ਚੋਣ ਮੀਟਿੰਗ ਦੌਰਾਨ ਸੰਬੋਧਨ ਕਰਦੇ ਹੋਏ ਡਾ. ਧਰਮਵੀਰ ਗਾਂਧੀ।
ਪਟਿਆਲਾ, 21 ਅਪ੍ਰੈਲ 2019: ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਵੱਲੋਂ ਅੱਜ ਪਟਿਆਲਾ ਜ਼ਿਲੇ ਦੇ ਪਿੰਡ ਦਿੱਤੂਪੁਰ ਜੱਟਾਂ, ਡਕੌਂਦਾ, ਸ਼ਾਹਪੁਰ, ਟੋਹੜਾ, ਤਰਖੇੜੀ, ਜਿੰਦਲਪੁਰ, ਰਨੋਂ ਕਲਾਂ, ਹਕੀਮਪੁਰਾ, ਰਾਇਮਲ ਮਾਜਰੀ, ਸਾਹੀਵਾਲ, ਜਾਤੀਵਾਲ ਅਤੇ ਬਹਿਬਲਪੁਰ ਸਮੇਤ ਕਸਬਾ ਭਾਦਸੋਂ ਵਿਖੇ ਚੋਣ ਮੀਟਿੰਗਾਂ ਕੀਤੀਆਂ ਗਈਆਂ। ਇਸ ਦੌਰਾਨ ਸੰਬੋਧਨ ਕਰਦਿਆਂ ਡਾ. ਗਾਂਧੀ ਨੇ ਕਿਹਾ ਮੈਂਨੂੰ 2014 ਵਿੱਚ ਜਿਤਾ ਕੇ ਤੁਸੀਂ ਪਾਰਲੀਮੈਂਟ ਵਿੱਚ ਭੇਜਿਆ ਸੀ, ਜਿੱਥੇ ਮੈਂ ਪੂਰੇ ਪੰਜ ਸਾਲ ਇਮਾਨਦਾਰੀ ਨਾਲ ਕੰਮ ਕੀਤਾ ਹੈ ਅਤੇ ਤੁਹਾਡੇ ਹੱਕਾਂ ਲਈ ਅਵਾਜ਼ ਬੁਲੰਦ ਕੀਤੀ ਹੈ। ਤੁਹਾਡੇ ਵਿਸ਼ਵਾਸ਼ ਨੂੰ ਬਰਕਰਾਰ ਰੱਖਦਿਆਂ ਮੈਂ ਹਮੇਸ਼ਾ ਕੋਸ਼ਿਸ਼ ਕੀਤੀ ਹੈ ਕਿ ਤੁਹਾਡੀਆਂ ਉਮੀਦਾਂ 'ਤੇ ਖ਼ਰਾ ਉਤਰ ਸਕਾਂ।
ਡਾ. ਗਾਂਧੀ ਨੇ ਕਿਹਾ ਕਿ ਮੈਂ ਰਾਜਪੁਰਾ ਤੋਂ ਬਠਿੰਡਾ ਤੱਕ ਰੇਲ ਲਾਈਨ ਨੂੰ ਡਬਲ ਕਰਵਾਇਆ ਅਤੇ ਲਾਈਨ ਦਾ ਬਿਜਲੀਕਰਨ ਕਰਵਾਇਆ, ਰਾਜਪੁਰਾ ਤੋਂ ਚੰਡੀਗੜ੍ਹ ਤੱਕ ਰੇਲ ਲਾਈਨ ਪਾਸ ਕਰਵਾਈ, ਜਿਸਦਾ ਸਮੁੱਚੇ ਮਾਲਵੇ ਨੂੰ ਫਾਇਦਾ ਹੋਵੇਗਾ। ਉਹਨਾਂ ਕਿਹਾ ਕਿ ਮੈਂ ਵਿਦੇਸ਼ ਮੰਤਰੀ ਕੋਲੋਂ ਜ਼ੋਰ ਦੇ ਕੇ ਪਟਿਆਲਾ ਵਿਖੇ ਪਾਸਪੋਰਟ ਦਫਤਰ ਖੁਲਵਾਇਆ ਜਿਸਦਾ ਫਾਇਦਾ ਪਟਿਆਲਾ ਸਮੇਤ ਮਾਲਵੇ ਦੇ ਕਈ ਜ਼ਿਲਿਆਂ ਨੂੰ ਹੋਵੇਗਾ, ਕਿਉਂਕਿ ਪਹਿਲਾਂ ਪਾਸਪੋਰਟ ਬਣਵਾਉਣ ਲਈ ਸਭ ਨੂੰ ਚੰਡੀਗੜ੍ਹ ਜਾਣਾ ਪੈਂਦਾ ਸੀ ਜਿਸ ਕਾਰਨ ਆਮ ਲੋਕਾਂ ਦੀ ਬਹੁਤ ਖੱਜਲ ਖੁਆਰੀ ਹੁੰਦੀ ਸੀ।
ਡਾ. ਗਾਂਧੀ ਨੇ ਕਿਹਾ ਕਿ ਅਸੀਂ ਅਜ਼ਾਦ ਦੇਸ਼ ਦੇ ਵਾਸੀ ਹਾਂ ਜਿੱਥੇ ਨਾ ਕੋਈ ਰਾਜਾ ਹੈ ਨਾ ਰਾਣੀ ਹੈ, ਨਾ ਮਹਾਰਾਜਾ ਹੈ ਨਾ ਮਹਾਰਾਣੀ ਹੈ ਪਰ ਫਿਰ ਵੀ ਸਾਡੇ ਉੱਤੇ ਇਹ ਸ਼ਬਦ ਕਿਉਂ ਥੋਪੇ ਜਾ ਰਹੇ ਹਨ। ਉਹਨਾਂ ਕਿਹਾ ਸਾਰੇ ਲੋਕ ਅਜ਼ਾਦ ਦੇਸ਼ ਦੇ ਵਾਸੀ ਹਨ ਕਿਸੇ ਰਾਜੇ ਮਹਾਰਾਜੇ ਦੀ ਪਰਜਾ ਨਹੀਂ ਹਨ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੈਪਟਨ ਅਮਰਿੰਦਰ ਸਿੰਘ ਬੀਬੀ ਅਤੇ ਪ੍ਰਨੀਤ ਕੌਰ ਨੂੰ ਮਹਾਰਾਜਾ ਜਾਂ ਮਹਾਰਾਣੀ ਕਹਿ ਕੇ ਸੰਬੋਧਨ ਨਾ ਕੀਤਾ ਜਾਵੇ ਕਿਉਂਕਿ ਸਾਡੇ ਦੇਸ਼ ਵਿੱਚ ਜਿੰਨਾਂ ਅਧਿਕਾਰ ਉਹਨਾਂ ਦਾ ਹੈ ਉਨਾਂ ਅਧਿਕਾਰ ਹੀ ਸਾਡੇ ਸਾਰਿਆਂ ਦਾ ਹੈ।