ਮੋਹਾਲੀ, 28 ਅਪਰੈਲ,2019 : ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮਨੀਸ਼ ਤਿਵਾੜੀ ਨੇ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਦੀ ਉਨ੍ਹਾਂ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਵਿਕਾਸ ਨੂੰ ਲੈ ਕੇ ਵੱਖ ਵੱਖ ਮੁੱਦਿਆਂ ਤੇ ਦਿੱਤੀ ਗਈ ਬਹਿਸ ਦੀ ਚੁਣੌਤੀ ਨੂੰ ਸਵੀਕਾਰ ਕਰ ਲਿਆ ਹੈ।
ਉਨ੍ਹਾਂ ਖਰੜ ਵਿਧਾਨ ਸਭਾ ਹਲਕੇ ਚ ਸੀਨੀਅਰ ਪਾਰਟੀ ਆਗੂ ਤੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਵੱਲੋਂ ਆਯੋਜਿਤ ਲੜੀਵਾਰ ਪਬਲਿਕ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ, ਚੰਦੂਮਾਜਰਾ ਨੂੰ ਕਿਹਾ ਕਿ ਉਹ ਤੁਹਾਡੇ ਬਹੁਤ ਧੰਨਵਾਦੀ ਹਨ ਕਿ ਤੁਸੀਂ ਉਨ੍ਹਾਂ ਨੂੰ ਆਪਣੇ ਨਾਲ ਵੱਖ ਵੱਖ ਮੁੱਦਿਆਂ ਤੇ ਬਹਿਸ ਕਰਨ ਦਾ ਮੌਕਾ ਦਿੱਤਾ ਹੈ, ਜਿਸ ਨਾਲ ਨਾ ਸਿਰਫ ਅਸੀਂ ਦੋਵੇਂ ਇੱਕ ਦੂਜੇ ਨੂੰ ਜਾਣ ਸਕਾਂਗੇ, ਸਗੋਂ ਸ੍ਰੀ ਅਨੰਦਪੁਰ ਸਾਹਿਬ ਦੇ ਲੋਕ ਵੀ ਸਾਨੂੰ ਦੋਨਾਂ ਨੂੰ ਜਾਣ ਜਾਣਗੇ।
ਤਿਵਾੜੀ ਨੇ ਚੁਣੌਤੀ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਉਨ੍ਹਾਂ ਹਮੇਸ਼ਾ ਤੋਂ ਸਥਾਨਕ, ਕੌਮੀ ਜਾ ਫਿਰ ਕੌਮਾਂਤਰੀ ਪੱਧਰ ਦੇ ਸਾਰੇ ਮੁੱਦਿਆਂ ਤੇ ਬਹਿਸ ਕਰਨਾ ਪਸੰਦ ਕੀਤਾ ਹੈ, ਖਾਸ ਕਰਕੇ ਜਿਹੜੇ ਵਿਕਾਸ ਨਾਲ ਸਬੰਧਿਤ ਹਨ। ਉਨ੍ਹਾਂ ਕਿਹਾ ਕਿ ਚੰਦੂਮਾਜਰਾ ਦਾ ਸਮਾਂ, ਜਗ੍ਹਾ ਤੇ ਉਨ੍ਹਾਂ ਵੱਖ ਵੱਖ ਮੁੱਦਿਆਂ ਦੀ ਵੀ ਚੋਣ ਕਰਨ ਲਈ ਸਵਾਗਤ ਹੈ, ਜਿਨ੍ਹਾਂ ਤੇ ਉਹ ਉਨ੍ਹਾਂ ਨਾਲ ਬਹਿਸ ਕਰਨਾ ਚਾਹੁੰਦੇ ਨੇ।
ਤਿਵਾੜੀ ਨੇ ਚੰਦੂਮਾਜਰਾ ਨੂੰ ਕਿਹਾ ਕਿ ਮਾਮਲਾ ਭਾਵੇਂ ਪੰਜਾਬ ਚ ਉਨ੍ਹਾਂ ਦੇ ਯੋਗਦਾਨ ਨਾਲ ਜੁੜਿਆ ਹੋਵੇ ਜਾਂ ਫਿਰ ਤੁਹਾਡੇ ਯੋਗਦਾਨ ਨਾਲ, ਭਾਵੇਂ ਗੱਲ ਕੇਂਦਰ ਚ ਐਨਡੀਏ ਸਰਕਾਰ ਦੇ ਪੰਜ ਸਾਲਾਂ ਦੇ ਪ੍ਰਦਰਸ਼ਨ ਦੀ ਹੋਵੇ ਜਾਂ ਫਿਰ ਬਰਗਾੜੀ ਬੇਅਦਬੀ ਦੀ ਤੇ ਜਾਂ ਫਿਰ ਤੁਹਾਡੀ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਚ ਗ਼ੈਰ ਮੌਜੂਦਗੀ ਦੀ, ਜਿਸ ਕਾਰਨ ਲੋਕ ਤੁਹਾਡੇ ਖਿਲਾਫ “ਵਾਪਸ ਜਾਓ” ਦੇ ਨਾਅਰੇ ਲਗਾਉਣ ਲਈ ਤਿਆਰ ਹੋ ਗਏ, ਉਹ ਤੁਹਾਡੇ ਨਾਲ ਕਿਸੇ ਵੀ ਮੁੱਦੇ ਤੇ ਬਹਿਸ ਨੂੰ ਤਿਆਰ ਹਨ ਤੇ ਉਹ ਤੁਹਾਡੇ ਤੋਂ ਤੁਹਾਡਾ ਪਸੰਦੀਦਾ ਸਮਾਂ ਤੇ ਜਗ੍ਹਾ ਸੁਣਨ ਦਾ ਇੰਤਜ਼ਾਰ ਕਰ ਰਹੇ ਹਨ।
ਕਾਂਗਰਸ ਦੇ ਬੁਲਾਰੇ ਨੇ ਕਿਹਾ ਕਿ ਉਹ ਚੰਦੂਮਾਜਰਾ ਦੀ ਲੋਕਾਂ ਦੇ ਗੁੱਸੇ ਕਾਰਨ ਪ੍ਰੇਸ਼ਾਨੀ ਨੂੰ ਸਮਝ ਰਹੇ ਹਨ, ਜਿਨ੍ਹਾਂ ਦੇ ਗੁੱਸੇ ਦਾ ਉਹ ਸ੍ਰੀ ਅਨੰਦਪੁਰ ਸਾਹਿਬ ਹਲਕੇ ਚ “ਵਾਪਸ ਜਾਓ” ਦੇ ਨਾਅਰਿਅਾਂ ਨਾਲ ਹਰ ਜਗ੍ਹਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਅਕਾਲੀ ਉਮੀਦਵਾਰ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਹੁਣ ਤੁਸੀਂ ਇੱਕ ਬਹਿਸ ਕਰਨ ਦੀ ਚੁਣੌਤੀ ਦਿੱਤੀ ਹੈ ਤੇ ਉਹ ਉਮੀਦ ਕਰਦੇ ਹਨ ਕਿ ਤੁਸੀਂ ਉਸ ਤੋਂ ਨਹੀਂ ਭੱਜੋਗੇ।
ਤਿਵਾੜੀ ਨੇ ਕਿਹਾ ਕਿ ਹਾਲਾਂਕਿ ਉਹ ਕਿਸੇ ਦੇ ਸਾਹਮਣੇ ਆਪਣੇ ਬਹਿਸ ਕਰਨ ਦੇ ਹੁਨਰ ਦਾ ਪ੍ਰਦਰਸ਼ਨ ਨਹੀਂ ਕਰਨਾ ਚਾਹੁੰਦੇ, ਖਾਸ ਕਰਕੇ ਚੰਦੂਮਾਜਰਾ ਵਰਗੇ ਵਿਅਕਤੀ ਲਈ, ਮਗਰ ਉਹ ਇਸ ਚੁਣੌਤੀ ਨੂੰ ਨਕਾਰਨਾ ਵੀ ਨਹੀਂ ਚਾਹੁੰਦੇ, ਕਿਉਂਕਿ ਇਸ ਨਾਲ ਸ੍ਰੀ ਅਨੰਦਪੁਰ ਸਾਹਿਬ ਦੇ ਲੋਕਾਂ ਨੂੰ ਉਨ੍ਹਾਂ ਦੋਨਾਂ ਦਾ ਮੁਲਾਂਕਣ ਕਰਨ ਦਾ ਮੌਕਾ ਮਿਲੇਗਾ ਅਤੇ ਉਹ 19 ਮਈ ਨੂੰ ਸਹੀ ਫੈਸਲਾ ਲੈ ਸਕਣਗੇ।