ਕੀ ਮਾਲਵੇ ਦਾ ਇੱਕ ਵੱਡਾ ਨੇਤਾ ਸ਼ਾਮਲ ਹੋਏਗਾ ਅਕਾਲੀ ਦਲ 'ਚ ?
ਅਕਾਲੀ ਦਲ 'ਚ ਸ਼ਾਮਲ ਹੋਣ ਦੇ ਚਰਚਿਆਂ ਦਾ ਜਗਮੀਤ ਬਰਾੜ ਨੇ ਕੀਤਾ ਖੰ
ਚੰਡੀਗੜ੍ਹ , 16 ਅਪ੍ਰੈਲ , 2019 : ਫ਼ਿਰੋਜ਼ਪੁਰ ਲੋਕ ਸਭਾ ਹਲਕੇ ਦੇ ਰਾਜਨੀਤਕ ਹਲਕਿਆਂ ਅਤੇ ਸੋਸ਼ਲ ਮੀਡੀਆ ਤੇ ਅੱਜ ਇਹ ਚਰਚਾ ਰਹੀ ਮਾਲਵੇ ਦਾ ਇੱਕ ਵੱਡਾ ਨੇਤਾ ਇਸੇ ਹਫ਼ਤੇ ਅਕਾਲੀ ਦਲ ਵਿਚ ਸ਼ਾਮਲ ਹੋ ਰਿਹਾ ਹੈ .ਮੁਕਤਸਰ ਦੇ ਇਕ ਪੱਤਰਕਾਰ ਨੇ ਉਸਦਾ ਬਿਨਾਂ ਨਾ ਲਏ ਫੇਸਬੂਕ ਤੇ ਪੋਸਟ ਵੀ ਪਾ ਦਿੱਤੀ ਕਿ 19 ਅਪ੍ਰੈਲ ਨੂੰ "ਆਵਾਜ਼-ਏ-ਪੰਜਾਬ " ਵਜੋਂ ਜਾਣਿਆ ਜਾਂਦਾ ਇਹ ਨੇਤਾ ਅਕਾਲੀ ਨੇਤਾਵਾਂ ਨਾਲ ਜੱਫੀ ਪਾਏਗਾ .ਉਸਨੇ ਤਾਂ ਇਹ ਵੀ ਸੰਕੇਤ ਦਿੱਤੇ ਕਿ ਅਕਾਲੀ ਦਲ ਵੱਲੋਂ ਉਸਨੂੰ ਫ਼ਿਰੋਜ਼ਪੁਰ ਤੋਂ ਲੋਕ ਸਭਾ ਉਮੀਦਵਾਰ ਬਣਾਏ ਜਾ ਰਿਹਾ ਹੈ .ਉਸਦਾ ਇਸ਼ਾਰਾ "ਆਵਾਜ਼-ਏ-ਪੰਜਾਬ " ਵਜੋਂ ਜਾਣੇ ਸਾਬਕਾ ਐੱਮ ਪੀ ਅਤੇ ਸਾਬਕਾ ਸੀਨੀਅਰ ਕਾਂਗਰਸੀ ਆਗੂ ਜਗਮੀਤ ਬਰਾੜ ਵੱਲ ਸੀ .
ਇਨ੍ਹਾਂ ਕਿਆਸ ਅਰਾਈਆਂ ਦੀ ਪੁਸ਼ਟੀ ਕਰਨ ਲਈ ਜਦੋਂ ਬਾਬੂਸ਼ਾਹੀ ਵੱਲੋਂ ਜਗਮੀਤ ਬਰਾੜ ਨੌਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਇਸ ਦਾ ਖੰਡਨ ਕਰਦੇ ਹੋਏ ਦਾਅਵਾ ਕੀਤਾ ਕਿ ਇਹ ਅੰਦਾਜ਼ੇ ਸਰਾਸਰ ਗ਼ਲਤ ਹਨ ਅਤੇ ਉਨ੍ਹਾਂ ਨੇ ਅਜਿਹਾ ਕੋਈ ਨਿਰਨਾ ਨਹੀਂ ਕੀਤਾ . ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਬਠਿੰਡੇ ਤੋਂ ਚੋਣ ਲੜਨ ਬਾਰੇ ਛਪੀ ਖ਼ਬਰ ਵੀ ਗ਼ਲਤ ਸੀ . ਇੱਕ ਸਵਾਲ ਦੇ ਜਵਾਬ ਦੇ ਜਵਾਬ ਵਿਚ ਜਗਮੀਤ ਬਰਾੜ ਨੇ ਆਪਣੇ ਸਿਆਸੀ ਭਵਿੱਖ ਜਾਂ ਅਗਲੇ ਦਿਨਾਂ ਦੇ ਪੈਂਤੜੇ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ .ਇੱਥੋਂ ਤੱਕ ਕਿ ਕੁਝ ਦੇਰ ਬਾਅਦ ਉਨ੍ਹਾਂ ਜ਼ਿਕਰ ਕੀਤੀ ਫੇਸ ਬੁੱਕ ਪੋਸਟ ਤੇ ਇਹੀ ਪ੍ਰਤੀਕਰਮ ਦਰਜ ਕੀਤਾ ਕਿ ਇਹ ਖ਼ਬਰ ਗ਼ਲਤ ਹੈ .
ਪਰ ਸਾਡੀ ਸੂਚਨਾ ਅਨੁਸਾਰ ਜਗਮੀਤ ਬਰਾੜ ਪਿਛਲੇ ਦਿਨੀਂ ਜਿੱਥੇ ਬੀ ਜੇ ਪੀ ਦੇ ਨੇਤਾਵਾਂ ਨਾਲ ਸੰਪਰਕ ਵਿਚ ਰਹੇ ਉੱਥੇ ਅਕਾਲੀ ਦਲ ਦੇ ਕੁਝ ਨੇਤਾਵਾਂ ਨਾਲ ਉਨ੍ਹਾਂ ਦਾ ਰਾਬਤਾ ਰਿਹਾ . ਇਹ ਵੀ ਪਤਾ ਲੱਗਾ ਕਿ ਜਗਮੀਤ ਬਰਾੜ ਨੇ ਆਪਣੇ ਸਮਰਥਕਾਂ ਨੂੰ 19 ਅਪ੍ਰੈਲ ਨੂੰ ਇਕੱਠ ਕਰਨ ਲਈ ਸੁਨੇਹੇ ਵੀ ਦਿੱਤੇ ਹਨ .
ਇਹ ਵੀ ਪਤਾ ਲੱਗਾ ਹੈ ਜਗਮੀਤ ਬਰਾੜ ਦੇ ਕੁਝ ਨੇੜਲੇ ਅਤੇ ਉਸਦੇ ਲੰਮੇ ਸਮੇਂ ਤੋਂ ਸਮਰਥਕ ਅਤੇ ਖ਼ੈਰ-ਖੁਆ ਰਹੇ ਸੱਜਣ -ਬਰਾੜ ਦੀ ਅਕਾਲੀ ਦਲ ਵਿਚ ਜਾਣ ਦੀ ਸੰਭਾਵਨਾ ਤੇ ਬੇਹੱਦ ਔਖੇ ਹੋ ਰਹੇ ਨੇ .ਇਨ੍ਹਾਂ ਵਿਚੋਂ ਕੁਝ ਤਾਂ ਇੱਕ ਦੂਜੇ ਨੂੰ ਕਹਿ ਰਹੇ ਨੇ ਕਿਸੇ ਤਰ੍ਹਾਂ ਅਜਿਹਾ 'ਆਤਮਘਾਤੀ'ਕਦਮ ਚੁੱਕਣ ਤੋਂ ਰੋਕਿਆ ਜਾਵੇ .