ਚੰਡੀਗੜ੍ਹ, 1 ਮਈ 2019 - ਚੋਣ ਕਮਿਸ਼ਨ ਇੰਨ੍ਹੀ ਦਿਨੀਂ ਪੂਰੀ ਸਖਤੀ ਵਰਤ ਰਿਹਾ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਨਾਲ ਕਾਨੂੰਨ ਦੀ ਉਲੰਘਣਾ ਨਾ ਹੋ ਸਕੇ। ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ ਮੁਹਾਲੀ ਤੋਂ ਜਿਥੋਂ ਦੇ ਇੱਕ ਡੀ.ਐਸ.ਪੀ ਇੰਟੈਲੀਜੈਂਸ ਨੂੰ ਸਿਆਸੀ ਪੋਸਟ ਸ਼ੇਅਰ ਕਰਨਾ ਇੰਨਾ ਮਹਿੰਗਾ ਪੈ ਗਿਆ ਕਿ ਚੋਣ ਕਮਿਸ਼ਨ ਨੂੰ ਉਸ 'ਤੇ ਕਾਰਵਾਈ ਕਰ ਉਸਦਾ ਤਬਾਦਲਾ ਕਰਨਾ ਪਿਆ।
ਦਰਅਸਲ, ਮੋਹਾਲੀ ਡੀਐਸਪੀ ਇੰਟੈਲੀਜੈਂਸ ਜੋਬਨ ਸਿੰਘ ਵੱਲੋਂ ਆਪਣੇ ਸੋਸ਼ਲ ਮੀਡੀਆ ਪਲੈਟਫਾਰਮ 'ਤੇ ਕੋਈ ਸਿਆਸੀ ਪਾਰਟੀ ਦੀ ਪੋਸਟ ਨੂੰ ਸ਼ੇਅਰ ਕੀਤਾ ਗਿਆ। ਜਿਸ ਪੋਸਟ ਨੂੰ ਦੇਖ ਕਿਸੇ ਵੱਲੋਂ ਡੀਐਸਪੀ ਦੀ ਸ਼ਿਕਾਇਤ ਚੋਣ ਕਮਿਸ਼ਨ ਕੋਲ ਕਰ ਦਿੱਤੀ ਗਈ ਕਿ ਪੁਲਿਸ ਅਫਸਰ ਹੋ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਚੋਣ ਕਮਿਸ਼ਨ ਨੇ ਮਾਮਲਾ ਜਾਂਚਦਿਆਂ ਡੀ.ਐਸ.ਪੀ ਜੋਬਨ ਸਿੰਘ 'ਤੇ ਤੁਰੰਤ ਕਾਰਵਾਈ ਕਰ ਦਿੱਤੀ ਅਤੇ ਉਸਦਾ ਤਬਾਦਲਾ ਸਟੇਟ ਹੈੱਡਕੁਆਟਰ ਕਰ ਦਿੱਤਾ। ਕਿਉਂਕਿ ਇਹ ਸਿਆਸੀ ਪੋਸਟ ਕਿਸੇ ਆਮ ਨਾਗਰਿਕ ਨੇ ਨਹੀਂ ਸਗੋਂ ਇੱਕ ਆਫੀਸ਼ੀਅਲ ਅਧਿਕਾਰੀ ਵੱਲੋਂ ਸ਼ੇਅਰ ਕੀਤੀ ਗਈ ਸੀ।
ਚੋਣ ਕਮਿਸ਼ਨ ਨੇ ਇੱਕ ਤਰ੍ਹਾਂ ਨਾਲ ਹੋਰਨਾਂ ਅਧਿਕਾਰੀਆਂ, ਅਫਸਰਾਂ ਲਈ ਇਹ ਇੱਕ ਮਿਸਾਲ ਕਾਇਮ ਕੀਤੀ ਹੈ ਕਿ ਜੇਕਰ ਅੱਗੋਂ ਤੋਂ ਕਿਸੇ ਅਧਿਕਾਰੀ ਵੱਲੋਂ ਅਜਿਹੀ ਉਲੰਘਣਾ ਕੀਤੀ ਗਈ ਤਾਂ ਅਗਲਾ ਨੰਬਰ ਉਨ੍ਹਾਂ ਦਾ ਹੋ ਸਕਦਾ ਹੈ।