰੈਲ 2019: ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਬਣੇ ਮਿਆਰ ਨੂੰ ਬਰਕਰਾਰ ਰੱਖਦਿਆਂ ਹੋਰ ਸੁਧਾਰ ਦੀ ਜ਼ਰੂਰਤ ਨੂੰ ਮਹਿਸੂਸ ਕੀਤਾ ਜਾ ਰਿਹਾ ਹੈ| ਪ੍ਰਾਈਵੇਟ ਸਕੂਲਾਂ ਤੋਂ ਨਾਮ ਕਟਾ ਕੇ ਵਿਦਿਆਰਥੀ ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਲੈ ਰਹੇ ਹਨ| ਸਪਸ਼ਟ ਪਤਾ ਲੱਗਦਾ ਹੈ ਕਿ ਪਿਛਲੇ ਸਾਲ ਦੌਰਾਨ ਅਧਿਆਪਕਾਂ ਨੇ ਸਖ਼ਤ ਮਿਹਨਤ ਕੀਤੀ ਹੈ| ਪਰ ਇਹ ਮਿਹਨਤ ਦਾ ਫਲ ਤਾਂ ਹੀ ਸਾਹਮਣੇ ਆਵੇਗਾ ਜੇਕਰ ਹੁਣ ਸਕੂਲ ਮੁਖੀ ਅਧਿਆਪਕਾਂ ਤੋਂ ਵੱਧ ਮਿਹਨਤ ਕਰਕੇ ਆਪਣੇ-ਆਪਣੇ ਸਕੂਲ ਦੀ ਟੀਚਾ ਕੇਂਦਰਿਤ ਯੋਜਨਾਬੰਦੀ ਕਰਨਗੇ|
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿਖੇ ਜ਼ਿਲ੍ਹਾ ਫ਼ਰੀਦਕੋਟ, ਫਾਜ਼ਿਲਕਾ ਅਤੇ ਫਤਿਹਗੜ੍ਹ ਸਾਹਿਬ ਤੋਂ ਪਹੁੰਚੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ, ਉਪ-ਜ਼ਿਲ੍ਹਾ ਸਿੱਖਿਆ ਅਫ਼ਸਰਾਂ, ਸੀਨੀਅਰ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲਾਂ ਤੇ ਹਾਈ ਸਕੂਲਾਂ ਦੇ ਮੁੱਖ ਅਧਿਆਪਕਾਂ ਤੇ ਇੰਚਾਰਜਾਂ ਦੀ ਇੱਕ ਦਿਨਾਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ| ਇਸ ਮੌਕੇ ਡੀਪੀਆਈ ਸੈਕੰਡਰੀ ਸਿੱਖਿਆ ਸੁਖਜੀਤ ਪਾਲ ਸਿੰਘ, ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਇੰਦਰਜੀਤ ਸਿੰਘ, ਡਿਪਟੀ ਸਟੇਟ ਪ੍ਰੋਜੈਕਟ ਡਾਇਰੈਕਟਰ ਮਨੋਜ ਕੁਮਾਰ ਵੀ ਹਾਜ਼ਰ ਰਹੇ|
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਗੁਣਾਤਮਿਕ ਸਿੱਖਿਆ ਦੇ ਨਾਲ਼-ਨਾਲ਼ ਇਮਾਰਤਾਂ ਦੀ ਸਾਂਭ-ਸੰਭਾਲ ਲਈ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਵੱਲੋਂ ਅਗਵਾਈ ਦਿੱਤੀ ਜਾ ਰਹੀ ਹੈ| ਇਸ ਦੇ ਨਾਲ ਹੀ ਸਕੂਲਾਂ ਵਿੱਚ ਵਿਦਿਆਰਥੀਆਂ ਦਾ ਦਾਖ਼ਲੇ ਵਧਾਉਣ, ਸਮਾਂ ਸਾਰਨੀ ਅਨੁਸਾਰ ਅਧਿਆਪਕਾਂ ਵੱਲੋਂ ਰੋਜ਼ਾਨਾ ਜਮਾਤਾਂ ਵਿੱਚ ਪੜ੍ਹਾਉਣ, ਵਿਦਿਆਰਥੀਆਂ ਦੇ ਸਿੱਖਣ-ਪੱਧਰ ਵਿੱਚ ਸੁਧਾਰ ਅਤੇ ਜਮਾਤ ਅਨੁਸਾਰ ਸਿੱਖਣ ਪਰਿਣਾਮਾਂ ਦੇ ਪ੍ਰਾਪਤ ਕਰਨ ਦੀ ਰਿਪੋਰਟ ਤਿਆਰ ਕਰਨ, ਸਕੂਲਾਂ ਵਿੱਚ ਅਨੁਸ਼ਾਸਨ ਦਾ ਮਾਹੌਲ ਬਣਾਈ ਰੱਖਣ, ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਡਾਟਾ ਈ-ਪੋਰਟਲ 'ਤੇ ਬਿਨਾਂ ਦੇਰੀ ਕੀਤਿਆਂ ਅੱਪਲੋਡ ਕਰਨ, ਵਿਦਿਆਰਥੀਆਂ ਵਿੱਚ ਗਣਿਤ, ਵਿਗਿਆਨ ਤੇ ਅੰਗਰੇਜ਼ੀ ਭਾਸ਼ਾ ਦੀਆਂ ਧਾਰਨਾਵਾਂ ਸਮਝਣ ਦੀ ਰੁਚੀ ਪੈਦਾ ਕਰਨ ਲਈ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਆਪਣੇ ਵਿਚਾਰ ਸਾਂਝੇ ਕੀਤੇ|
ਇਸ ਮੌਕੇ ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਵਿਜ਼ਿਟ ਕਰਕੇ ਅਤਿਅੰਤ ਖ਼ੁਸ਼ੀ ਹੋ ਰਹੀ ਹੈ| ਉਹ ਜਿਹੜੇ ਵੀ ਸਕੂਲ ਵਿੱਚ ਜਾ ਰਹੇ ਹਨ ਸਕੂਲ ਮੁਖੀਆਂ ਤੇ ਅਧਿਆਪਕਾਂ ਦੀ ਹਿੰਮਤ ਅਤੇ ਦ੍ਰਿੜ੍ਹ ਸੰਕਲਪ ਸਦਕਾ ਸਕੂਲਾਂ ਦੀ ਹੋਈ ਕਾਇਆ-ਕਲਪ ਤੇ ਸੁੰਦਰ ਇਮਾਰਤ ਨੂੰ ਦੇਖ ਕੇ ਅਧਿਆਪਕਾਂ 'ਤੇ ਮਾਣ ਮਹਿਸੂਸ ਹੁੰਦਾ ਹੈ| ਉਨ੍ਹਾਂ ਇਹ ਵੀ ਕਿਹਾ ਕਿ ਰੋਜ਼ਾਨਾ ਨਵੇਂ ਬਣ ਰਹੇ ਸੈੱਲਫ਼ ਮੇਲ ਸਮਾਰਟ ਸਕੂਲਾਂ ਦੀ ਰਿਪੋਰਟਾਂ ਤਸਵੀਰਾਂ ਸਹਿਤ ਪ੍ਰਾਪਤ ਹੋ ਰਹੀਆਂ ਹਨ|
ਮੀਟਿੰਗ ਦੌਰਾਨ ਮੁੱਖ ਦਫ਼ਤਰ ਦੇ ਨੋਡਲ ਅਫ਼ਸਰਾਂ, ਸਕੂਲਾਂ ਦੇ ਪ੍ਰਿੰਸੀਪਲਾਂ, ਮੁੱਖ ਅਧਿਆਪਕਾਂ, ਸਟੇਟ ਰਿਸੋਰਸ ਪਰਸਨਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ|