ਫਾਈਲ ਫੋਟੋ : ਇੰਡੀਅਨ ਐਕਸਪ੍ਰੈਸ ਦੇ ਧੰਨਵਾਦ ਸਾਹਿਤ
ਨੌਹਾਂ ਨਾਲੋਂ ਮਾਸ ਕਦੇ ਨੀ ਅੱਡ ਹੁੰਦਾ ..
ਬੀਬਾ ਹਰਸਿਮਰਤ ਨੇ ਕਾਗ਼ਜ਼ ਭਰਨ ਤੋਂ ਪਹਿਲਾਂ ਦਾਸ ਜੀ ਦਾ ਲਿਆ ਸੀ ਅਸ਼ੀਰਵਾਦ
ਚੰਡੀਗੜ੍ਹ , 29 ਅਪ੍ਰੈਲ , 2019 : ਖ਼ਬਰ ਜ਼ਰਾ ਪਛੜ ਕੇ ਮਿਲੀ ਹੈ ਪਰ ਹੈ ਬਹੁਤ ਦਿਲਚਸਪ ਅਤੇ ਅਰਥ-ਭਰਪੂਰ. ਅਰਥਾਂ-ਭਰਪੂਰ ਕਈਆਂ ਲਈ ਹੈਰਾਨੀ ਜਨਕ ਵੀ ਹੋਵੇਗੀ .
ਖ਼ਬਰ ਇਹ ਹੈ ਕਿ ਕੇਂਦਰੀ ਵਜ਼ੀਰ ਬੀਬਾ ਹਰਸਿਮਰਤ ਕੌਰ ਬਾਦਲ ਨੇ 26 ਅਪ੍ਰੈਲ ਨੂੰ ਲੋਕ ਸਭਾ ਲਈ ਆਪਣੇ ਕਾਗ਼ਜ਼ ਭਰਨ ਤੋਂ ਦੋ ਦਿਨ ਪਹਿਲਾਂ ਸਿਰਫ਼ ਪ੍ਰਕਾਸ਼ ਸਿੰਘ ਬਾਦਲ ਤੋਂ ਹੀ ਨਹੀਂ ਸਗੋਂ
ਗੁਰਦਾਸ ਬਾਦਲ ਤੋਂ ਵੀ ਅਸ਼ੀਰਵਾਦ ਲਿਆ ਸੀ .ਤੇ ਇਹ ਵੀ ਨਹੀਂ ਕਿ ਦੋਹਾਂ ਦਾ ਕੋਈ ਸਬੱਬੀਂ ਮੇਲ ਹੋ ਗਿਆ ਸੀ . ਬੀਬਾ ਜੀ ਉਚੇਚੇ ਤੌਰ ਤੇ 'ਦਾਸ ਜੀ' ਦਾ ਅਸ਼ੀਰਵਾਦ ਲੈਣ ਉਨ੍ਹਾਂ ਦੇ ਘਰ ਗਏ ਸਨ .
ਬਾਬੂਸ਼ਾਹੀ ਦੀ ਜਾਣਕਾਰੀ ਅਨੁਸਾਰ ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਸੁਖਬੀਰ ਬਾਦਲ ਅਤੇ ਬੀਬਾ ਜੀ ਦੀ ਟਿਕਟ ਦਾ ਐਲਾਨ ਕੀਤਾ ਸੀ ਉਸ ਤੋਂ ਅਗਲੇ ਦਿਨ ਉਹ ਦਾਸ ਜੀ ਕੋਲ ਪੁੱਜੇ ਸਨ . ਇਹ ਵੀ ਪਤਾ ਲੱਗਾ ਹੈ ਕਿ ਦਾਸ ਨੇ ਵੀ ਅੱਗੋਂ ਬਜ਼ੁਰਗਾਂ ਵਾਲਾ ਰਸਮੀ ਅਸ਼ੀਰਵਾਦ ਦਿੱਤਾ ਵੀ .
ਤੇ ਅਗਲੀ ਗੱਲ ਇਹ ਵੀ ਕਨਸੋਅ ਮਿਲੀ ਹੈ ਕਿ ਬੀਬਾ ਜੀ ਨੂੰ ਗੁਰਦਾਸ ਬਾਦਲ ਤੋਂ ਅਸ਼ੀਰਵਾਦ ਲੈਣ ਦੀ ਸਲਾਹ ਵੱਡੇ ਬਾਦਲ ਨੇ ਉਦੋਂ ਦਿੱਤੀ ਸੀ ਜਦੋਂ ਬੀਬਾ ਨੇ ਚੋਣ ਲੜਨ ਲਈ ਬਾਦਲ ਸਾਹਿਬ ਦੇ ਪੈਰੀਂ ਹੱਥ ਲਾ ਕੇ ਅਸ਼ੀਰਵਾਦ ਲਿਆ ਸੀ .
ਯਾਦ ਰਹੇ ਕਿ ਗੁਰਦਾਸ ਬਾਦਲ , ਪ੍ਰਕਾਸ਼ ਸਿੰਘ ਬਾਦਲ ਦੇ ਭਰਾ ਅਤੇ ਕਾਂਗਰਸ ਸਰਕਾਰ ਦੇ ਖ਼ਜ਼ਾਨਾ ਵਜ਼ੀਰ ਮਨਪ੍ਰੀਤ ਬਾਦਲ ਦੇ ਪਿਤਾ ਹਨ . ਸਿਹਤ ਢਿੱਲੀ ਰਹਿਣ ਕਾਰਨ ਉਹ ਘਟ ਵਧ ਹੀ ਬਾਹਰ ਨਿਕਲਦੇ ਹਨ ਅਤੇ ਸਿਆਸੀ ਸਰਗਰਮੀ ਤੋਂ ਵੀ ਉਹ ਦੂਰ ਹੀ ਰਹਿੰਦੇ ਹਨ . ਵੱਡੇ ਬਾਦਲ ਤਾਂ ਗਾਹੇ -ਬਗਾਹੇ , ਆਪਣੇ ਭਰਾ ਦੀ ਸਿਹਤ ਦਾ ਪਤਾ ਲੈਣ ਜਾਂ ਉਂਜ ਵੀ ਮਿਲਣ ਪਹਿਲਾਂ ਵੀ ਜਾਂਦੇ ਰਹਿੰਦੇ ਹਨ. ਜਦੋਂ ਦੋਹਾਂ ਪਰਿਵਾਰਾਂ ਵਿਚਕਾਰ ਤਿੱਖਾ ਸੱਸੀ ਟਕਰਾਅ ਵੀ ਚੱਲ ਰਿਹਾ ਸੀ ਤਾਂ ਉਨ੍ਹਾਂ ਦਿਨਾਂ ਵਿਚ ਵੀ ਪਾਸ਼ ਨੇ ਦਾਸ ਨਾਲੋਂ ਰਾਬਤਾ ਨਹੀਂ ਸੀ ਤੋੜਿਆ ਪਰ ਬੀਬੀ ਹਰਸਿਮਰਤ ਦਾ ਦਾਸ ਤੋਂ ਅਸ਼ੀਰਵਾਦ ਲਈ ਜਾਣਾ ਨਵੇਕਲੀ ਤੇ ਅਹਿਮ ਘਟਨਾ ਹੈ .
ਬਾਬੂਸ਼ਾਹੀ ਦੀ ਜਾਣਕਾਰੀ ਅਨੁਸਾਰ ਸੁਖਬੀਰ ਬਾਦਲ ਵੀ ਦਾਸ ਬਾਦਲ ਦੀ ਸਿਹਤ ਦਾ ਹਾਲ ਚਾਲ ਪੁੱਛਦੇ ਰਹਿੰਦੇ ਹਨ . ਇਹ ਵੀ ਜ਼ਿਕਰਯੋਗ ਹੈ ਕਿ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਵਿਚ ਗੁਰਦਾਸ ਬਾਦਲ ਦਾ ਸਿਆਸੀ ਅਤੇ ਗੈਰ-ਸਿਆਸੀ ਅਸਰ-ਰਸੂਖ ਰਿਹਾ ਹੈ .ਉਹ ਹੁਣ ਸਰਗਰਮ ਨਹੀਂ ਹਨ ਪਰ ਉਨ੍ਹਾਂ ਦੇ ਸਮਰਥਕਾਂ ਦੀ ਗਿਣਤੀ ਅਜੇ ਵੀ ਬਹੁਤ ਹੈ .
ਕੀ ਫ਼ਿਰੋਜ਼ਪੁਰ 'ਚ ਗੁਰਦਾਸ ਬਾਦਲ ਆਪਣੇ ਰਸੂਖ਼ ਨੂੰ ਵਰਤ ਕੇ ਸੁਖਬੀਰ ਬਾਦਲ ਦੀ ਮਦਦ ਕਰਨਗੇ ਕਿ ਨਹੀਂ ਇਸ ਬਾਰੇ ਕਿਹਾ ਕੁਝ ਜਾ ਸਕਦਾ ਪਰ ਅੰਦਾਜ਼ੇ ਹੀ ਲਾਇਆ ਜਾ ਸਕਦੇ ਹਨ .ਉਂਜ ਪੰਜਾਬੀ ਦੀ ਇਹ ਅਖਾਣ ਗਾਹੇ -ਬਗਾਹੇ ਸੱਚ ਸਾਬਤ ਹੁੰਦੀ ਰਹਿੰਦੀ ਕਿ " ਨੋਂਹਾਂ ਨਾਲੋਂ ਮਾਸ ਕਦੇ ਵੱਖ ਨਹੀਂ ਹੁੰਦਾ "