ਚੋਣ ਮੀਟਿੰਗ ਦੌਰਾਨ ਸੰਬੋਧਨ ਕਰਦੇ ਹੋਏ ਡਾ. ਧਰਮਵੀਰ ਗਾਂਧੀ।
ਪਟਿਆਲਾ, 20 ਅਪ੍ਰੈਲ 2019: ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਵੱਲੋਂ ਵੱਖ-ਵੱਖ ਥਾਵਾਂ 'ਤੇ ਚੋਣ ਮੀਟਿੰਗਾਂ ਕੀਤੀਆਂ ਗਈਆਂ। ਇਸ ਦੌਰਾਨ ਭਰਵੇਂ ਇਕੱਠਾਂ ਨੂੰ ਸੰਬੋਧਨ ਕਰਦਿਆਂ ਡਾ. ਗਾਂਧੀ ਨੇ ਕਿਹਾ ਕਿ ਉਹ ਲੋਕ ਸਭਾ ਹਲਕਾ ਪਟਿਆਲਾ ਅਧੀਨ ਪੈਂਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿੱਚ ਵਸਦੇ ਸਾਰੇ ਲੋਕਾਂ ਦੇ ਹਮੇਸ਼ਾ ਰਿਣੀ ਰਹਿਣਗੇ ਜਿਹਨਾਂ ਨੇ ਉਹਨਾਂ ਦੀ ਚੋਣ ਵਿੱਚ ਕਿਸੇ ਵੀ ਕਿਸਮ ਦਾ ਸਹਿਯੋਗ ਦਿੱਤਾ ਹੈ। ਉਹਨਾਂ ਕਿਹਾ ਕਿ ਇਹ ਚੋਣ ਡਾ. ਗਾਂਧੀ ਨਹੀਂ ਲੜ੍ਹ ਰਿਹਾ, ਬਲਕਿ ਇਹ ਚੋਣ ਤੁਹਾਡੀ ਸਾਰਿਆਂ ਦੀ ਆਪਣੀ ਚੋਣ ਹੈ, ਇਹ ਚੋਣ ਹਰ ਇੱਕ ਇਮਾਨਦਾਰ, ਮਿਹਨਤੀ ਅਤੇ ਇਨਸਾਫ ਪਸੰਦ ਵਿਅਕਤੀ ਦੀ ਚੋਣ ਹੈ। ਡਾ. ਗਾਂਧੀ ਨੇ ਕਿਹਾ ਕਿ ਤੁਸੀਂ ਸਾਰੇ ਮੇਰੇ ਦਿਲ ਵਿੱਚ ਵੱਸਦੇ ਹੋ ਅਤੇ ਮੈਂ ਤੁਹਾਡੇ ਵਿੱਚੋਂ, ਤੁਹਾਡੇ ਵਰਗਾ, ਤੁਹਾਡਾ ਆਪਣਾ ਪਰਿਵਾਰਕ ਮੈਂਬਰ ਹਾਂ ਜਿਸਨੂੰ ਤੁਸੀਂ ਕਦੇ ਵੀ ਮਿਲ ਸਕਦੇ ਹੋ ਆਪਣਾ ਸੁਖ-ਦੁਖ ਦੱਸ ਸਕਦੇ ਹੋ ਅਤੇ ਮੈਂ 24 ਘੰਟੇ ਤੁਹਾਡੇ ਲਈ ਹਾਜ਼ਰ।
ਇਸ ਉਪਰੰਤ ਇੱਕ ਜਗ੍ਹਾ 'ਤੇ ਡਰਾਈਵਰ ਵੀਰਾਂ ਨੂੰ ਸੰਬੋਧਨ ਕਰਦਿਆਂ ਡਾ. ਗਾਂਧੀ ਨੇ ਕਿਹਾ ਕਿ ਮੈਂ ਡਰਾਈਵਰ ਵੀਰਾਂ ਨੂੰ ਸਰਕਾਰ ਵੱਲੋਂ ਸਹੂਲਤਾਂ ਦੇਣ ਲਈ ਪਾਰਲੀਮੈਂਟ ਵਿੱਚ ਅਵਾਜ਼ ਚੁੱਕੀ ਸੀ ਕਿ ਟਰੱਕ, ਬੱਸ ਅਤੇ ਟੈਕਸੀ ਕਾਰਾਂ ਚਲਾਉਣ ਵਾਲੇ ਡਰਾਈਵਰ ਵੀਰਾਂ ਦਾ ਸਰਕਾਰ ਵੱਲੋਂ ਬੀਮਾ ਹੋਣਾ ਚਾਹੀਦਾ ਹੈ ਅਤੇ ਇਹਨਾਂ ਨੂੰ ਸਰਕਾਰ ਵੱਲੋਂ ਪੈਨਸ਼ਨ ਮਿਲਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਹਰੇਕ ਸਰਕਾਰ ਵੱਲੋਂ ਦੇਸ਼ ਭਰ ਦੇ ਕਰੀਬ 70 ਲੱਖ ਦੀ ਅਬਾਦੀ ਵਾਲੇ ਡਰਾਈਵਰ ਵਰਗ ਨੂੰ ਅਣਗੌਲਿਆਂ ਕੀਤਾ ਜਾਂਦਾ ਹੈ, ਜਦਕਿ ਡਰਾਈਵਰ ਵੀਰ ਰੋਜ਼ਾਨਾਂ ਹੀ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਦੇਸ਼ ਭਰ ਦੇ ਕਰੋੜਾਂ ਵਸਨੀਕਾਂ ਨੂੰ ਆਪੋ-ਆਪਣੀ ਮੰਜ਼ਿਲ ਤੱਕ ਪਹੁੰਚਾਉਂਦੇ ਹਨ। ਸੜਕਾਂ 'ਤੇ ਚਲਦਿਆਂ ਕਈ ਵਾਰ ਹਾਦਸੇ ਦੌਰਾਨ ਡਰਾਈਵਰ ਵੀਰਾਂ ਦੀ ਜ਼ਿੰਦਗੀ ਵੀ ਚਲੀ ਜਾਂਦੀ ਹੈ ਤਾਂ ਪਿੱਛੋਂ ਉਹਨਾਂ ਦੇ ਪਰਿਵਾਰਾਂ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ, ਇਸੇ ਕਰਕੇ ਉਹਨਾਂ ਨੇ ਡਰਾਈਵਰ ਵੀਰਾਂ ਲਈ ਕੇਂਦਰ ਸਰਕਾਰ ਕੋਲੋਂ ਬੀਮਾ ਯੋਜਨਾ ਅਤੇ ਪੈਨਸ਼ਨ ਦੀ ਮੰਗ ਕੀਤੀ ਸੀ ਅਤੇ ਜਿੱਤਣ ਉਪਰੰਤ ਫਿਰ ਤੋਂ ਇਸ ਬਿੱਲ ਨੂੰ ਪਾਸ ਕਰਵਾਉਣ ਲਈ ਯਤਨ ਕਰਾਂਗਾ।
ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਹੱਡ ਤੋੜਵੀ ਮਿਹਨਤ ਕਰਨ ਲਈ ਮਜਬੂਰੀ ਵੱਸ ਭੁੱਕੀ ਅਤੇ ਅਫੀਮ ਖਾਣ ਵਾਲੇ ਡਰਾਈਵਰ ਵੀਰਾਂ ਸਮੇਤ ਮਿਹਨਤੀ ਲੋਕਾਂ ਲਈ ਉਹਨਾਂ ਨੇ ਪਾਰਲੀਮੈਂਟ ਵਿੱਚ ਬਿੱਲ ਪੇਸ਼ ਕੀਤਾ ਹੈ ਕਿ ਪੰਜਾਬ ਅੰਦਰ ਸ਼ਰਾਬ ਵਾਂਗ ਭੁੱਕੀ ਅਤੇ ਅਫੀਮ ਦੇ ਠੇਕੇ ਖੋਲੇ ਜਾਣ ਤਾਂ ਜੋ ਰਵਾਇਤੀ ਨਸ਼ੇ ਦੇ ਆਦੀਆਂ ਨੂੰ ਸਸਤੀ ਭੁੱਕੀ ਤੇ ਅਫੀਮ ਮਿਲ ਸਕੇ ਅਤੇ ਪੰਜਾਬ ਵਿੱਚੋਂ ਚਿੱਟੇ ਸਮੇਤ ਬਾਕੀ ਸੰਥੈਟਿਕ ਨਸ਼ੇ ਦੀ ਦਲਦਲ ਵਿੱਚ ਫਸ ਕੇ ਮਰ ਰਹੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਨੂੰ ਬਚਾਇਆ ਜਾ ਸਕੇ।