ਅਕਾਲੀ ਦਲ ਨੇ ਮਾਲਵੇ ਦੇ ਇੱਕ ਐਸ ਐਸ ਪੀ ਦੇ ਤਬਾਦਲੇ ਦੀ ਕੀਤੀ ਮੰਗ
ਚੰਡੀਗੜ੍ਹ 18 ਅਪ੍ਰੈਲ, 2019 : ਸ਼੍ਰੋਮਣੀ ਅਕਾਲੀ ਦਲ ਨੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਤੋਂ ਮੰਗ ਕੀਤੀ ਕਿ ਉਨ੍ਹਾਂ ਪੁਲਿਸ ਅਫ਼ਸਰਾਂ ਨੂੰ ਪੁਲਿਸ ਮੁਖੀ ਦੇ ਅਹੁਦੇ ਤੋਂ ਹਟਾਇਆ ਜਾਵੇ ਜਿਨ੍ਹਾਂ ਦੀ ਕਾਰਗੁਜ਼ਾਰੀ ਪੰਚਾਇਤਾਂ, ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਬੇਹੱਦ ਮਾੜੀ ਸਾਬਤ ਹੋਈ ਸੀ। ਇਨ੍ਹਾਂ ਵਿਚ ਐਸ ਐਸ ਪੀ ਮੁਕਤਸਰ ਮਨਜੀਤ ਸਿੰਘ ਢੇਸੀ ਦਾ ਜ਼ਿਕਰ ਕਰਦੇ ਹੋਏ ਉਸਦੇ ਤਬਾਦਲੇ ਦੀ ਮੰਗ ਕੀਤੀ ਗਈ ਹੈ .
ਇਸ ਸਬੰਧ ਵਿੱਚ ਇੱਕ ਲਿਖਤੀ ਪੱਤਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਵੱਲੋਂ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਨੂੰ ਭੇਜਿਆ ਗਿਆ। ਪੱਤਰ ਵਿੱਚ ਜ਼ਿਕਰ ਕੀਤਾ ਗਿਆ ਕਿ ਉਹ ਚੋਣਾਂ ਜੋ ਕਿ 19 ਸਤੰਬਰ, 2018 ਨੂੰ ਹੋਈਆਂ ਸਨ ਜਿਸ ਵਿੱਚ ਪੰਜਾਬ ਦੇ ਬਹੁਤ ਸਾਰੇ ਥਾਵਾਂ ਤੇ ਬੂਥਾਂ ਉੱਪਰ ਜਬਰੀ ਕਬਜ਼ੇ ਅਤੇ ਜਾਅਲੀ ਵੋਟਾਂ ਪਾਉਣ ਦਾ ਕੰਮ ਕੀਤਾ ਗਿਆ। ਬਹੁਤ ਸਾਰੀਆਂ ਥਾਵਾਂ ਤੇ ਹੁਕਮਰਾਨ ਪਾਰਟੀ ਵੱਲੋਂ ਵਿਰੋਧੀ ਪਾਰਟੀਆਂ ਦੇ ਵੋਟਰਾਂ ਨੂੰ ਡਰਾ-ਧਮਕਾ ਕੇ ਬੂਥਾਂ ਤੋਂ ਭਜਾ ਦਿੱਤਾ ਗਿਆ। ਡਾ. ਚੀਮਾ ਨੇ ਜ਼ਿਕਰ ਕੀਤਾ ਕਿ ਇਸ ਦਾ ਪ੍ਰਤੱਖ ਸਬੂਤ ਇਸ ਗੱਲ ਤੋਂ ਮਿਲਦਾ ਹੈ ਕਿ ਸੂਬਾ ਚੋਣ ਸੁਬ੍ਹਾ ਵੱਲੋਂ 21 ਸਤੰਬਰ, 2018 ਨੂੰ 54 ਪੋਲਿੰਗ ਬੂਥਾਂ ਤੇ ਦੋਬਾਰਾ ਪੋਲਿੰਗ ਦੇ ਹੁਕਮ ਦੇਣੇ ਪਏ।
ਡਾ. ਚੀਮਾ ਨੇ ਅੱਗੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਇਹਨਾਂ 54 ਬੂਥਾਂ ਵਿੱਚ 36 ਬੂਥ ਸਿਰਫ਼਼ ਅਤੇ ਸਿਰਫ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਨਾਲ ਸਬੰਧਿਤ ਸਨ ਜਿੱਥੇ ਉਸ ਵੇਲੇ ਵੀ ਪੁਲਿਸ ਮੁਖੀ ਮਨਜੀਤ ਸਿੰਘ ਢੇਸੀ ਸਨ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਓ ਐਸ. ਡੀ ਦੇ ਸਕੇ ਭਰਾ ਹਨ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਉਸ ਵੇਲੇ ਸੂਬਾ ਚੋਣ ਕਮਿਸ਼ਨ ਵੱਲੋਂ ਦੋਬਾਰਾ ਚੋਣਾਂ ਕਰਵਾਉਣ ਦੇ ਹੁਕਮ ਤਾਂ ਦੇ ਦਿੱਤੇ ਗਏ ਸਨ ਪਰ ਜ਼ਿਲ੍ਹਾ ਪੁਲਿਸ ਜਿਸ ਉੱਪਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਨੰਗਾ ਚਿੱਟਾ ਪੱਖਪਾਤ ਕਰਵਾਉਣ ਦੇ ਦੋਸ਼ ਲਾਏ ਸਨ, ਨੂੰ ਪੁਲਿਸ ਮੁਖੀ ਦੇ ਅਹੁਦੇ ਤੋਂ ਹਟਾ ਕੇ ਨਿਯਮਾਂ ਮੁਤਾਬਿਕ ਕਾਰਵਾਈ ਨਹੀਂ ਸੀ ਕੀਤੀ ਗਈ।
ਸ਼੍ਰੋਮਣੀ ਅਕਾਲੀ ਦਲ ਨੇ ਕਮਿਸ਼ਨ ਨੂੰ ਬੇਨਤੀ ਕੀਤੀ ਕਿ ਅੱਜ ਵੀ ਉਹੀ ਅਫ਼ਸਰ ਪੁਲਿਸ ਮੁਖੀ ਦੇ ਅਹੁਦੇ ਉੱਤੇ ਤਾਇਨਾਤ ਹੈ ਅਤੇ ਉਸਦੀ ਹਾਜ਼ਰੀ ਵਿੱਚ ਨਿਰਪੱਖ ਚੋਣਾਂ ਦੀ ਆਸ ਕਤਈ ਨਹੀਂ ਕੀਤੀ ਜਾ ਸਕਦੀ। ਇਸ ਲਈ ਉਨ੍ਹਾਂ ਨੇ ਐਸ.ਐਸ.ਪੀ ਦੇ ਪੁਰਾਣੇ ਟਰੈਕ ਰਿਕਾਰਡ ਨੂੰ ਦੇਖਦੇ ਹੋਏ ਉਸਨੂੰ ਤੁਰੰਤ ਉੱਥੋਂ ਹਟਾ ਕੇ ਲੋਕਾਂ ਵਿੱਚ ਵਿਸ਼ਵਾਸ ਦੀ ਭਾਵਨਾ ਕਾਇਮ ਕਰਨ ਦੀ ਅਪੀਲ ਕੀਤੀ।