ਫਰੀਦਕੋਟ, 24 ਅਪ੍ਰੈਲ 2019: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 12 ਫ਼ੀਸਦੀ ਤੋਂ ਘੱਟ ਨਮੀ ਵਾਲਾ ਸਾਰਾ ਅਨਾਜ ਬਿਨਾਂ ਕਿਸੇ ਦੇਰੀ ਤੋਂ ਮੰਡੀਆਂ ਵਿੱਚੋਂ ਚੁੱਕਣ ਲਈ ਭਾਰਤੀ ਖੁਰਾਕ ਨਿਗਮ(ਐਫ.ਸੀ.ਆਈ.) ਨੂੰ ਆਖਿਆ ਹੈ |
ਸੰਗਰੂਰ ਤੋਂ ਫਰੀਦਕੋਟ ਜਾਂਦੇ ਹੋਏ ਰਾਹ ਵਿੱਚ ਇਕ ਮੰਡੀ ਦੇ ਅਚਨਚੇਤੀ ਦੌਰੇ ਦੌਰਾਨ ਮੁੱਖ ਮੰਤਰੀ ਨੇ 12 ਫ਼ੀਸਦੀ ਤੋਂ ਘੱਟ ਨਮੀ ਵਾਲੀ ਕਣਕ ਮੰਡੀਆਂ ਵਿੱਚੋਂ ਚੁੱਕੇ ਜਾਣ ਨੂੰ ਯਕੀਨੀ ਬਣਾਉਣ ਲਈ ਐਫ.ਸੀ.ਆਈ. ਨੂੰ ਨਿਰਦੇਸ਼ ਦਿੱਤੇ ਹਨ | ਮੁੱਖ ਮੰਤਰੀ ਨੇ ਅਨਾਜ ਵਿੱਚ ਨਮੀ ਦੀ ਮਾਤਰਾ ਦੀ ਖੁਦ ਜਾਂਚ ਕਰਨ ਲਈ ਅਚਨਚੇਤੀ ਇਸ ਮੰਡੀ ਵਿੱਚ ਰੁਕੇ ਸਨ |
ਕੈਪਟਨ ਅਮਰਿੰਦਰ ਸਿੰਘ ਨੇ ਰੋਜ਼ਮਰਾ ਦੇ ਆਧਾਰ 'ਤੇ ਖਰੀਦ ਸਰਗਰਮੀਆਂ ਦੀ ਨਿਗਰਾਨੀ ਰੱਖਣ ਅਤੇ ਇਸਦੀ ਉਨ੍ਹਾਂ ਨੂੰ ਵਿਸਤਿ੍ਤ ਰਿਪੋਰਟ ਭੇਜਣ ਲਈ ਡਿਪਟੀ ਕਮਿਸ਼ਨਰ ਨੂੰ ਆਖਿਆ ਹੈ ਤਾਂ ਜੋ ਖਰੀਦ ਪ੍ਰਕਿਰਿਆ ਵਿੱਚ ਆਉਂਦੀ ਕਿਸੇ ਵੀ ਸਮੱਸਿਆ ਜਾਂ ਦੇਰੀ ਨਾਲ ਪ੍ਰਾਥਮਿਕਤਾ ਦੇ ਆਧਾਰ 'ਤੇ ਨਿਪਟਿਆ ਜਾ ਸਕੇ |
ਐਫ.ਸੀ.ਆਈ. ਵੱਲੋਂ ਕਣਕ ਦੀ ਖਰੀਦ ਨਾ ਕਰਨ ਲਈ ਕੁਝ ਕਿਸਾਨਾਂ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਤੁਰੰਤ ਮੰਡੀ ਵਿੱਚ ਖਰੀਦ ਦੇ ਇੰਚਾਰਜ ਐਫ.ਸੀ.ਆਈ. ਦੇ ਇੰਸਪੈਕਟਰ ਨੂੰ ਸੱਦਿਆ ਅਤੇ ਉਸ ਨੂੰ ਬਿਨਾਂ ਕਿਸੇ ਹੋਰ ਦੇਰੀ ਤੋਂ ਅਨਾਜ ਚੁੱਕਣ ਲਈ ਨਿਰਦੇਸ਼ ਦਿੱਤੇ |
ਇਸ ਤੋਂ ਪਹਿਲਾਂ ਇਸ ਹਫ਼ਤੇ ਦੇ ਸ਼ੁਰੂ ਵਿੱਚ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਇਕ ਪੱਤਰ ਲਿਖ ਕੇ ਮੌਜੂਦਾ ਖਰੀਦ ਸੀਜ਼ਨ ਦੌਰਾਨ ਕਣਕ ਦੀ ਖਰੀਦ ਦੇ ਮਾਪਦੰਡਾਂ ਵਿੱਚ ਢਿੱਲ ਦੇਣ ਦੀ ਮੰਗ ਕੀਤੀ ਸੀ ਕਿਉਂਕਿ ਬੇਮੌਸਮੀ ਮੀਂਹ ਦੇ ਕਾਰਨ ਫਸਲਾਂ ਨੂੰ ਭਾਰੀ ਨੁਕਸਾਨ ਹੋਇਆ ਸੀ |
ਮੁੱਖ ਮੰਤਰੀ ਨੇ ਮੀਂਹ ਦੇ ਕਾਰਨ ਕਣਕ ਦੀ ਗੁਣਵੱਤਾ ਨੂੰ ਹੋਏ ਨੁਕਸਾਨ ਦਾ ਮੁਲਾਂਕਣ ਕਰਨ ਲਈ ਮਾਹਿਰਾਂ ਦੀ ਇੱਕ ਟੀਮ ਨੂੰ ਪੰਜਾਬ ਦੌਰੇ 'ਤੇ ਭੇਜਣ ਲਈ ਕੇਂਦਰੀ ਖਪਤਕਾਰ ਮਾਮਲੇ ਖੁਰਾਕ ਅਤੇ ਜਨਤਕ ਵੰਡ ਪ੍ਰਣਾਲੀ ਮੰਤਰਾਲੇ ਨੂੰ ਨਿਰਦੇਸ਼ ਦੇਣ ਲਈ ਵੀ ਪੁਧਾਨ ਮੰਤਰੀ ਨੂੰ ਆਖਿਆ ਸੀ ਤਾਂ ਜੋ ਇਸ ਸਬੰਧ ਵਿੱਚ ਸੋਧੇ ਹੋਏ ਢੁੱਕਵੇਂ ਮਾਪਦੰਡ ਤਿਆਰ ਕੀਤੇ ਜਾ ਸਕਣ |
ਮੁੱਖ ਮੰਤਰੀ ਨੇ ਕੀਮਤ ਵਿੱਚ ਬਿਨਾ ਕਿਸੇ ਕਟੌਤੀ ਤੋਂ ਖਰੀਦ ਮਾਪਦੰਡਾਂ ਵਿੱਚ ਢੁਕਵੀਂ ਢਿੱਲ ਦੇਣ ਲਈ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ | ਸੂਬੇ ਵਿੱਚ 16 ਅਪ੍ਰੈਲ ਤੋਂ 18 ਅਪ੍ਰੈਲ 2019 ਤੱਕ ਪਏ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ ਜਿਸ ਕਰਕੇ ਉਨ੍ਹਾਂ ਨੇ ਖਰੀਦ ਮਾਪਦੰਡਾਂ ਵਿੱਚ ਢਿੱਲ ਦਿੱਤੇ ਜਾਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ |
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਪੱਕਣ 'ਤੇ ਆਈ ਖੜ੍ਹੀ ਫਸਲ ਨੂੰ ਮੀਂਹ ਅਤੇ ਹਵਾਵਾਂ ਕਾਰਨ ਭਾਰੀ ਨੁਕਸਾਨ ਹੋਇਆ ਅਤੇ ਇਸ ਦੇ ਨਾਲ ਕਣਕ ਦੀ ਗੁਣਵੱਤਾ 'ਤੇ ਫਰਕ ਪਿਆ | ਕਈ ਥਾਵਾਂ 'ਤੇ ਪਾਣੀ ਖੜ੍ਹਾ ਹੋਣ ਕਾਰਨ ਕਣਕ ਦਾ ਰੰਗ ਵੀ ਕਾਲਾ ਪੈ ਗਿਆ |