← ਪਿਛੇ ਪਰਤੋ
ਨਵਾਂ ਸ਼ਹਿਰ, 02 ਮਈ 2019: ਸਹਾਇਕ ਰਿਟਰਨਿੰਗ ਅਫ਼ਸਰ ਕਮ ਸਬ ਡਵੀਜ਼ਨਲ ਮੈਜਿਸਟ੍ਰੇਟ ਨਵਾਂਸ਼ਹਿਰ ਡਾ. ਵਿਨੀਤ ਕੁਮਾਰ ਵੱਲੋਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਲ੍ਹ ਰਾਤ ਨਾਕਾ ਟੀਮਾਂ ਅਤੇ ਸ਼ਿਕਾਇਤ ਮੋਨੀਟਰਿੰਗ ਸੈੱਲ ਦੀ ਅਚਨਚੇਤ ਚੈਕਿੰਗ ਕੀਤੀ ਗਈ। ਸਵਾ ਬਾਰਾਂ ਵਜੇ ਦੇ ਕਰੀਬ ਕੀਤੀ ਗਈ ਇਸ ਚੈਕਿੰਗ ਦੌਰਾਨ ਸਟੈਟਿਕ ਸਰਵੇਲੈਂਸ ਟੀਮ ਅਤੇ ਫਲਾਇੰਗ ਸਕੂਐਡ ਟੀਮਾਂ ਦੀ ਕਾਰਗੁਜ਼ਾਰੀ ਤੋਂ ਇਲਾਵਾ ਐਸ ਡੀ ਐਮ ਦਫ਼ਤਰ ਨਵਾਂਸ਼ਹਿਰ ਵਿਖੇ ਤਾਇਨਾਤ ਸ਼ਿਕਾਇਤ ਮੋਨੀਟਰਿੰਗ ਸੈੱਲ ਤੇ ਸੀ ਵਿਜਿਲ ਸੈਲ ਦੀ ਵੀ ਵਿਸ਼ੇਸ਼ ਚੈਕਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਨਵਾਂਸ਼ਹਿਰ ਜੋ ਕਿ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਦਾ ਹਿੱਸਾ ਹੈ, ’ਚ 4 ਸਟੈਟਿਕ ਸਰਵੇਲੈਂਸ ਟੀਮਾਂ ਅਤੇ 4 ਫ਼ਲਾਇੰਗ ਸਕੂਐਡ ਟੀਮਾਂ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਰੋਕਣ ਲਈ 24 ਘੰਟੇ ਵਾਸਤੇ ਸਰਗਰਮ ਹਨ। ਇਸ ਤੋਂ ਇਲਾਵਾ ਐਸ ਡੀ ਐਮ ਦਫ਼ਤਰ ਨਵਾਂਸ਼ਹਿਰ ਵਿਖੇ 24 ਘੰਟੇ ਲਈ ਸ਼ਿਕਾਇਤ ਮੋਨੀਟਰਿੰਗ ਸੈੱਲ ਅਤੇ ਸੀ ਵਿਜਿਲ ਸ਼ਿਕਾਇਤ ਸੈੱਲ ਵੀ ਕਾਰਜਸ਼ੀਲ ਹੈ। ਸਹਾਇਕ ਰਿਟਰਨਿੰਗ ਅਫ਼ਸਰ ਅਨੁਸਾਰ ਚੋਣ ਅਮਲ ਨੂੰ ਨਿਰਪੱਖਤਾ ਅਤੇ ਸ਼ਾਂਤੀਪੂਰਣ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਪੂਰੇ ਤਾਲਮੇਲ ਨਾਲ ਡਿਊਟੀ ਨਿਭਾਅ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਨਵਾਂਸ਼ਹਿਰ ਹਲਕੇ ’ਚ ਥਾਣਾ ਵਾਰ ਨਾਕਿਆਂ ਸਮੇਤ ਰੋਜ਼ਾਨਾ 8 ਨਾਕੇ ਲਗਾ ਕੇ ਨਸ਼ੇ ਅਤੇ ਪੈਸੇ ਦੀ ਰੋਕਥਾਮ ਲਈ ਪੂਰਣ ਚੈਕਿੰਗ ਕੀਤੀ ਜਾ ਰਹੀ ਹੈ।
Total Responses : 265