ਚੰਡੀਗੜ੍ਹ 25 ਅਪ੍ਰੈਲ 2019: ਸੁਖਪਾਲ ਸਿੰਘ ਖਹਿਰਾ ਨੇ ਅੱਜ ਇਥੇ ਇੱੱਕ ਸਖਤ ਸ਼ਬਦਾਂ ਵਿੱਚ ਪ੍ਰੈਸ ਨੋਟ ਜਾਰੀ ਕਰਦੇ ਹੋਏ ਕਿਹਾ ਕਿ ਨਾਜਰ ਸਿੰਘ ਐਮ.ਐਲ.ਏ ਮਾਨਸਾ ਦੇ ਅਚਾਨਕ ਪਾਰਟੀ ਬਦਲਣ ਬਾਰੇ ਸੁਣ ਕੇ ਉਹਨਾਂ ਨੂੰ ਹੈਰਾਨੀ ਅਤੇ ਦੁੱਖ ਹੋਇਆ। ਖਹਿਰਾ ਨੇ ਕਿਹਾ ਕਿ ਨਾਜਰ ਸਿੰਘ ਦੇ ਤਜਰਬੇ ਅਤੇ ਸਿਆਣਪ ਕਾਰਨ ਉਹ ਹਮੇਸ਼ਾਂ ਉਹਨਾਂ ਦੀ ਇੱਜਤ ਕਰਦੇ ਸਨ। ਉਹਨਾਂ ਕਿਹਾ ਕਿ ਉਹ ਕਦੇ ਸੋਚ ਵੀ ਨਹੀਂ ਸਕਦੇ ਸਨ ਕਿ ਨਾਜਰ ਸਿੰਘ ਚੋਣਾਂ ਵਿਚਾਲੇ ਦਲ ਬਦਲ ਲੈਣਗੇ ਅਤੇ ਉਹ ਵੀ ਬਿਨਾਂ ਕਿਸੇ ਠੋਸ ਕਾਰਨ ਦੇ। ਖਹਿਰਾ ਨੇ ਕਿਹਾ ਕਿ ਨਾਜਰ ਸਿੰਘ ਦੀ ਦਲ ਬਦਲੀ ਸਿਰਫ ਸਨਮਾਨ ਨੂੰ ਠੇਸ ਲਗਾਵੇਗੀ ਅਤੇ ਪੰਜਾਬ ਦੇ ਸਿਆਸੀ ਲੋਕਾਂ ਵਿੱਚ ਜਨਤਾ ਦੇ ਵਿਸ਼ਵਾਸ ਨੂੰ ਹੋਰ ਖਤਮ ਕਰੇਗੀ।
ਖਹਿਰਾ ਨੇ ਕਿਹਾ ਕਿ ਭਾਂਵੇ ਨਾਜਰ ਸਿੰਘ ਨੇ ਦਲ ਬਦਲੀ ਕਰਕੇ ਆਪਣੇ ਵੋਟਰਾਂ ਨਾਲ ਧੋਖਾ ਕੀਤਾ ਹੈ ਪਰੰਤੂ ਉਹ ਇੱਕ ਪੁਆਂਇੰਟ ਤੋਂ ਅੱਗੇ ਉਹਨਾਂ ਨੂੰ ਨਿੰਦਣਾ ਨਹੀਂ ਚਾਹੁੰਦੇ ਕਿਉਂਕਿ ਉਹ ਮਹਿਸੂਸ ਕਰਦੇ ਹਨ ਕਿ ਸੰਘਰਸ਼ ਅਤੇ ਲੜਾਈ ਦਾ ਰਾਹ ਕੋਈ ਸੋਖਾ ਨਹੀਂ ਹੈ ਇਸ ਲਈ ਸਾਡੇ ਅੋਖੇ ਸਮੇਂ ਵਿੱਚ ਐਮ.ਐਲ.ਏ ਨਾਜਰ ਸਿੰਘ ਸਾਡੇ ਨਾਲ ਜਿੰਨੇ ਵੀ ਕਦਮ ਚਲੇ ਹਨ ਅਸੀਂ ਉਹਨਾਂ ਦੇ ਸ਼ੁਕਰਗੁਜਾਰ ਹਾਂ।
ਖਹਿਰਾ ਨੇ ਕਿਹਾ ਕਿ ਇਸ ਚਤੁਰ ਦਲ ਬਦਲੀ ਅਤੇ ਪੰਜਾਬ ਵਿੱਚ ਆਇਆ ਰਾਮ ਗਿਆ ਰਾਮ ਪਰੰਪਰਾ ਨੂੰ ਸ਼ੁਰੂ ਕਰਨ ਲਈ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਜਿੰਮੇਵਾਰ ਠਹਿਰਾਉਂਦੇ ਹਨ। ਖਹਿਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਨਵੇਂ ਭਜਨ ਲਾਲ ਬਣ ਗਏ ਹਨ ਜੋ ਕਿ ਪੰਜਾਬ ਵਿੱਚ 78 ਵਿਧਾਇਕਾਂ ਦਾ ਬਹੁਮਤ ਹੋਣ ਦੇ ਬਾਵਜੂਦ ਅੰਦਰੋਂ ਡਰੇ ਹੋਏ ਹਨ। ਪਾਰਟੀਆਂ ਨੂੰ ਤੋੜਣ ਦਾ ਕੈਪਟਨ ਅਮਰਿੰਦਰ ਸਿੰਘ ਦਾ ਇਹ ਕਾਇਰਤਾ ਭਰਪੂਰ ਕਾਰਾ ਉਹਨਾਂ ਦੇ ਕੰਮਜੋਰ ਦਿਮਾਗੀ ਸੰਤੁਲਨ ਨੂੰ ਦਿਖਾਉਂਦਾ ਹੈ ਜਿਸ ਨੂੰ ਕਿ ਖੁਦ ਵਿੱਚ ਵਿਸ਼ਵਾਸ ਨਹੀਂ ਹੈ ਅਤੇ ਪੰਜਾਬ ਵਿੱਚ ਪਹਿਲਾਂ ਤੋਂ ਹੀ ਖਰਾਬ ਹੋਈ ਚੋਣ ਪ੍ਰਣਾਲੀ ਨੂੰ ਹੋਰ ਪ੍ਰਦੂਸ਼ਿਤ ਕਰਨ ਲਈ ਥਰਡ ਡਿਗਰੀ ਦੇ ਤਰੀਕੇ ਅਪਨਾ ਰਿਹਾ ਹੈ। ਖਹਿਰਾ ਨੇ ਕਿਹਾ ਕਿ ਉਹ ਮੁੜ ਆਪਣਾ ਪ੍ਰਣ ਦੁਹਰਾਂਦੇ ਹਨ ਕਿ ਪੰਜਾਬ ਨੂੰ ਕੈਪਟਨ ਅਮਰਿੰਦਰ ਸਿੰਘ ਵਰਗੇ ਭ੍ਰਿਸ਼ਟ ਅਤੇ ਰਜਵਾੜਾਸ਼ਾਹੀ ਲੀਡਰਾਂ ਦੇ ਚੁੰਗਲ ਵਿੱਚੋਂ ਅਜਾਦ ਕਰਵਾਉਣ ਲਈ ਕੋਸ਼ਿਸ਼ਾਂ ਅਣਥੱਕ ਜਾਰੀ ਰੱਖਣਗੇ ਭਾਂਵੇ ਉਹ ਇਸ ਲੜਾਈ ਵਿੱਚ ਇਕੱਲੇ ਰਹਿ ਜਾਣ।