ਨਾਮਜ਼ਦਗੀ ਪੱਤਰ ਦਾਖਲ ਕਰਨ ਮੋਕੇ ਪੀਟਰ ਚੀਦਾ ਅਤੇ ਅਮਨ ਅਰੋੜਾ
ਲੋਕੇਸ਼ ਰਿਸ਼ੀ
ਗੁਰਦਾਸਪੁਰ, 25 ਅਪ੍ਰੈਲ 2019: ਲੋਕ ਸਭਾ ਚੋਣਾਂ ਦੇ ਸਬੰਧ ਵਿੱਚ ਅੱਜ ਆਮ ਆਦਮੀ ਪਾਰਟੀ ਦੇ ਗੁਰਦਾਸਪੁਰ ਤੋਂ ਨੁਮਾਇੰਦੇ ਪੀਟਰ ਚੀਦਾ ਵੱਲੋਂ ਆਪਣਾ ਨਾਮਜ਼ਦਗੀ ਪੱਤਰ ਦਾਖਿਲ ਕਰ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਨੇ ਨਾਲ ਆਪ ਦੇ ਉਪ ਪ੍ਰਧਾਨ ਅਮਨ ਅਰੋੜਾ ਤੋਂ ਇਲਾਵਾ ਪਾਰਟੀ ਦੇ ਹੋਰ ਕਈ ਆਗੂ ਵੀ ਮੌਜੂਦ ਸਨ। ਲੋਕ ਸਭਾ ਹਲਕਾ (01) ਗੁਰਦਾਸਪੁਰ ਵਿਖੇ ਨਾਮਜ਼ਦਗੀਆਂ ਦਾਖਿਲ ਕਰਵਾਉਣ ਦੇ ਅੱਜ ਤੀਸਰੇ ਦਿਨ ਤੱਕ ਕੁੱਲ 4 ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਦਾਖਿਲ ਕਰ ਚੁੱਕੇ ਹਨ। ਇਸ ਦੇ ਨਾਲ ਹੀ ਪੰਜਾਬ ਕਾਂਗਰਸ ਪ੍ਰਧਾਨ ਅਤੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਐਮਪੀ ਰਹਿ ਚੁੱਕੇ ਸੁਨੀਲ ਜਾਖੜ ਵੀ ਕੱਲ ਆਪਣੇ ਨਾਮਜ਼ਦਗੀ ਕਾਗ਼ਜ਼ ਦਾਖਲ ਕਰਵਾਉਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਪੁਲ ਉੱਜਵਲ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗੁਰਦਾਸਪੁਰ (01) ਲੋਕ ਸਭਾ ਹਲਕੇ ਲਈ ਤਿੰਨ ਉਮੀਦਵਾਰਾਂ ਨੇ ਕਾਗ਼ਜ਼ ਦਾਖਲ ਕਰਵਾਏ। ਅੱਜ ਆਜ਼ਾਦ ਉਮੀਦਵਾਰ ਵਜੋਂ ਜਗਦੀਸ਼ ਮਸੀਹ, ਸੀ.ਪੀ.ਆਈ ਐਮ ਐਲ ਲਿਬਰੇਸ਼ਨ ਪਾਰਟੀ ਵੱਲੋਂ ਕਾਮਰੇਡ ਅਸ਼ਵਨੀ ਕੁਮਾਰ ਅਤੇ ਆਪ ਪਾਰਟੀ ਵੱਲੋਂ ਪੀਟਰ ਮਸੀਹ ਨੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ। ਉਨ੍ਹਾਂ ਦੱਸਿਆ ਕਿ ਲੋਕ ਸਭਾ ਗੁਰਦਾਸਪੁਰ ਸੀਟ ਲਈ ਅੱਜ ਤਕ ਕੁਲ 04 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਹਨ। ਬੀਤੇ ਦਿਨੀਂ ਅਮਨਦੀਪ ਸਿੰਘ ਘੋਤਰਾ ਨੇ ਆਜ਼ਾਦ ਉਮੀਦਵਾਰ ਵਜੋਂ ਆਪਣੇ ਪੱਤਰ ਦਾਖਲ ਕਰਵਾ ਚੁੱਕੇ ਹਨ। ਉੱਜਵਲ ਨੇ ਦੱਸਿਆ ਕਿ ਨਾਮਜ਼ਦਗੀ ਪੱਤਰ 29 ਅਪ੍ਰੈਲ 2019 ਤੱਕ ਸਵੇਰੇ 11-00 ਵਜੇ ਤੋਂ ਬਾਅਦ ਦੁਪਹਿਰ 3-00 ਵਜੇ ਤੱਕ ਦਾਖਲ ਕੀਤੇ ਜਾ ਸਕਦੇ ਹਨ।
ਇਸ ਦੇ ਨਾਲ ਹੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰੀ ਸੁਨੀਲ ਜਾਖੜ ਵੱਲੋਂ ਇੱਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਗਿਆ ਹੈ ਕਿ ਉਹ 26 ਅਪ੍ਰੈਲ ਨੂੰ ਸਵੇਰੇ 9 ਵਜੇ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਗੁਰਦਾਸਪੁਰ ਪਾਰਲੀਮਾਨੀ ਹਲਕੇ ਦੀ ਕਾਂਗਰਸ ਲੀਡਰਸ਼ਿਪ ਸਮੇਤ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣਗੇ। ਇਸ ਤੋਂ ਬਾਅਦ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਲੀਡਰਸ਼ਿਪ ਨਾਲ ਸਵੇਰੇ 10:30 ਵਜੇ ਬਟਾਲਾ ਦੇ ਕਾਲੀ ਦੁਆਰਾ ਮੰਦਰ ਅਤੇ ਗੁਰਦੁਆਰਾ ਕੰਧ ਸਾਹਿਬ ਵਿਖੇ ਮੱਥਾ ਟੇਕਣਗੇ। ਇਸ ਤੋਂ ਬਾਅਦ ਉਹ ਸਮੁੱਚੀ ਕਾਂਗਰਸ ਲੀਡਰਸ਼ਿਪ ਸਮੇਤ ਗੁਰਦਾਸਪੁਰ ਵਿਖੇ ਆਪਣੇ ਨਾਮਜ਼ਦਗੀ ਕਾਗ਼ਜ਼ ਦਾਖਲ ਕਰਨਗੇ।