ਸਿਮਰਜੀਤ ਸਿੰਘ ਬੈਂਸ ।
ਲੁਧਿਆਣਾ, 17 ਅਪ੍ਰੈਲ, 2019: ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਸਾਂਝੇ ਉਮੀਦਵਾਰ ਅਤੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਅੱਜ ਡੀ ਸੀ ਲੁਧਿਆਣਾ ਤੇ ਦੋਸ਼ ਲਗਾਇਆ ਕਿ ਡੀ ਸੀ ਲੁਧਿਆਣਾ ਜਿੱਥੇ ਰੇਤ ਮਾਫ਼ੀਆ ਨਾਲ ਗੰਢ-ਤੁਪ ਕਰਕੇ ਰੋਜ਼ਾਨਾ ਰੇਤ ਦੀ ਕਾਲਾਬਾਜ਼ਾਰੀ ਕਰ ਰਹੇ ਹਨ ਉੱਥੇ ਖ਼ੁਦ ਹੀ ਚੋਣ ਕਮਿਸ਼ਨ ਦੀਆਂ ਹਿਦਾਇਤਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਕਾਂਗਰਸੀ ਉਮੀਦਵਾਰ ਦੇ ਹੱਕ ਵਿੱਚ ਮੀਟਿੰਗਾਂ ਕਰਵਾ ਰਹੇ ਹਨ। ਉਨ੍ਹਾਂ ਇੱਕ ਵਾਰ ਫਿਰ ਤੋਂ ਮੁੱਖ ਚੋਣ ਅਧਿਕਾਰੀ ਨੂੰ ਪੱਤਰ ਲਿਖ ਕੇ ਤੁਰੰਤ ਡੀ ਸੀ ਲੁਧਿਆਣਾ ਨੂੰ ਬਦਲਣ ਦੀ ਮੰਗ ਕੀਤੀ ਹੈ। ਇਸ ਦੌਰਾਨ ਵਿਧਾਇਕ ਬੈਂਸ ਨੇ ਦੱਸਿਆ ਕਿ ਚੋਣ ਕਮਿਸ਼ਨ ਨੂੰ ਉਹ ਪਹਿਲਾਂ ਹੀ ਜਾਣਕਾਰੀ ਦੇ ਚੁੱਕੇ ਹਨ ਕਿ ਡੀ ਸੀ ਲੁਧਿਆਣਾ ਰੋਜ਼ਾਨਾ ਨਜਾਇਜ਼ ਰੇਤ ਵੇਚ ਕੇ 80 ਤੋਂ 85 ਲੱਖ ਰੁਪਏ ਕਾਂਗਰਸ ਪਾਰਟੀ ਦੇ ਆਗੂਆਂ ਨੂੰ ਭੇਜ ਰਹੇ ਹਨ ਜੋ ਲੋਕ ਸਭਾ ਚੋਣਾਂ ਦੌਰਾਨ ਇਨ੍ਹਾਂ ਪੈਸਿਆਂ ਦੀ ਵਰਤੋਂ ਕਰਨਗੇ, ਇਸ ਤੋਂ ਇਲਾਵਾ ਡੀ ਸੀ ਲੁਧਿਆਣਾ ਪਿਛਲੇ 6 ਸਾਲਾਂ ਤੋਂ ਲੁਧਿਆਣਾ ਵਿਖੇ ਹੀ ਵੱਖ ਵੱਖ ਅਹੁਦਿਆਂ ਤੇ ਰਹਿੰਦੇ ਹੋਏ ਲੁਧਿਆਣਾ ਤੇ ਕਬਜ਼ਾ ਕਰੀ ਬੈਠੇ ਹਨ। ਵਿਧਾਇਕ ਬੈਂਸ ਅੱਜ ਆਪਣੇ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰ ਰਹੇ ਸਨ।
ਇਸ ਦੌਰਾਨ ਵਿਧਾਇਕ ਬੈਂਸ ਨੇ ਦੱਸਿਆ ਕਿ ਉਨ੍ਹਾਂ ਪਹਿਲਾਂ ਵੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ ਅਤੇ ਦੱਸਿਆ ਸੀ ਕਿ ਗੋਰਸੀਆਂ ਖ਼ਾਨ ਮੁਹੰਮਦ ਪਿੰਡ ਵਿੱਚ ਗੈਰ ਕਾਨੂੰਨੀ ਤੌਰ ਤੇ ਰੇਤ ਵੇਚੀ ਜਾ ਰਹੀ ਹੈ ਜਦੋਂ ਕਿ ਇਸ ਦਾ ਸਹੀ ਰੂਪ ਵਿੱਚ ਠੇਕਾ ਜਲੰਧਰ ਦੇ ਪਿੰਡ ਕੈਮਵਾਲਾ ਕੋਲ ਹੈ। ਪਰ ਮੁੱਖ ਮੰਤਰੀ ਦੇ ਇੱਕ ਓ.ਐਸ.ਡੀ. ਦੇ ਹੁਕਮ ਤੇ ਇਹ ਗੋਰਖਧੰਦਾ ਚਲਾਇਆ ਜਾ ਰਿਹਾ ਹੈ। ਜਿਸ ਸਬੰਧੀ ਲੁਧਿਆਣਾ ਡੀ ਸੀ ਨੇ ਪਹਿਲਾਂ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਸਮੇਤ ਐਸਡੀਐਮ, ਤਹਿਸੀਲਦਾਰ ਅਤੇ ਕਾਨੂੰਗੋ ਨੂੰ ਵੀ ਮੌਕੇ ਤੇ ਭੇਜਿਆ ਨਾਲ ਹੀ ਉਨ੍ਹਾਂ ਨੂੰ ਕੋਈ ਵੀ ਕਾਰਵਾਈ ਨਾ ਕਰਨ ਦੀ ਵੀ ਤਾਕੀਦ ਕਰ ਦਿੱਤੀ। ਬੈਂਸ ਨੇ ਦੱਸਿਆ ਕਿ ਡੀ ਸੀ ਲੁਧਿਆਣਾ ਨੇ ਸਾਰੇ ਅਧਿਕਾਰੀਆਂ ਤੋਂ ਕਾਰਵਾਈ ਕਰਵਾਉਂਦੇ ਹੋਏ ਇਸ ਮਾਮਲੇ ਵਿੱਚ ਲੀਪਾਪੋਤੀ ਹੀ ਕੀਤੀ। ਵਿਧਾਇਕ ਬੈਂਸ ਨੇ ਦੱਸਿਆ ਕਿ ਇਸ ਤੋਂ ਇਲਾਵਾ ਡੀ ਸੀ ਲੁਧਿਆਣਾ ਵੱਲੋਂ ਲੁਧਿਆਣਾ ਦੇ ਕਾਂਗਰਸੀ ਉਮੀਦਵਾਰ ਦੇ ਹੱਕ ਵਿੱਚ ਆਏ ਦਿਨ ਉਦਯੋਗਪਤੀਆਂ ਨਾਲ ਮੀਟਿੰਗਾਂ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਡੀ ਸੀ ਨੂੰ ਅਹੁਦੇ ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ ਜੋ ਗੈਰ ਕਾਨੂੰਨੀ ਤੌਰ ਤੇ ਵੇਚੇ ਜਾ ਰਹੇ ਰੇਤ ਵਿੱਚ ਖ਼ੁਦ ਸ਼ਾਮਲ ਹੋਵੇ ਅਤੇ ਕਾਂਗਰਸ ਉਮੀਦਵਾਰ ਦੇ ਹੱਕ ਵਿੱਚ ਮੀਟਿੰਗਾਂ ਕਰਵਾ ਕੇ ਚੋਣ ਕਮਿਸ਼ਨ ਦੀਆਂ ਹਿਦਾਇਤਾਂ ਦੀਆਂ ਧੱਜੀਆਂ ਉਡਾਵੇ। ਉਨ੍ਹਾਂ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਤੁਰੰਤ ਡੀ ਸੀ ਲੁਧਿਆਣਾ ਨੂੰ ਤਬਦੀਲ ਕੀਤਾ ਜਾਵੇ ਅਤੇ ਇਸ ਸਾਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ।