ਪਟਿਆਲਾ, 22 ਅਪ੍ਰੈਲ 2019: ਲੋਕ ਸਭਾ ਚੋਣਾਂ-2019 ਦੌਰਾਨ ਲੋਕ ਸਭਾ ਹਲਕਾ ਪਟਿਆਲਾ-13 ਲਈ 19 ਮਈ ਨੂੰ ਪੈਣ ਵਾਲੀਆਂ ਵੋਟਾਂ ਲਈ ਚੋਣ ਲੜਨ ਵਾਲੇ ਉਮੀਦਵਾਰਾਂ ਵੱਲੋਂ ਚੋਣ ਲੜਨ ਲਈ ਕੀਤੇ ਜਾਣ ਵਾਲੇ ਖ਼ਰਚੇ 'ਤੇ ਨਿਗਰਾਨੀ ਰੱਖਣ ਲਈ ਭਾਰਤ ਚੋਣ ਕਮਿਸ਼ਨ ਵੱਲੋਂ ਦੋ ਖ਼ਰਚਾ ਆਬਜਰਵਰਾਂ ਦੀ ਨਿਯੁਕਤੀ ਕੀਤੀ ਗਈ ਹੈ। ਇਹ ਖ਼ਰਚਾ ਆਬਜਰਵਰ ਅੱਜ ਪਟਿਆਲਾ ਪੁੱਜ ਗਏ ਹਨ। ਇਨ੍ਹਾਂ ਵਿੱਚ ਪੱਛਮੀ ਬੰਗਾਲ ਕਾਡਰ ਦੇ 2004 ਬੈਚ ਦੇ ਆਈ.ਆਰ.ਐਸ. ਅਧਿਕਾਰੀ ਸ੍ਰੀ ਗੌਤਮ ਕੇ.ਆਰ. ਮੰਡਲ ਅਤੇ 2009 ਬੈਚ ਦੇ ਆਈ.ਆਰ.ਐਸ. ਅਧਿਕਾਰੀ ਤੇ ਯੂ.ਪੀ. ਕਾਡਰ ਦੇ ਸ੍ਰੀ ਅਨੰਦ ਉਪਾਧਿਆ ਸ਼ਾਮਲ ਹਨ। ਇਹ ਆਬਜਰਵਰ ਐਨ.ਆਈ.ਐਸ. ਵਿਖੇ ਠਹਿਰੇ ਹੋਏ ਹਨ।
ਸ੍ਰੀ ਮੰਡਲ ਵਿਧਾਨ ਸਭਾ ਹਲਕਿਆਂ ਪਟਿਆਲਾ ਦਿਹਾਤੀ, ਸਨੌਰ, ਪਟਿਆਲਾ, ਸਮਾਣਾ ਤੇ ਸ਼ੁਤਰਾਣਾਂ ਅਤੇ ਸ੍ਰੀ ਉਪਾਧਿਆ ਵਿਧਾਨ ਸਭਾ ਹਲਕਿਆਂ ਨਾਭਾ, ਰਾਜਪੁਰਾ, ਡੇਰਾਬਸੀ ਅਤੇ ਘਨੌਰ ਵਿਧਾਨ 'ਚ ਆਪਣੀ ਨਿਗਰਾਨੀ ਰੱਖਣਗੇ। ਆਮ ਚੋਣਾਂ ਨਿਰਪੱਖ ਤਰੀਕੇ ਨਾਲ ਕਰਵਾਉਣ ਲਈ ਦੋਵੇਂ ਆਬਜਰਵਰ ਮਿਤੀ 23 ਅਪ੍ਰੈਲ 2019 ਤੋਂ ਰੋਜ਼ਾਨਾ ਸ਼ਾਮ 4.00 ਵਜੇ ਤੋਂ 6.00 ਵਜੇ ਤੱਕ ਐਨ.ਆਈ.ਐਸ. ਦੇ ਕਮਰਾ ਨੰਬਰ 3 ਵਿੱਚ ਆਮ ਲੋਕਾਂ, ਵੋਟਰਾਂ, ਰਾਜਨੀਤਿਕ ਪਾਰਟੀਆਂ ਅਤੇ ਚੋਣ ਲੜਨ ਵਾਲੇ ਉਮੀਦਵਾਰਾਂ ਦੀਆਂ ਸ਼ਿਕਾਇਤਾਂ ਅਤੇ ਸੁਝਾਉ ਸੁਨਣ ਅਤੇ ਉਨ੍ਹਾਂ ਨਾਲ ਕਿਸੇ ਤਰ੍ਹਾਂ ਦਾ ਵਿਚਾਰ ਵਟਾਂਦਰਾ ਕਰਨ ਲਈ ਮੌਜੂਦ ਰਹਿਣਗੇ।
ਜੇਕਰ ਕਿਸੇ ਵਿਅਕਤੀ ਵੋਟਰ, ਰਾਜਨੀਤਕ ਪਾਰਟੀ ਜਾਂ ਚੋਣ ਲੜਨ ਵਾਲੇ ਕਿਸੇ ਉਮੀਦਵਾਰ ਨੂੰ ਚੋਣਾਂ ਸਬੰਧੀਂ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਹੈ ਜਾਂ ਕੋਈ ਸੁਝਾਓ ਦੇਣਾ ਚਾਹੁੰਦਾ ਹੈ ਜਾਂ ਕਿਸੇ ਕਿਸਮ ਦਾ ਕੋਈ ਵਿਚਾਰ ਕੀਤਾ ਜਾਣਾ ਹੈ ਤਾਂ ਉਹ ਨਿਰਧਾਰਤ ਸਥਾਨ ਅਤੇ ਨਿਰਧਾਰਤ ਸਮੇਂ ਦੌਰਾਨ ਆ ਸਕਦਾ ਹੈ। ਇਸ ਤੋਂ ਬਿਨ੍ਹਾਂ ਖ਼ਰਚਾ ਆਬਰਜਵਰ ਸ੍ਰੀ ਗੌਤਮ ਕੇ.ਆਰ. ਮੰਡਲ ਦੇ ਮੋਬਾਇਲ ਨੰਬਰ 6280257443 ਤੇ ਈਮੇਲ ਆਈ.ਡੀ goutam.k.mandal@incometax.gov.in ਅਤੇ ਸ੍ਰੀ ਅਨੰਦ ਉਪਾਧਿਆ ਦੇ ਮੋਬਾਇਲ ਨੰਬਰ 6280129175 ਅਤੇ ਈਮੇਲ ਆਈ.ਡੀ apuirs@gmail.com 'ਤੇ ਵੀ ਤਾਲਮੇਲ ਕੀਤਾ ਜਾ ਸਕਦਾ ਹੈ।