ਚੰਡੀਗੜ੍ਹ, 25 ਅਪ੍ਰੈਲ 2019: ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਨੇ ਸੁਖਪਾਲ ਸਿੰਘ ਖਹਿਰਾ ਵੱਲੋਂ ਵਿਧਾਇਕੀ (ਐਮ.ਐਲ.ਏ.ਸ਼ਿਪ) ਤੋਂ ਦਿੱਤੇ ਗਏ ਅਸਤੀਫ਼ੇ ਨੂੰ ਸਿਆਸੀ ਸਟੰਟ ਅਤੇ ਪੰਜਾਬ ਦੇ ਲੋਕਾਂ ਨਾਲ ਇੱਕ ਹੋਰ ਧੋਖਾ ਕਰਾਰ ਦਿੱਤਾ ਹੈ।
'ਆਪ' ਮੁੱਖ ਦਫ਼ਤਰ ਵੱਲੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਸਲੀਅਤ ਇਹ ਹੈ ਕਿ ਸੁਖਪਾਲ ਸਿੰਘ ਐਮ.ਐਲ.ਏ ਦੀ ਕੁਰਸੀ ਨਹੀਂ ਛੱਡਣਾ ਚਾਹੁੰਦਾ, ਇਹ ਗੱਲ ਖਹਿਰਾ ਵੱਲੋਂ ਦਿੱਤੇ ਗਏ ਅਸਤੀਫ਼ੇ ਤੋਂ ਸਾਬਤ ਹੁੰਦੀ ਹੈ।
ਚੀਮਾ ਮੁਤਾਬਿਕ ਖਹਿਰਾ ਨੇ ਅਸਤੀਫ਼ੇ ਦੇ ਨਾਂ 'ਤੇ ਸਮੁੱਚੇ ਪੰਜਾਬੀਆਂ ਨੂੰ ਬੁੱਧੂ ਬਣਾਉਣ ਵਾਲਾ ਸਟੰਟ ਖੇਡਿਆ ਹੈ। ਜੇਕਰ ਖਹਿਰਾ ਸੱਚਮੁੱਚ ਅਸਤੀਫ਼ਾ ਦੇਣਾ ਚਾਹੁੰਦੇ ਤਾਂ ਉਹ ਵਿਧਾਨ ਸਭਾ ਦੇ ਨਿਯਮਾਂ-ਕਾਨੂੰਨਾਂ ਮੁਤਾਬਿਕ ਸਿਰਫ਼ ਇੱਕ ਲਾਇਨ (ਸਤਰ) ਦਾ ਅਸਤੀਫ਼ਾ ਦਿੰਦੇ ਅਤੇ ਅਸਤੀਫ਼ੇ ਦੇ ਨਾਂ 'ਤੇ ਚਿੱਠਾ ਨਾ ਲਿਖਦੇ।
ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਵਿਧਾਇਕ ਪਦ ਤੋਂ ਅਸਤੀਫ਼ਾ ਦੇਣ ਲਈ ਸਿਰਫ਼ ਇੱਕ ਲਾਇਨ ਨਿਰਧਾਰਿਤ ਕੀਤੀ ਹੋਈ ਹੈ, ਜੇਕਰ ਕੋਈ ਵਿਧਾਇਕ ਉਸ ਨਿਰਧਾਰਿਤ ਫਾਰਮੈਟ ਤੋਂ ਬਾਹਰ ਜਾ ਕੇ ਕੋਈ ਸ਼ਬਦ ਜਾਂ ਲਾਈਨਾਂ ਲਿਖਦਾ ਹੈ ਤਾਂ ਸਪੀਕਰ ਉਸ ਦਾ ਅਸਤੀਫ਼ਾ ਸਵੀਕਾਰ ਨਹੀਂ ਕਰ ਸਕਦਾ। ਚੀਮਾ ਨੇ ਕਿਹਾ ਕਿ ਖਹਿਰਾ ਅਜਿਹੇ ਸਾਰੇ ਦਾਅ-ਪੇਚ ਜਾਣਦੇ ਹਨ, ਕਿ ਕੁਰਸੀ ਨਾਲ ਵੱਧ ਤੋਂ ਵੱਧ ਸਮਾਂ ਕਿਵੇਂ ਚਿੰਬੜਿਆ ਰਿਹਾ ਜਾ ਸਕਦਾ ਹੈ।
ਚੀਮਾ ਨੇ ਵਿਅੰਗ ਕਰਦਿਆਂ ਕਿਹਾ ਕਿ ਪੰਜਾਬ ਲਈ 100 ਅਹੁਦੇ ਕੁਰਬਾਨ ਕਰਨ ਦੀਆਂ ਢੀਂਗਾ ਮਾਰਨ ਵਾਲੇ ਖਹਿਰਾ ਦਾ ਅਸਲੀ ਚਿਹਰਾ ਨੰਗਾ ਹੋ ਚੁੱਕਿਆ ਹੈ, ਇਸ ਕਰਕੇ ਪੰਜਾਬ ਦੇ ਲੋਕ ਖਹਿਰਾ ਐਂਡ ਪਾਰਟੀ ਨੂੰ ਕਦੇ ਵੀ ਮੂੰਹ ਨਹੀਂ ਲਗਾਉਣਗੇ।
ਨਾਜ਼ਰ ਸਿੰਘ ਮਾਨਸ਼ਾਹੀਆ 'ਤੇ ਟਿੱਪਣੀ ਕਰਦੇ ਹੋਏ ਚੀਮਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਨੈਤਿਕਤਾ ਦੇ ਪਾਠ ਪੜਾਉਣ ਵਾਲਿਆਂ ਦੀ ਅੱਜ ਨਾ ਜ਼ਮੀਰ ਜਾਗੀ ਹੈ ਅਤੇ ਨਾ ਹੀ ਖ਼ੁਦਮੁਖ਼ਤਿਆਰੀ ਲਈ ਤੜਫਦੀ 'ਪੰਜਾਬੀਅਤ' ਨੂੰ ਚੁਭੱਣ ਹੋਈ ਹੈ।
ਚੀਮਾ ਨੇ ਪੁੱਛਿਆ ਕਿ ਇੱਕ ਕੌਮੀ ਪਾਰਟੀ ਵਜੋਂ 'ਆਪ' ਹਾਈਕਮਾਨ ਕੋਲ ਦਿੱਲੀ ਨਾ ਜਾਣ ਦੀ ਲਕੀਰ ਖਿੱਚਣ ਵਾਲੇ ਮਾਨਸ਼ਾਹੀਆ ਕੀ ਹੁਣ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਸੱਦੇ 'ਤੇ ਦਿੱਲੀ ਨਹੀਂ ਜਾਇਆ ਕਰਨਗੇ ਅਤੇ ਕਾਂਗਰਸ ਤੋਂ ਖ਼ੁਦਮੁਖ਼ਤਿਆਰੀ ਮੰਗਣਗੇ ਜਿਵੇਂ ਅਰਵਿੰਦ ਕੇਜਰੀਵਾਲ ਕੋਲੋਂ ਮੰਗਦੇ ਸਨ। ਚੀਮਾ ਨੇ ਕਿਹਾ ਕਿ ਇਹ ਲੋਕ 'ਆਪ' ਦੀ ਛੋਟੀ ਲਾਇਨ ਦੇਖ ਕੇ ਮੁੱਲ ਪਵਾਉਣ ਆਏ ਸਨ। ਅੱਜ 'ਆਪ' ਅਤੇ ਪੰਜਾਬੀਆਂ ਨਾਲ ਧ੍ਰੋਹ ਕਮਾ ਕੇ ਵੱਡੇ ਮੁੱਲਾਂ 'ਤੇ ਵਿਕ ਤਾਂ ਗਏ ਪਰੰਤੂ ਆਮ ਲੋਕਾਂ ਅਤੇ ਦੇਸ਼ ਵਿਦੇਸ਼ ਬੈਠੇ ਪੰਜਾਬੀਆਂ ਦੀਆਂ ਨਜ਼ਰਾਂ 'ਚ ਹਮੇਸ਼ਾ ਲਈ ਡਿਗ ਗਏ।