← ਪਿਛੇ ਪਰਤੋ
(ਲੋਕੇਸ਼ ਰਿਸ਼ੀ) ਗੁਰਦਾਸਪੁਰ, 26 ਅਪ੍ਰੈਲ 2019: ਗੁਰਦਾਸਪੁਰ ਹਲਕੇ ਵਿੱਚ ਸੁਨੀਲ ਜਾਖੜ ਨੂੰ ਭਾਜਪਾ ਦੇ ਉਮੀਦਵਾਰ ਪਾਸੋਂ ਕਿਸੇ ਕਿਸਮ ਦੀ ਚੁਣੌਤੀ ਹੋਣ ਦੀ ਸੰਭਾਵਨਾ ਰੱਦ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਖਿਆ ਕਿ ਸੰਨੀ ਦਿਓਲ ਮਹਿਜ਼ ਇੱਕ ਫਿਲਮੀ ਫੌਜੀ ਹੈ ਜਿਸ ਦਾ ਹਲਕੇ ਵਿੱਚ ਕੋਈ ਆਧਾਰ ਨਹੀਂ ਹੈ | ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ''ਉਹ (ਸੰਨੀ ਦਿਓਲ) ਇਕ ਫਿਲਮੀ ਫੌਜੀ ਹੈ ਜਦਕਿ ਮੈਂ ਇਕ ਅਸਲ ਫੌਜੀ ਹਾਂ |'' ਉਨ੍ਹਾਂ ਐਲਾਨ ਕੀਤਾ ਕਿ ਸੰਨੀ ਦਿਓਲ ਨੂੰ ਹਾਰ ਦਾ ਮੂੰਹ ਵੇਖਣਾ ਪਵੇਗਾ ਅਤੇ ਉਹ ਸੁਨੀਲ ਜਾਖੜ ਜਾਂ ਕਾਂਗਰਸ ਲਈ ਕੋਈ ਚੁਣੌਤੀ ਨਹੀਂ ਹੈ | ਕੈਪਟਨ ਅਮਰਿੰਦਰ ਸਿੰਘ ਨੇ ਸੰਨੀ ਦਿਓਲ ਵਡੇਰੀ ਉਮਰ ਦਾ ਅਦਾਕਾਰ ਦੱਸਦਿਆਂ ਕਿਹਾ ਕਿ ਉਸ ਦਾ ਫਿਲਮੀ ਕੈਰੀਅਰ ਖਤਮ ਹੋ ਚੁੱਕਾ ਹੈ | ਉਨ੍ਹਾਂ ਕਿਹਾ, ''ਸੰਨੀ ਦਿਓਲ ਇੱਥੇ ਆਵੇਗਾ ਅਤੇ ਹਾਰ ਦਾ ਮੂੰਹ ਵੇਖਣ ਤੋਂ ਬਾਅਦ ਮੁੜ ਇੱਥੋਂ ਚਲਾ ਜਾਵੇਗਾ |'' ਮੁੱਖ ਮੰਤਰੀ ਨੇ ਕਿਹਾ ਕਿ ਬੇਸ਼ੱਕ ਸੰਨੀ ਦਿਓਲ ਨੇ 'ਬਾਰਡਰ' ਫਿਲਮ ਵਿੱਚ ਬਿ੍ਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦਾ ਕਿਰਦਾਰ ਨਿਭਾਇਆ ਹੈ ਪਰ ਇਸ ਨਾਲ ਉਹ ਅਸਲ ਫੌਜੀ ਨਹੀਂ ਬਣਿਆ | ਜਦੋਂ ਇਕ ਪੱਤਰਕਾਰ ਨੇ ਇਹ ਪੁੱਛਿਆ ਕਿ ਸੰਨੀ ਦਿਓਲ ਦੀ ਨਵੀਂ ਫਿਲਮ 'ਬਲੈਂਕ' ਰਿਲੀਜ਼ ਹੋਣ ਵਾਲੀ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਇਸ ਦਾ ਤੁਰੰਤ ਜਵਾਬ ਦਿੰਦਿਆਂ ਕਿਹਾ ਕਿ ਉਹ ਚੋਣਾਂ ਵਿੱਚ ਵੀ ਬਲੈਂਕ (ਖਾਲੀ ਹੱਥ) ਹੀ ਰਹੇਗਾ | ਗੁਰਦਾਸਪੁਰ ਸਮੇਤ ਸੂਬੇ ਦੀਆਂ 13 ਦੀਆਂ 13 ਲੋਕ ਸਭਾ ਸੀਟਾਂ ਜਿੱਤਣ ਲਈ ਪੂਰੀ ਤਰ੍ਹਾਂ ਆਸਵੰਦ ਹੁੰਦਿਆਂ ਮੁੱਖ ਮੰਤਰੀ ਨੇ ਮੁੜ ਦੁਹਰਾਇਆ ਕਿ ਉਹ ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੀ ਪਤਨੀ ਹਰਸਿਮਰਤ ਬਾਦਲ ਦੀ ਹਾਰ ਨੂੰ ਯਕੀਨੀ ਬਣਾਉਣ ਲਈ ਪੂਰੀ ਵਾਹ ਲਾਉਣਗੇ | ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਦੌਰਿਆਂ ਦੌਰਾਨ ਦੇਖਣ ਨੂੰ ਮਿਲਿਆ ਕਿ ਸੂਬੇ ਵਿੱਚ ਮਾਹੌਲ ਪੂਰੀ ਤਰ੍ਹਾਂ ਕਾਂਗਰਸ ਦੇ ਪੱਖ ਵਿੱਚ ਹੈ | ਇੱਥੋਂ ਤੱਕ ਕਿ ਪਾਰਟੀ ਦੇ ਮੁਕਾਬਲੇ ਵਿੱਚ ਵੀ ਕੋਈ ਹੋਰ ਨਹੀਂ ਦਿਸਦਾ | ਕਾਂਗਰਸ ਹਾਈ ਕਮਾਂਡ ਵੱਲੋਂ ਇਨ੍ਹਾਂ ਚੋਣਾਂ ਵਿੱਚ ਪਾਰਟੀ ਉਮੀਦਵਾਰਾਂ ਦੀ ਚੋਣ ਕਾਰਗੁਜ਼ਾਰੀ ਲਈ ਮੰਤਰੀਆਂ ਅਤੇ ਵਿਧਾਇਕਾਂ ਦੀ ਜ਼ਿੰਮੇਵਾਰੀ ਤੈਅ ਕਰਨ ਬਾਰੇ ਸਪਸ਼ੱਟ ਕਰਨ ਲਈ ਕਹਿਣ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਫੈਸਲਾ ਕੀਤਾ ਗਿਆ ਹੈ ਕਿ ਮੰਤਰੀਆਂ ਅਤੇ ਵਿਧਾਇਕਾਂ ਦੇ ਹਲਕਿਆਂ ਵਿੱਚ ਕਾਂਗਰਸ ਦੇ ਉਮੀਦਵਾਰਾਂ ਦੀ ਜਿੱਤ ਜਾਂ ਹਾਰ ਲਈ ਇਨ੍ਹਾਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ | ਕਾਂਗਰਸ ਵਿੱਚ ਕਾਰਗੁਜ਼ਾਰੀ ਆਧਾਰਤ ਸੱਭਿਆਚਾਰ 'ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਜੇਕਰ ਇਕ ਮੰਤਰੀ ਜਿੱਤ ਨੂੰ ਯਕੀਨੀ ਨਹੀਂ ਬਣਾ ਸਕਿਆ ਤਾਂ ਉਸ ਦੀ ਮੰਤਰੀ ਮੰਡਲ 'ਚੋਂ ਛੁੱਟੀ ਹੋ ਜਾਵੇਗੀ ਅਤੇ ਜੇਕਰ ਵਿਧਾਇਕ ਆਪਣੀ ਕਾਰਗੁਜ਼ਾਰੀ ਦਿਖਾਉਣ ਵਿੱਚ ਅਸਫਲ ਰਹਿੰਦਾ ਹੈ ਤਾਂ ਉਸ ਨੂੰ ਅਗਲੀ ਵਾਰ ਟਿਕਟ ਨਹੀਂ ਮਿਲੇਗੀ |
Total Responses : 265