ਮਹਿਤਾਬ ਸਿੰਘ ਖਹਿਰਾ ਨੇ ਆਪਣੇ ਪਿਤਾ ਲਈ ਚੋਣ ਪ੍ਰਚਾਰ ਕੀਤਾ
ਅੰਮ੍ਰਿਤ ਬਰਾੜ
ਬਠਿੰਡਾ, 3 ਮਈ 2019
ਪੰਜਾਬ ਜਮਹੂਰੀ ਗੱਠਜੋੜ ਦੇ ਬਠਿੰਡਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੇ ਸਪੁੱਤਰ ਮਹਿਤਾਬ ਸਿੰਘ ਖਹਿਰਾ ਨੇ ਅੱਜ ਲੰਬੀ ਹਲਕੇ ਦੇ ਪਿੰਡਾਂ ਵਿਚ ਆਪਣੇ ਪਿਤਾ ਲਈ ਚੋਣ ਪ੍ਰਚਾਰ ਕੀਤਾ।
ਉਨ੍ਹਾਂ ਵਿਰੋਧੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਪਿੰਡ ਤੋਂ ਹੀ ਆਪਣੇ ਚੋਣ ਦੌਰੇ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਹ ਹਲਕੇ ਦੇ ਪਿੰਡਾਂ ਮਾਨਾ, ਬੀਦੋਵਾਲੀ, ਚੰਨੂ, ਲਾਲਬਾਈ, ਦੌਲਾ, ਸ਼ਾਮਖੇੜਾ, ਗੱਗੜ ਅਤੇ ਕਿੱਲਿਆਂਵਾਲੀ ਵਿਖੇ ਜਨਸਭਾਵਾਂ ਨੂੰ ਸੰਬੋਧਿਤ ਕੀਤਾ।
ਮਹਿਤਾਬ ਖਹਿਰਾ ਨੇ ਲੋਕਾਂ ਨੂੰ ਬਾਦਲਾਂ ਦੇ ਪਿਛਲੇ ਦਸਾਂ ਸਾਲਾਂ ਦੇ ਰਾਜ ਦੌਰਾਨ ਹੋਈਆਂ ਵਧੀਕੀਆਂ ਬਾਰੇ ਦੱਸਦਿਆਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਪਰ ਇਸ ਦੇ ਬਾਵਜੂਦ ਸੂਬੇ ਦੇ ਹਾਲਾਤ ਬਦ ਤੋਂ ਬਦਤਰ ਹੋ ਗਏ। ਉਨ੍ਹਾਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਮੋਦੀ ਸਰਕਾਰ ਵਿਚ ਕੈਬਨਿਟ ਮੰਤਰੀ ਸਨ ਪਰ ਆਪਣੇ ਜੱਦੀ ਹਲਕੇ ਵਿਚ ਉਨ੍ਹਾਂ ਇੱਕ ਵੀ ਵੱਡਾ ਪ੍ਰਾਜੈਕਟ ਨਹੀਂ ਲਿਆਂਦਾ।
ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਨੂੰਹ ਦੀ ਕੁਰਸੀ ਬਚਾਉਣ ਲਈ ਪੰਜਾਬ ਦੇ ਹਿਤ ਕੁਰਬਾਨ ਕਰ ਦਿੱਤੇ।
ਮਹਿਤਾਬ ਸਿੰਘ ਖਹਿਰਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ 19 ਮਈ ਨੂੰ ਸੁਖਪਾਲ ਖਹਿਰਾ ਦੇ ਚੋਣ ਨਿਸ਼ਾਨ ਚਾਬੀ ਦਾ ਬਟਨ ਦੱਬ ਕੇ ਉਨ੍ਹਾਂ ਲੋਕ ਸਭਾ ਭੇਜਣ ਤਾਂ ਜੋ ਪੰਜਾਬ ਦੀ ਅਵਾਜ ਕੇਂਦਰ ਤੱਕ ਪਹੁੰਚਾਈ ਜਾ ਸਕੇ। ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਆਗੂ ਨਰਿੰਦਰ ਸਿੰਘ ਨੌਟੀ ਸਰਪੰਚ, ਜਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ, ਗੁਰਵਿੰਦਰ ਭੁੱਲਰ, ਰਛਪਾਲ ਸਿੰਘ ਥਰਾਜਵਾਲਾ, ਗਗਨਦੀਪ ਸਿੰਘ ਬੀਦੋਵਾਲੀ, ਬਸਪਾ ਤੋਂ ਅਮਰਜੀਤ ਸਿੰਘ ਅਤੇ ਸੀਪੀਆਈ ਦੇ ਚਰਨਜੀਤ ਸਿੰਘ ਆਦਿ ਹਾਜ਼ਰ ਸਨ।