ਨਵਾਂਸ਼ਹਿਰ, 02 ਮਈ 2019: ਚੋਣ ਕਮਿਸ਼ਨ ਵੱਲੋਂ ਇਸ ਵਾਰ ਦਿਵਿਆਂਗ ਮਤਦਾਤਾਵਾਂ ਨੂੰ ਚੋਣ ਬੂਥਾਂ ’ਤੇ ਲੋੜੀਂਦੀਆਂ ਸੁਵਿਧਾਵਾਂ ਮੁਹੱਈਆ ਕਰਵਾਉਣ ਦੀ ਲੜੀ ’ਚ ਨੇਤਰਹੀਣ ਮਤਦਾਤਾਵਾਂ ਨੂੰ ਬ੍ਰੇਲ ਲਿਪੀ ਵਾਲੇ ਵਿਸ਼ੇਸ਼ ਫ਼ੋਟੋ ਪਛਾਣ ਪੱਤਰ ਅਤੇ ਵੋਟਰ ਸਲਿੱਪ ਮੁਹੱਈਆ ਕਰਵਾਏ ਜਾਣਗੇ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਵਿਨੈ ਬਬਲਾਨੀ ਨੇ ਦੱਸਿਆ ਕਿ ਜ਼ਿਲ੍ਹੇ ’ਚ ਨੇਤਰਹੀਣ ਸ੍ਰੇਣੀ ’ਚ ਆਉਂਦੇ ਅਜਿਹੇ 428 ਮਤਦਾਤਾਵਾਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਨੂੰ ਆਂਗਨਵਾੜੀ ਵਰਕਰਾਂ ਰਾਹੀਂ ਇਹ ਬ੍ਰੇਲ ਲਿਪੀ ਵਾਲੇ ਵਿਸ਼ੇਸ਼ ਫ਼ੋਟੋ ਪਛਾਣ ਪੱਤਰ ਤੇ ਵੋਟਰ ਸਲਿੱਪ ਪਹੁੰਚਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਚੋਣ ਕਮਿਸ਼ਨ ਵੱਲੋਂ ਦਿਵਿਆਂਗ ਮਤਦਾਤਾਵਾਂ ਨੂੰ ਲੋੜੀਂਦੀ ਸੁਵਿਧਾ ਲਈ ਬਣਾਈ ਗਈ ‘ਪੀ ਡਬਲਯੂ ਡੀ ਐਪ’ ਨੂੰ ਜ਼ਿਲ੍ਹੇ ’ਚ ਦਿਵਿਆਂਗ ਮਤਦਾਤਾਵਾਂ ਨੇ ਖੁਦ ਜਾਂ ਆਪਣੇ ਪਰਿਵਾਰਿਕ ਮੈਂਬਰਾਂ ਰਾਹੀਂ ਚੰਗਾ ਹੁੰਗਾਰਾ ਦਿੱਤਾ ਹੈ। ਜ਼ਿਲ੍ਹੇ ਦੇ 84 ਦਿਵਿਆਂਗ ਮਤਦਾਤਾਵਾਂ ਵੱਲੋਂ ਚੋਣ ਬੂਥਾਂ ’ਤੇ ਵ੍ਹੀਲ ਚੇਅਰ ਦੀ ਕੀਤੀ ਗਈ ਮੰਗ ’ਚੋਂ 56 ਇਸ ਐਪ ਰਾਹੀਂ ਪ੍ਰਾਪਤ ਹੋਈਆਂ ਹਨ।
ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਪੰਜਾਬ ਦੇ ਹਰੇਕ ਪੋਲਿੰਗ ਸਟੇਸ਼ਨ ’ਤੇ ਦਿਵਿਆਂਗ ਮਤਦਾਤਾਵਾਂ ਦੀ ਸੁਵਿਧਾ ਲਈ ਵ੍ਹੀਲ ਚੇਅਰ ਦਾ ਪ੍ਰਬੰਧ ਕਰਨ ਦੀਆਂ ਕੀਤੀਆਂ ਹਦਾਇਤਾਂ ਤਹਿਤ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਵੀ ਹਰੇਕ ਪੋਲਿੰਗ ਸਟੇਸ਼ਨ ’ਤੇ ਇਸ ਦਾ ਪ੍ਰਬੰਧ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਅਨੁਸਾਰ ਚੋਣ ਕਮਿਸ਼ਨ ਵੱਲੋਂ ਚੋਣ ਬੂਥਾਂ ’ਤੇ ਦਿਵਿਆਂਗਾਂ ਲਈ ਲੋੜੀਂਦੀਆਂ ਘੱਟੋ-ਘੱਟ ਸੁਵਿਧਾਵਾਂ ਯਕੀਨੀ ਬਣਾਉਣ ਲਈ ਦਿਵਿਆਂਗਾਂ ਦੀ ਭਲਾਈ ਲਈ ਕਾਰਜਸ਼ੀਲ ਸਵੈ-ਸੇਵੀ ਸੰਸਥਾਂਵਾਂ ਪਾਸੋਂ ਆਡਿਟ ਕਰਵਾਉਣ ਦੀਆਂ ਦਿੱਤੀਆਂ ਹਦਾਇਤਾਂ ਦੇ ਮੱਦੇਨਜ਼ਰ ਜ਼ਿਲ੍ਹੇ ’ਚ ਤਿੰਨ ਟੀਮਾਂ ਬਣਾਈਆਂ ਗਈਆਂ ਹਨ ਜੋ ਕਿ 25 ਫ਼ੀਸਦੀ ਚੋਣ ਬੂਥਾਂ ਦਾ ਆਡਿਟ ਕਰਕੇ ਜ਼ਿਲ੍ਹਾ ਚੋਣ ਦਫ਼ਤਰ ਰਾਹੀਂ ਮੁੱਖ ਚੋਣ ਅਫ਼ਸਰ ਪੰਜਾਬ ਨੂੰ ਰਿਪੋਰਟ ਭੇਜਣਗੀਆਂ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਅੱਜ ਇਨ੍ਹਾਂ ਕੋਆਰਡੀਨੇਟਰਾਂ ਨਾਲ ਵਿਸ਼ੇਸ਼ ਮੀਟਿੰਗ ਕਰਨ ਬਾਅਦ ਹਰੇਕ ਹਲਕੇ ਦੇ ਸਹਾਇਕ ਰਿਟਰਨਿੰਗ ਅਫ਼ਸਰ ਨੂੰ ਉਨ੍ਹਾਂ ਨੂੰ ਲੋੜੀਂਦੀ ਆਵਾਜਾਈ ਸੁਵਿਧਾ ਤੇ ਸਹਿਯੋਗ ਦੇਣ ਦੀ ਹਦਾਇਤ ਕਰ ਦਿੱਤੀ ਗਈ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਦਿਵਿਆਂਗ ਮਤਦਾਤਾਵਾਂ ’ਚ ਮਤਦਾਨ ਪ੍ਰਤੀ ਉਤਸ਼ਾਹ ਪੈਦਾ ਕਰਨ ਲਈ ਚੋਣ ਬੂਥ ’ਤੇ ਸਭ ਤੋਂ ਪਹਿਲਾਂ ਮਤਦਾਨ ਲਈ ਆਉਣ ਵਾਲੇ ਦਿਵਿਆਂਗ ਵੋਟਰ ਨੂੰ ‘ਪ੍ਰਸ਼ੰਸਾ ਪੱਤਰ’ ਵੀ ਦਿੱਤਾ ਜਾਵੇਗਾ। ਇਹ ਪ੍ਰਸ਼ੰਸਾ ਪੱਤਰ ਦਿਵਿਆਂਗਾ ਦੀ ਮੱਦਦ ਲਈ ਚੋਣ ਬੂਥਾਂ ’ਤੇ ਵਾਲੰਟੀਅਰਾਂ ਵਜੋਂ ਕੰਮ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਮਿਲੇਗਾ।
ਮੀਟਿੰਗ ’ਚ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸੰਤੋਸ਼ ਵਿਰਦੀ, ਸਹਾਇਕ ਸਿਵਲ ਸਰਜਨ ਡਾ. ਬਲਵਿੰਦਰ ਸਿੰਘ, ਦਿਵਿਆਂਗ ਐਨ ਜੀ ਓ ਦੇ ਕੋਆਰਡੀਨੇਟਰਜ਼ ਕਸ਼ਮੀਰ ਸਿੰਘ ਸਨਾਵਾ, ਚਮਨ ਲਾਲ ਹੰਸਰੋ, ਨਿਰਮਲ ਸਿੰਘ ਨਵਾਂਸ਼ਹਿਰ, ਅਮਰੀਕ ਸਿੰਘ ਨੌਰਾ, ਕੁਲਵਿੰਦਰ ਸਨਾਵਾ ਅਤੇ ਪਵਨ ਕੁਮਾਰ ਮੌਜੂਦ ਸਨ।