ਬਲਾਚੌਰ 19 ਅਪਰੈਲ, 2019: ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮਨੀਸ਼ ਤਿਵਾੜੀ ਨੇ ਕਿਹਾ ਕਿ ਮੌਜੂਦਾ ਸੰਸਦ ਮੈਂਬਰ ਤੇ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਆਪਣੇ ਲੜਕੇ ਦੀ ਨੁਮਾਇੰਦਗੀ ਵਾਲੇ ਤੇ ਪਟਿਆਲਾ ਲੋਕ ਸਭਾ ਹਲਕੇ ਚ ਪੈਣ ਵਾਲੇ ਸਨੌਰ ਵਿਧਾਨ ਸਭਾ ਹਲਕੇ ਨੂੰ ਆਪਣਾ ਐਮਪੀ ਕੋਟਾ ਟਰਾਂਸਫਰ ਕਰਕੇ ਖੁਦ ਸਾਬਤ ਕਰ ਦਿੱਤਾ ਹੈ ਕਿ ਉਹ ਬਾਹਰੀ ਹਨ, ਜੋ ਗੈਰ ਕਾਨੂੰਨੀ ਹੈ ਤੇ ਸੰਸਦੀ ਨਿਯਮਾਂ ਦੇ ਖਿਲਾਫ ਹੈ।
ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਤੇ ਇਸ ਚ ਜੋ ਕੁਝ ਵੀ ਨਿਯਮ ਤੋੜੇ ਗਏ ਹਨ, ਉਨ੍ਹਾਂ ਲਈ ਜਵਾਬਦੇਹੀ ਤੈਅ ਕੀਤੀ ਜਾਵੇਗੀ। ਤਿਵਾੜੀ ਨੇ ਇੱਥੋਂ ਸਥਾਨਕ ਵਿਧਾਇਕ ਚੌਧਰੀ ਦਰਸ਼ਨ ਲਾਲ ਵੱਲੋਂ ਆਯੋਜਤ ਕੀਤੀ ਗਈ ਵਿਸ਼ਾਲ ਵਰਕਰ ਮੀਟਿੰਗ ਨੂੰ ਸੰਬੋਧਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸੱਚਾਈ ਇਹ ਹੈ ਕਿ ਉਨ੍ਹਾਂ ਖਿਲਾਫ ਬਾਹਰੀ ਹੋਣ ਦਾ ਢੋਲ ਕੁੱਟਣ ਵਾਲੇ ਚੰਦੂਮਾਜਰਾ ਨੇ ਖੁਦ ਹੀ ਸਾਬਤ ਕਰਦਾ ਹੈ ਕਿ ਉਨ੍ਹਾਂ ਕੋਲ ਲੋਕਾਂ ਨੂੰ ਦਿਖਾਉਣ ਵਾਸਤੇ ਕੋਈ ਪ੍ਰਾਪਤੀ ਨਹੀਂ ਹੈ।
ਤਿਵਾੜੀ ਨੇ ਕਿਹਾ ਕਿ ਉਹ ਚੰਡੀਗੜ੍ਹ ਚ ਜਨਮੇ ਤੇ ਪਲੇ ਹਨ, ਜਿਹੜਾ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਨਾਲ ਤਿੰਨ ਪਾਸਿਓਂ ਲੱਗਦਾ ਹੈ, ਜਦਕਿ ਚੰਦੂਮਾਜਰਾ ਪਟਿਆਲਾ ਦੇ ਰਹਿਣ ਵਾਲੇ ਹਨ, ਜਿਨ੍ਹਾਂ ਨੇ ਪਟਿਆਲਾ, ਮੋਗਾ, ਲਹਿਰਾਗਾਗਾ ਤੇ ਹੁਣ ਸ੍ਰੀ ਅਨੰਦਪੁਰ ਸਾਹਿਬ ਵਰਗੇ ਹਲਕਿਆਂ ਤੋਂ ਚੋਣ ਲੜੀ ਹੈ।
ਇਸ ਤੋਂ ਪਹਿਲਾਂ ਵਰਕਰਾਂ ਨੂੰ ਸੰਬੋਧਨ ਕਰਦਿਆ ਤਿਵਾੜੀ ਨੇ ਕਿਹਾ ਕਿ ਉਹ ਇੱਥੇ ਇਲਾਕੇ ਦੇ ਵਿਕਾਸ ਲਈ ਇੱਕ ਸਕਾਰਾਤਮਕ ਸੋਚ ਅਤੇ ਵਿਚਾਰ ਦੇ ਨਾਲ ਆਏ ਹਨ। ਉਹ ਹਲਕੇ ਦੀਆਂ ਸਮੱਸਿਆਵਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਤੇ ਪੁਖਤਾ ਕਰਨਗੇ ਕਿ ਇਨ੍ਹਾਂ ਦਾ ਜਲਦ ਹੱਲ ਹੋਵੇ। ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪਹਿਲਾਂ ਹੀ ਮੋਹਾਲੀ ਤੋਂ ਬਲਾਚੌਰ ਤੇ ਬੰਗਾ ਦੇ ਇਲਾਕਿਆਂ ਨੂੰ ਇੰਡਸਟਰੀਅਲ ਹੱਬ ਵਜੋਂ ਵਿਕਸਿਤ ਕਰਦਿਆਂ ਇਲਾਕੇ ਦਾ ਵਿਕਾਸ ਸ਼ੁਰੂ ਕਰ ਦਿੱਤਾ ਹੈ।
ਉਨ੍ਹਾਂ ਨੇ ਅਫਸੋਸ ਪ੍ਰਗਟਾਇਆ ਕਿ ਚੰਦੂਮਾਜਰਾ ਨੇ ਕੀਮਤੀ ਪੰਜ ਸਾਲ ਬਰਬਾਦ ਕਰ ਦਿੱਤੇ, ਜਦੋਂ ਕੇਂਦਰ ਚ ਉਨ੍ਹਾਂ ਦੀ ਆਪਣੀ ਗੱਠਜੋੜ ਦੀ ਸਰਕਾਰ ਸੀ ਤੇ ਸੂਬੇ ਅੰਦਰ ਤੋਂ 2017 ਤੱਕ ਉਨ੍ਹਾਂ ਦੀ ਆਪਣੀ ਪਾਰਟੀ ਦੀ ਸਰਕਾਰ ਸੀ। ਉਨ੍ਹਾਂ ਨੇ ਵਾਅਦਾ ਕੀਤਾ ਕਿ ਉਹ ਅਜਿਹੀਅਾਂ ਗਲਤੀਆਂ ਨਹੀਂ ਕਰਨਗੇ, ਕਿਉਂਕਿ ਲੋਕ ਉਨ੍ਹਾਂ ਨੂੰ ਉਨ੍ਹਾਂ ਦੇ ਕੰਮ ਨਾਲ ਜਾਣਨਗੇ ਤੇ ਜੋ ਵਾਅਦੇ ਤੇ ਯੋਜਨਾਵਾਂ ਉਹ ਤੁਹਾਡੇ ਸਾਹਮਣੇ ਰੱਖਣਗੇ, ਉਨ੍ਹਾਂ ਨੂੰ ਆਖਰੀ ਸ਼ਬਦ ਤੱਕ ਪੂਰਾ ਕਰਨਗੇ।
ਉਨ੍ਹਾਂ ਨੇ ਹੈਰਾਨੀ ਪ੍ਰਗਟਾਈ ਕਿ ਦੇਸ਼ ਦੀ ਆਜ਼ਾਦੀ ਨੂੰ 70 ਵਰ੍ਹੇ ਬੀਤ ਜਾਣ ਦੇ ਬਾਅਦ ਵੀ ਬਲਾਚੌਰ ਇਲਾਕਾ ਹਾਲ ਤੱਕ ਰੇਲ ਸੰਪਰਕ ਨਾਲ ਨਹੀਂ ਜੁੜ ਸਕਿਆ ਹੈ। ਜੇਕਰ ਕਸ਼ਮੀਰ ਤੱਕ ਰੇਲ ਲਿੰਕ ਸਥਾਪਿਤ ਕੀਤਾ ਜਾ ਸਕਦਾ ਹੈ, ਤਾਂ ਬਲਾਚੌਰ ਤੱਕ ਕਿਉਂ ਨਹੀਂ, ਜਿਸ ਲਈ ਸਿਰਫ ਇੱਛਾ ਤੇ ਸੋਚ ਦੀ ਲੋੜ ਹੈ। ਉਨ੍ਹਾਂ ਵਾਅਦਾ ਕੀਤਾ ਕਿ ਉਹ ਪੁਖਤਾ ਕਰਨਗੇ ਕਿ ਪੰਜ ਸਾਲਾਂ ਦੇ ਅੰਦਰ ਇਲਾਕਾ ਰੇਲ ਲਿੰਕ ਨਾਲ ਜੁੜ ਜਾਵੇ।ਉਨ੍ਹਾਂ ਨੇ ਕਿਹਾ ਕਿ ਰੇਲ ਲਿੰਕ ਤੋਂ ਇਲਾਵਾ ਬੇਰੁਜ਼ਗਾਰੀ ਇਲਾਕੇ ਦੀ ਇੱਕ ਵੱਡੀ ਸਮੱਸਿਆ ਹੈ। ਉਹ ਜਾਣਦੇ ਹਨ ਕਿ ਇਹ ਕੰਢੀ ਇਲਾਕਾ ਹੈ ਤੇ ਇੱਥੇ ਖੇਤੀ ਇਕ ਲਾਭਦਾਇਕ ਧੰਦਾ ਨਹੀਂ ਹੈ। ਅਸੀਂ ਇੱਥੇ ਇੰਡਸਟਰੀਅਲ ਜ਼ੋਨ ਸਥਾਪਤ ਕਰਾਂਗੇ, ਕਿਉਂਕਿ ਇਹ ਇਲਾਕਾ ਹੋਰਨਾਂ ਸਥਾਨਾਂ ਦੇ ਮੁਕਾਬਲੇ ਘੱਟ ਮਹਿੰਗਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਇਹ ਮੁੱਦਾ ਮੁੱਖ ਮੰਤਰੀ ਕੋਲ ਚੁੱਕਣਗੇ ਜਿਹੜੇ ਪਹਿਲਾਂ ਤੋਂ ਇਲਾਕੇ ਚ ਉਦਯੋਗਿਕਰਨ ਲਈ ਵਚਨਬੰਦ ਹਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਚੌਧਰੀ ਦਰਸ਼ਨ ਲਾਲ ਨੇ ਵਾਅਦਾ ਕੀਤਾ ਕਿ ਬਲਾਚੌਰ ਤਿਵਾੜੀ ਨੂੰ ਇੱਕ ਵੱਡੀ ਲੀਡ ਦੇਵੇਗਾ। ਉਨ੍ਹਾਂ ਨੇ ਕਿਹਾ ਕਿ ਲੋਕ ਮਾਣ ਮਹਿਸੂਸ ਕਰ ਰਹੇ ਹਨ ਕਿ ਉਹ ਇੱਕ ਅਜਿਹੇ ਆਗੂ ਨੂੰ ਪਾਰਲੀਮੈਂਟ ਚ ਭੇਜਣਗੇ ਜਿਸਨੂੰ ਸਿਰਫ਼ ਸੂਬੇ ਅੰਦਰ ਨਹੀਂ, ਸਗੋਂ ਦੇਸ਼ ਭਰ ਚ ਜਾਣਿਆ ਜਾਂਦਾ ਹੈ।