ਗੁਰਦਾਸਪੁਰ, 2 ਮਈ 2019: ਹਲਕਾ ਗੁਰਦਾਸਪੁਰ ਤੋਂ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਗਠਜੋੜ ਦੇ ਉਮੀਦਵਾਰ ਸਨੀ ਦਿਓਲ ਨੇ ਅੱਜ ਸਵੇਰੇ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਵਿਖੇ ਮੱਥਾ ਟੇਕ ਕੇ ਆਪਣੀ ਚੋਣ ਸੰਪਰਕ ਮੁਹਿੰਮ ਦੀ ਸ਼ੁਰੂਆਤ ਕੀਤੀ। ਦਰਬਾਰ ਸਾਹਿਬ ਵਿਖੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਜਿੱਤ ਲਈ ਅਰਦਾਸ ਕਰਨ ਤੋਂ ਬਾਅਦ ਉਨ੍ਹਾਂ ਕਰਤਾਰਪੁਰ ਲਾਂਘੇ 'ਤੇ ਜਾ ਕੇ ਦੂਰਬੀਨ ਰਾਹੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਅਤੇ ਸਰਬਤ ਦੇ ਭਲੇ ਲਈ ਕਾਮਨਾ ਕੀਤੀ। ਉਨ੍ਹਾਂ ਦੇ ਨਾਲ ਭਾਜਪਾ ਅਤੇ ਅਕਾਲੀ ਆਗੂ ਵੀ ਭਾਰੀ ਗਿਣਤੀ ਵਿੱਚ ਹਾਜ਼ਰ ਸਨ। ਉਨ੍ਹਾਂ ਜਿਨ੍ਹਾਂ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਚੋਣ ਪ੍ਰਚਾਰ ਕੀਤਾ, ਉਨ੍ਹਾਂ ਵਿਚ ਗੁਰਦਾਸਪੁਰ, ਡੇਰਾ ਬਾਬਾ ਨਾਨਕ, ਭੋਆ ਅਤੇ ਪਠਾਨਕੋਟ ਸ਼ਾਮਲ ਸਨ। ਰੋਡ ਸ਼ੋਅ ਦੌਰਾਨ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਛੋਟੇ ਭਰਾ ਤੇ ਬਾਲੀਵੁੱਡ ਅਦਾਕਾਰ ਬੌਬੀ ਦਿਓ ਵੀ ਨਾਲ ਸਨ।
ਸੰਨੀ ਦਿਓਲ ਨੇ ਕਿਹਾ ਕਿ ਮਰਹੂਮ ਵਿਨੋਦ ਖੰਨਾ ਦੇ ਅਧੂਰੇ ਰਹਿ ਗਏ ਸੁਪਨਿਆਂ ਨੂੰ ਪੂਰਾ ਕਰਨਾ ਹੀ ਉਨ੍ਹਾਂ ਦਾ ਮੁੱਖ ਉੁਦੇਸ਼ ਰਹੇਗਾ। ਅੱਜ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਰੱਖੇ ਲੋਕ ਸੰਪਰਕ ਪ੍ਰੋਗਰਾਮ ਦੌਰਾਨ ਲੋਕਾਂ ਨੂੰ ਮੁਖਾਤਿਬ ਹੁੰਦਿਆਂ ਉਨ੍ਹਾਂ ਕਿਹਾ ਕਿ ਉਹ ਹਲਕੇ ਦੇ ਲੋਕਾਂ ਦੇ ਸਹਿਯੋਗ ਨਾਲ ਹਲਕੇ ਦਾ ਬਹੁਪੱਖੀ ਵਿਕਾਸ ਕਰਨਗੇ।
ਇਸ ਤੋਂ ਬਾਅਦ ਮਾਝੇ ਦੇ ਠਾਠਾਂ ਮਾਰਦੇ ਲੋਕਾਂ ਦੇ ਇਕੱਠ ਨੇ ਸਨੀ ਦਿਓਲ ਨੂੰ ਹੱਥਾਂ 'ਤੇ ਚੁੱਕ ਲਿਆ ਤੇ ਉਸਦੇ ਰੋਡ ਸ਼ੋਅ ਨੂੰ ਭਰਵਾਂ ਹੁੰਗਾਰਾ ਦਿੱਤਾ। ਰੋਡ ਸ਼ੋਅ ਦੌਰਾਨ ਉਨ੍ਹਾਂ ਦਾ ਧਿਆਨਪੁਰ, ਕੋਟਲੀ ਵਿੱਚ ਲੋਕਾਂ ਨੇ ਫੁੱਲਾਂ ਦੀ ਵਰਖਾ ਨਾਲ ਭਰਵਾਂ ਸੁਆਗਤ ਕੀਤਾ। ਕਲਾਨੌਰ ਵਿਖੇ ਪੁਰਾਤਨ ਮੰਦਿਰ ਵਿੱਚ ਭਗਵਾਨ ਸ਼ਿਵ ਜੀ ਦੀ ਮੂਰਤੀ ਅੱਗੇ ਮੱਥਾ ਟੇਕਿਆ। ਇੱਥੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸਨੀ ਦਿਓਲ ਨੇ ਕਿਹਾ ਕਿ ਉਹ ਮੈਨੂੰ ਜਿਤਾ ਕੇ ਸੰਸਦ ਵਿੱਚ ਭੇਜਣ, ਮੈਂ ਹਲਕੇ ਦਾ ਵਿਕਾਸ ਕਰਾਵਾਂਗਾ। ਇਸ ਦੌਰਾਨ ਇੱਥੇ ਨੌਜਵਾਨਾਂ, ਬਜ਼ੁਰਗਾਂ, ਔਰਤਾਂ ਨੇ ਉਨ੍ਹਾਂ ਨੂੰ ਯਕੀਨ ਦਿਵਾਇਆ ਕਿ ਉਨ੍ਹਾਂ ਨੂੰ ਸਫਲ ਕਰਨ ਵਿਚ ਕੋਈ ਕਸਰ ਨਹੀਂ ਛੱਡਣਗੇ। ਇਸੇ ਤਰ੍ਹਾਂ ਪੰਡੋਰੀ ਧਾਮ ਵਿਖੇ ਨਤਮਸਤਕ ਹੋ ਕੇ ਮਹੰਤ ਸੁੰਦਰ ਦਾਸ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ।
ਗੁਰਦਾਸਪੁਰ ਵਿੱਚ ਸਨੀ ਦਿਓਲ ਦੇ ਰੋਡ ਸ਼ੋਅ ਦੌਰਾਨ ਲੋਕਾਂ ਦੇ ਇਕੱਠ ਦਾ ਸਮੁੰਦਰ ਇਹ ਦਰਸਾ ਰਿਹਾ ਸੀ ਕਿ ਮਾਝੇ ਦੇ ਲੋਕ ਸਨੀ ਦਿਓਲ ਦੇ ਨਾਲ ਹਨ।
ਵੱਖ-ਵੱਖ ਥਾਵਾਂ 'ਤੇ ਹੋਈਆਂ ਚੋਣ ਮੀਟਿੰਗਾਂ ਨੂੰ ਸੰਬੋਧਿਤ ਕਰਦਿਆਂ ਸਨੀ ਦਿਓਲ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਬਤੌਰ ਲੋਕ ਸਭਾ ਮੈਂਬਰ ਉਨ੍ਹਾਂ ਦੀ ਪਛਾਣ ਸੰਨੀ ਦਿਓਲ ਕਰਕੇ ਨਾ ਹੋਵੇ ਬਲਕਿ ਉਨ੍ਹਾਂ ਵੱਲੋਂ ਹਲਕੇ ਦੇ ਵਿਕਾਸ ਲਈ ਕੀਤੇ ਕੰਮ ਹੀ ਉਨ੍ਹਾਂ ਦੀ ਪਛਾਣ ਬਨਣ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਜ਼ਿੰਮੇਵਾਰੀ ਮਿਹਨਤ ਨਾਲ ਨਿਭਾਉਣ ਦਾ ਸਲੀਕਾ ਆਪਣੇ ਪਰਿਵਾਰ ਤੋਂ ਮਿਲਿਆ ਹੈ, ਜਿਸ ਦਾ ਨਾਮਣਾ ਪਹਿਲਾਂ ਉਨ੍ਹਾਂ ਫਿਲਮਾਂ ਵਿੱਚ ਖੱਟਿਆ ਹੈ, ਹੁਣ ਰਾਜਨੀਤਿਕ ਖੇਤਰ ਵਿੱਚ ਮਿਲੇ ਸੇਵਾ ਕਰਨ ਦੇ ਮੌਕੇ ਵਿੱਚ ਖੱਟਣਗੇ।
ਇਸ ਮੌਕੇ ਉਨ੍ਹਾਂ ਨਾਲ ਭਾਜਪਾ ਦੇ ਸੀਨੀਅਰ ਆਗੂ ਕਮਲ ਸ਼ਰਮਾ, ਭਾਜਪਾ ਦੇ ਪ੍ਰਦੇਸ਼ ਜਨਰਲ ਸਕੱਤਰ ਪ੍ਰਵੀਨ ਬਾਂਸਲ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਸਮੇਤ ਹੋਰ ਭਾਜਪਾ ਤੇ ਅਕਾਲੀ ਆਗੂ ਮੌਜੂਦ ਸਨ।