ਮਾਨਸ਼ਾਹੀਆ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਦੇ ਸਬੰਧ ਵਿੱਚ ਜਾਖੜ ਨਾਲ ਕਿਸੇ ਵੀ ਮੱਤਭੇਦ ਤੋਂ ਇਨਕਾਰ
ਪਟਿਆਲਾ, 26 ਅਪ੍ਰੈਲ 2019: ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਹੂੰਝਾ ਫੇਰੂ ਜਿੱਤ ਹੋਣ 'ਤੇ ਪੂਰਾ ਭਰੋਸਾ ਪ੍ਰਗਟ ਕਰਦੇ ਹੋਏ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੋਦੀ ਦੀ ਕੋਈ ਵੀ ਲਹਿਰ ਨਾ ਹੋਣ ਅਤੇ ਉਸਦੀ ਸਰਕਾਰ ਦੀਆਂ ਕੋਈ ਵੀ ਪ੍ਰਾਪਤੀਆਂ ਨਾ ਹੋਣ ਦੇ ਕਾਰਨ ਸੂਬੇ ਵਿੱਚ ਭਾਰਤੀ ਜਨਤਾ ਪਾਰਟੀ ਹਾਸ਼ੀਏ ਵੱਲ ਜਾ ਚੁੱਕੀ ਹੈ ਅਤੇ ਲੋਕ ਇਸ ਨੂੰ ਸੱਤਾ ਵਿੱਚੋਂ ਲਾਹ ਸੁੱਟਣਗੇ |
ਆਪਣੀ ਪਤਨੀ ਪ੍ਰਨੀਤ ਕੌਰ ਦੇ ਨਾਲ ਉਨ੍ਹਾਂ ਦੇ ਪਟਿਆਲਾ ਤੋਂ ਕਾਂਗਰਸੀ ਉਮੀਦਵਾਰ ਵਜੋਂ ਕਾਗਜ਼ ਦਾਖਲ ਕਰਨ ਤੋਂ ਬਾਅਦ ਮੁੱਖ ਮੰਤਰੀ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ | ਪ੍ਰਨੀਤ ਕੌਰ ਨੇ ਅੱਜ ਲੋਕ ਸਭਾ ਚੋਣਾਂ ਵਾਸਤੇ ਡੀ.ਸੀ. ਦਫ਼ਤਰ ਵਿਖੇ ਆਪਣੇ ਨਾਮਜਦਗੀ ਪੱਤਰ ਦਾਖਲ ਕੀਤੇ | ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ, ਧੀ ਜੈਇੰਦਰ ਕੌਰ ਅਤੇ ਦੋਹਤਾ ਨਿਰਵਾਨ ਵੀ ਹਾਜ਼ਰ ਸਨ | ਇੱਥੇ 19 ਮਈ ਨੂੰ ਚੋਣਾਂ ਹੋ ਰਹੀਆਂ ਹਨ |
ਇਕ ਸਵਾਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਰਸਿਮਰਤ ਬਾਦਲ ਦੀ ਬਠਿੰਡਾ ਅਤੇ ਸੁਖਬੀਰ ਬਾਦਲ ਦੀ ਫ਼ਿਰੋਜ਼ਪੁਰ ਸੀਟ ਸਣੇ ਉਨ੍ਹਾਂ ਦੀ ਪਾਰਟੀ ਸੂਬੇ ਵਿੱਚੋਂ ਸਾਰੀਆਂ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ 'ਤੇ ਲਾਜ਼ਮੀ ਤੌਰ 'ਤੇ ਜਿੱਤ ਹਾਸਲ ਕਰੇਗੀ |
ਮੁੱਖ ਮੰਤਰੀ ਨੇ ਕਿਹਾ ਕਿ 2014 ਦੀਆਂ ਚੋਣਾਂ ਦੇ ਉਲਟ ਹੁਣ ਪੰਜਾਬ ਦੇ ਲੋਕਾਂ ਦਾ ਮਿਜਾਜ਼ ਪੂਰੀ ਤਰ੍ਹਾਂ ਬਦਲ ਗਿਆ ਹੈ ਅਤੇ ਕਾਂਗਰਸ ਪਾਰਟੀ ਸੂਬੇ ਦੀਆਂ ਸਾਰੀਆਂ ਦੀਆਂ ਸਾਰੀਆਂ 13 ਸੀਟਾਂ ਜਿੱਤਣ ਦਾ ਮਿਸ਼ਨ ਪੂਰਾ ਕਰੇਗੀ ਅਤੇ ਨਵੀਂ ਸਰਕਾਰ ਦੇ ਗਠਨ ਲਈ ਇਹ ਸਾਰੀਆਂ 13 ਸੀਟਾਂ ਰਾਹੁਲ ਗਾਂਧੀ ਦੀ ਝੋਲੀ ਵਿੱਚ ਪਾਵੇਗੀ |
ਇਕ ਹੋਰ ਸਵਾਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰਾਹੁਲ ਗਾਂਧੀ ਲਾਜ਼ਮੀ ਤੌਰ 'ਤੇ ਪੰਜਾਬ ਵਿੱਚ ਚੋਣ ਪ੍ਰਚਾਰ ਕਰਨਗੇ ਜਿਸ ਦੇ ਵਾਸਤੇ ਤਰੀਕਾਂ ਅਤੇ ਸਥਾਨਾਂ ਦਾ ਫੈਸਲਾ ਅਜੇ ਕੀਤਾ ਜਾਣਾ ਹੈ |
ਗੁਰਦਾਸਪੁਰ ਵਿੱਚ ਸਨੀ ਦਿਓਲ ਵੱਲੋਂ ਸੁਨੀਲ ਜਾਖੜ ਨੂੰ ਗੰਭੀਰ ਟੱਕਰ ਪੇਸ਼ ਕਰਨ ਦੀਆਂ ਸੰਭਾਵਨਾਵਾਂ ਨੂੰ ਰੱਦ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੁਨੀਲ ਜਾਖੜ ਗੁਰਦਾਸਪੁਰ ਵਿੱਚ ਜ਼ਮੀਨੀ ਪੱਧਰ 'ਤੇ ਕੰਮ ਕਰਦੇ ਆ ਰਹੇ ਹਨ ਜਦਕਿ ਦਿਓਲ ਦਾ ਉੱਥੇ ਕੋਈ ਵੀ ਸਥਾਨ ਨਹੀਂ ਹੈ | ਉਨ੍ਹਾਂ ਕਿਹਾ ਕਿ ਚੋਣਾਂ ਤੋਂ ਬਾਅਦ ਸਨੀ ਦਿਓਲ ਵਾਪਸ ਫਿਲਮੀ ਦੁਨੀਆ ਵਿੱਚ ਭੱਜ ਜਾਵੇਗਾ ਅਤੇ ਉਹ ਗੁਰਦਾਸਪੁਰ ਦੇ ਲੋਕਾਂ ਵਿੱਚ ਨਹੀਂ ਰਹੇਗਾ |
ਆਮ ਆਦਮੀ ਪਾਰਟੀ ਦੇ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਕਰਨ ਦੇ ਸਬੰਧ ਵਿੱਚ ਜਾਖੜ ਨੂੰ ਨਾਲ ਨਾ ਲੈਣ ਸਬੰਧੀ ਮੀਡੀਆ ਰਿਪੋਰਟਾਂ ਦੇ ਸਬੰਧ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਨਾਂ ਸਾਰੇ ਮੁੱਦਿਆਂ ਬਾਰੇ ਪੰਜਾਬ ਪ੍ਰਦੇਸ਼ ਕਾਂਰਗਸ ਕਮੇਟੀ ਦੇ ਪ੍ਰਧਾਨ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਹੈ | ਉਨ੍ਹਾਂ ਨੇ ਜਾਖੜ ਦੇ ਨਾਲ ਇਸ ਮੁੱਦੇ 'ਤੇ ਕੋਈ ਵੀ ਮੱਤਭੇਦ ਹੋਣ ਤੋਂ ਸਪਸ਼ਟ ਇਨਕਾਰ ਕੀਤਾ ਹੈ |
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਲਮੀ ਐਕਟਰ ਅਕਸ਼ੇ ਕੁਮਾਰ ਵੱਲੋਂ ਲਈ ਗਈ ਇਕ ਇੰਟਰਵਿਊ ਸਬੰਧੀ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ, ''ਕਿਹੜੀ ਇੰਟਰਵਿਊ? ਮੈਂ ਕੋਈ ਇੰਟਰਵਿਊ ਨਹੀਂ ਦੇਖੀ |''