ਸ਼੍ਰੀ ਫ਼ਤਿਹਗੜ੍ਹ ਸਾਹਿਬ , 28 ਅਪ੍ਰੈਲ, 2019 : ਲੋਕ ਸਭਾ ਹਲਕਾ ਫ਼ਤਿਹਗੜ੍ਹ ਸਾਹਿਬ ਤੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਕੌਣ ਹੋ ਸਕਦਾ ਹੈ ਇਸ ਬਾਰੇ ਸਥਿਤੀ ਭੰਬਲਭੂਸੇ ਵਾਲੀ ਬਣ ਗਈ ਹੈ। ਮੌਜੂਦਾ ਸਮੀਕਰਨਾਂ ਅਨੁਸਾਰ ਆਪ ਵੱਲੋਂ ਉਮੀਦਵਾਰ ਬੀਬੀ ਹਰਬੰਸ ਕੌਰ ਦੂਲੋਂ ਦੀ ਥਾਂ ਮਨਦੀਪ ਸਿੰਘ ਦੂਲੋਂ ਨੂੰ ਉਮੀਦਵਾਰ ਬਣਾਇਆ ਜਾ ਸਕਦਾ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪਾਰਟੀ ਨੇ ਵਲੰਟੀਅਰ ਬਲਜਿੰਦਰ ਸਿੰਘ ਚੌਂਦਾ ਨੂੰ ਉਮੀਦਵਾਰ ਐਲਾਨਿਆ ਸੀ ਜਿਸ ਦੀ ਟਿਕਟ ਕੱਟਕੇ ਬਾਅਦ ਵਿੱਚ ਬੀਬੀ ਹਰਬੰਸ ਕੌਰ ਦੂਲੋਂ (ਪਤਨੀ ਸਾਬਕਾ ਮੰਤਰੀ ਸ਼ਮਸ਼ੇਰ ਸਿੰਘ ਦੂਲੋਂ ) ਨੂੰ ਦੇ ਦਿੱਤੀ ਸੀ।
ਦੱਸਣਯੋਗ ਹੈ ਕਿ ਬੀਬੀ ਹਰਬੰਸ ਕੌਰ ਦੂਲੋਂ ਨੇ 26 ਅਪ੍ਰੈਲ ਨੂੰ ਲੋਕ ਸਭਾ ਹਲਕਾ ਸ਼੍ਰੀ ਫ਼ਤਿਹਗੜ੍ਹ ਸਾਹਿਬ ਰਿਟਰਨਿੰਗ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਨੂੰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨੇ ਸੀ ਜਿਸ ਸਬੰਧੀ ਪਾਰਟੀ ਵਰਕਰਾਂ ਨੂੰ ਵੀ ਸੁਨੇਹੇ ਲਾ ਦਿੱਤੇ ਗਏ ਸਨ ਪਰ ਉਹ ਨਾਮਜ਼ਦਗੀ ਪੱਤਰ ਭਰਨ ਨਹੀਂ ਪਹੁੰਚੇਂ। ਇਸ ਸਬੰਧੀ ਪੱਤਰਕਾਰਾਂ ਨੂੰ ਸਥਿਤੀ ਸਪਸ਼ਟ ਕਰਦਿਆਂ ਬੀਬੀ ਦੂਲੋਂ ਨੇ ਕਿਹਾ ਸੀ ਕਿ ਕਾਗ਼ਜ਼ ਅਧੂਰੇ ਹੋਣ ਕਾਰਨ ਉਹ ਆਪਣੇ ਕਾਗ਼ਜ਼ ਦਾਖਲ ਨਹੀਂ ਕਰ ਸਕੇ ਜਿਸ ਕਾਰਨ ਉਹ ਹੁਣ 29 ਅਪ੍ਰੈਲ ਨੂੰ ਕਾਗ਼ਜ਼ ਦਾਖਲ ਕਰਨਗੇ।
ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਬੀਬੀ ਦੂਲੋਂ ਦਾ ਲੜਕਾ ਮਨਦੀਪ ਸਿੰਘ ਦੂਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੋ ਸਕਦੇ ਹਨ। ਇਸਤੋਂ ਪਹਿਲਾਂ ਉਹ ਕਾਂਗਰਸ ਪਾਰਟੀ ਦੀ ਟਿਕਟ ਲਈ ਯਤਨ ਕਰ ਰਹੇ ਸਨ। ਜਾਣਕਾਰੀ ਅਨੁਸਾਰ ਮਨਦੀਪ ਸਿੰਘ ਦੂਲੋਂ ਕਾਂਗਰਸ ਤੋਂ ਅਸਤੀਫ਼ਾ ਦੇਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਸਕਦੇ ਹਨ।
ਇਸ ਦੌਰਾਨ ਹਰਬੰਸ ਕੌਰ ਦੂਲੋ ਦੀ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਉਹ ਕਹਿ ਰਹੀ ਹੈ ਕਿ ਉਸਨੇ ਆਮ ਆਦਮੀ ਪਾਰਟੀ ਜੁਆਇਨ ਕਰਕੇ ਚੰਗਾ ਨਹੀਂ ਕੀਤਾ। ਉਹ ਇਹ ਵੀ ਕਹਿ ਰਹੀ ਹੈ ਕਿ ਉਸਨੂੰ ਪਤਾ ਨਹੀਂ ਲੱਗਾ ਕਿ ਇਹ ਕਿਵੇਂ ਹੋ ਗਿਆ। ਵੀਡੀਓ ਵਿੱਚ ਇਹ ਵੀ ਸੁਣਿਆ ਜਾ ਰਿਹਾ ਹੈ ਜਿਸ ਵਿਚ ਉਹ ਇਹ ਵੀ ਕਹਿ ਰਹੀ ਹੈ ਕਿ ਆਪਣੇ ਪਤੀ ਨਾਲ ਮੱਤਭੇਦ ਚੱਲਦਿਆਂ ਹਮੇਸ਼ਾ ਕੈਪਟਨ ਅਮਰਿੰਦਰ ਸਿੰਘ ਨਾਲ ਖੜ੍ਹੀ ਹੈ ਪਰ ਉਸਦੇ ਇਸ ਸਟੈਂਡ ਨੂੰ ਨਾ ਪਾਰਟੀ ਨੇ ਅਤੇ ਨਾ ਕਿਸੇ ਅਹੁਦੇਦਾਰ ਨੇ ਬਣਦੀ ਤਵੱਜੋ ਨਹੀਂ ਦਿੱਤੀ ਤੇ ਨਾ ਹੀ ਉਸਨੂੰ ਕੋਈ ਜ਼ਿੰਮੇਵਾਰੀ ਵਾਲਾ ਅਹੁਦਾ ਦਿੱਤਾ ਗਿਆ। ਇੱਥੋਂ ਤੱਕ ਕਿ ਉਸਨੇ ਕਿਸੇ ਨੂੰ ਫ਼ੋਨ ਵੀ ਨਹੀਂ ਕੀਤਾ ਹੈ।
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਆਪ ਆਗੂਆਂ ਨੇ ਬੀਬੀ ਹਰਬੰਸ ਕੌਰ ਦੂਲੋਂ ਦੇ ਚੋਣ ਲੜਨ ਲਈ ਦਬਾਅ ਪਾਇਆ ਜਾ ਰਿਹਾ ਸੀ ਪਰ ਉਹ ਖ਼ੁਦ ਚੋਣ ਲੜਨ ਦੇ ਇੱਛੁਕ ਨਹੀਂ ਹਨ, ਹੁਣ ਉਹ ਆਪਣੇ ਲੜਕੇ ਮਨਦੀਪ ਸਿੰਘ ਦੂਲੋ ਨੂੰ ਟਿਕਟ ਲੜਾਉਣ ਲਈ ਯਤਨ ਕਰ ਰਹੀ ਹੈ। ਦੱਸਣਯੋਗ ਹੈ ਕਿ ਨਾਮਜ਼ਦਗੀਆਂ ਭਰਨ ਦੀ ਆਖ਼ਰੀ ਮਿਤੀ 29 ਅਪ੍ਰੈਲ ਹੈ ਜਿਸ ਕਾਰਨ ਆਪ ਪਾਰਟੀ ਨੂੰ ਹੁਣ ਆਪਣਾ ਉਮੀਦਵਾਰ ਜਲਦਬਾਜ਼ੀ ਚ ਐਲਾਨਣਾ ਪੈ ਸਕਦਾ ਹੈ।