ਸਾਨੂੰ ਚੋਣ ਨਿਸ਼ਾਨ ਤੱਕ ਵੀ ਹਾਈਕੋਰਟ ਦੇ ਦਖਲ ਤੋਂ ਬਾਅਦ ਮਿਲਿਆ: ਖਹਿਰਾ
ਅੰਮ੍ਰਿਤ ਬਰਾੜ
ਬਠਿੰਡਾ, ੩ ਮਈ 2019 :
ਲੋਕ ਸਭਾ ਹਲਕਾ ਬਠਿੰਡਾ ਤੋਂ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਸਾਂਝੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਅੱਜ ਭੁੱਚੋ ਹਲਕੇ ਦੇ ਪਿੰਡਾਂ ਬਰਕੰਦੀ, ਮਹਿਮਾ ਸਰਕਾਰੀ, ਨੇਹੀਆਂਵਾਲਾ, ਗੋਨਿਆਣਾ ਕਲਾਂ, ਹਰਰਾਏਪੁਰ, ਖੇਮੂਆਣਾ, ਗਿੱਦੜ, ਕਲਿਆਣ ਸੁੱਖਾ, ਨਾਥਪੁਰਾ, ਨਥਾਣਾ, ਗੋਬਿੰਦਪੁਰਾ, ਭੁੱਚੋ ਕਲਾਂ, ਲਹਿਰਾ ਮੁਹੱਬਤ, ਲਹਿਰਾ ਖਾਨਾ ਅਤੇ ਤੁੰਗਵਾਲੀ ਵਿਚ ਧੂੰਆਂਧਾਰ ਚੋਣ ਪ੍ਰਚਾਰ ਕੀਤਾ।
ਜਨਸਭਾਵਾਂ ਨੂੰ ਸੰਬੋਧਿਤ ਕਰਦਿਆਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਅਤੇ ਅਕਾਲੀ ਭਾਜਪਾ ਜਿਹੀਆਂ ਰਵਾਇਤੀ ਪਾਰਟੀਆਂ ਤੋਂ ਕੋਈ ਉਮੀਦ ਨਾ ਰੱਖਣ ਕਿਉਂਕਿ ਇਨ੍ਹਾਂ ਨੇ ਪੰਜਾਬ ਨੂੰ ਤਬਾਹ ਕਰ ਕੇ ਰੱਖ ਦਿੱਤਾ ਹੈ। ਇਨ੍ਹਾਂ ਪਾਰਟੀਆਂ ਨੇ ਪੰਜਾਬ ਦੇ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ ਹੈ ਇਸ ਲਈ ਲੋਕ ਹੁਣ ਤੀਜੇ ਬਦਲ ਨੂੰ ਚੁਣਨਗੇ, ਕਿਉਂਕਿ ਤੀਜਾ ਬਦਲ ਹੀ ਪੰਜਾਬ ਵਿਚ ਖੁਸ਼ਹਾਲੀ ਲਿਆ ਸਕਦਾ ਹੈ।
ਕਿਹਾ ਕਿ ਰਾਜਸੀ ਪਾਰਟੀਆਂ ਨੇ ਦੇਸ਼ ਦੀਆਂ ਜਮਹੂਰੀ ਸੰਸਥਾਵਾਂ ਤੇ ਵੀ ਆਪਣਾ ਪ੍ਰਭਾਵ ਕਾਇਮ ਕੀਤਾ ਹੋਇਆ ਹੈ ਜਿਸ ਕਾਰਨ ਸਾਨੂੰ ਚੋਣ ਨਿਸ਼ਾਨ ਤੱਕ ਵੀ ਹਾਈਕੋਰਟ ਦੇ ਦਖਲ ਤੋਂ ਬਾਅਦ ਮਿਲਿਆ ਹੈ।
ਸੁਖਪਾਲ ਖਹਿਰਾ ਨੇ ਬਾਦਲਾਂ ਨੂੰ ਗੁਰੂ ਸਾਹਿਬ ਦੇ ਦੋਖੀ ਗਰਦਾਨਦਿਆਂ ਕਿਹਾ ਕਿ ਬੇਸ਼ੱਕ ਬਾਦਲ ਕੁਝ ਸਮੇਂ ਲਈ ਕਨੂੰਨ ਤੋਂ ਤਾਂ ਬਚ ਗਏ ਹਨ ਪਰ ਜਨਤਾ ਦੀ ਕਚਿਹਰੀ ਉਹਨਾਂ ਨੂੰ ਸਜਾ ਜਰੂਰ ਦੇਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਤੁਸੀਂ ਚਾਹੋਂ ਤਾਂ ਹਰਸਿਮਰਤ ਕੌਰ ਦੀ ਜਮਾਨਤ ਜਬਤ ਕਰਵਾ ਕੇ ਬਾਦਲਾਂ ਨੂੰ ਸਜਾ ਦੇ ਸਕਦੇ ਹੋ।
ਕਾਂਗਰਸ ਦੇ ਉਮੀਦਵਾਰ ਰਾਜਾ ਵੜਿੰਗ ਤੇ ਵਰਦਿਆਂ ਖਹਿਰਾ ਨੇ ਕਿਹਾ ਕਿ ਉਨ੍ਹਾਂ ਦੇ ਮੁਖ ਮੰਤਰੀ ਨੇ ਤਖਤ ਸ੍ਰੀ ਦਮਦਮਾ ਸਾਹਿਬ ਵੱਲ ਹੱਥ ਕਰਕੇ ਚਾਰ ਹਫਤਿਆਂ ਵਿਚ ਨਸ਼ਾ ਖਤਮ ਕਰਨ ਦੀ ਸੌਂਹ ਖਾਧੀ ਸੀ, ਪਰ ਅੱਜ ਦੋ ਸਾਲ ਬਾਅਦ ਹਲਾਤ ਇਹ ਨੇ ਛੋਟੀਆਂ ਛੋਟੀਆਂ ਸਕੂਲੀ ਬੱਚੀਆਂ ਵੀ ਚਿੱਟੇ ਦੀਆਂ ਆਦੀ ਹੋ ਗਈਆਂ ਨੇ। ਬੇਰੁਜ਼ਗਾਰ ਨੌਜਵਾਨ ਜਮੀਨਾਂ ਗਹਿਣੇ ਰੱਖ ਕੇ, ਲੱਖਾਂ ਰੁਪਏ ਖਰਚ ਕੇ ਵਿਦੇਸ਼ਾਂ ਵਿੱਚ ਜਾ ਰਹੇ ਨੇ ਪਰ ਕਾਂਗਰਸ ਸਰਕਾਰ ਨੇ ਘਰ ਘਰ ਨੌਕਰੀ ਦਾ ਵਾਅਦਾ ਕੀਤਾ ਸੀ।
ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਦੀ ਖੁਸ਼ਹਾਲੀ ਲਈ ਬਾਦਲ ਪਰਿਵਾਰ ਅਤੇ ਕੈਪਟਨ ਨੂੰ ਹਰਾਉਣਾ ਬੇਹੱਦ ਜਰੂਰੀ ਹੈ ਤਾਂ ਜੋ ਇਹਨਾਂ ਦਾ ਅੰਦਰੂਨੀ ਗੱਠਜੋੜ ਤੋੜਿਆ ਜਾ ਸਕੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਲੜਾਈ ਵਿੱਚ ਪੰਜਾਬ ਜਮਹੂਰੀ ਗੱਠਜੋੜ ਦਾ ਸਾਥ ਦੇਣ ਤਾਂ ਜੋ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਤੋਰਿਆ ਜਾ ਸਕੇ।
ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਜਨਰਲ ਸਕੱਤਰ ਦੀਪਕ ਬਾਂਸਲ, ਮਾਸਟਰ ਮਿੱਠਾ ਸਿੰਘ, ਸਰਬਜੀਤ ਸਿੰਘ ਮਾਹਲ, ਬਸਪਾ ਆਗੂ ਮੇਜਰ ਸਿੰਘ ਬੀਏ, ਰੂਪ ਸਿੰਘ, ਸੁੱਚਾ ਸਿੰਘ ਆਦਿ ਹਾਜ਼ਰ ਸਨ।