ਪੰਜਾਬ ਏਕਤਾ ਪਾਰਟੀ ਬਠਿੰਡਾ ਸ਼ਹਿਰੀ ਵੱਲੋਂ ਚੋਣ ਪ੍ਰਚਾਰ ਲਈ ਈ ਰਿਕਸ਼ਿਆਂ ਨੂੰ ਕੀਤਾ ਰਵਾਨਾ
ਅੰਮ੍ਰਿਤ ਬਰਾੜ
ਬਠਿੰਡਾ, 3 ਮਈ 2019
ਪੰਜਾਬ ਅੰਦਰ ਚੋਣਾਂ ਹੋਣ ਵਿੱਚ ਲੱਗਭਗ ਹਫਤਿਆਂ ਦਾ ਸਮਾਂ ਬਾਕੀ ਹੈ ਅਤੇ ਸਾਰੀਆਂ ਪਾਰਟੀਆਂ ਅੱਡੀ ਚੋਟੀ ਦੇ ਜੋਰ ਨਾਲ ਚੋਣ ਪ੍ਰਚਾਰ ਵਿੱਚ ਲੱਗੀਆਂ ਹੋਈਆਂ ਹਨ। ਦਫਤਰਾਂ ਅਤੇ ਪਿੰਡਾਂ ਅੰਦਰ ਮੀਟਿੰਗਾਂ ਦੇ ਦੌਰ ਜਾਰੀ ਹਨ।
ਇਸੇ ਤਰ੍ਹਾਂ ਪੰਜਾਬ ਏਕਤਾ ਪਾਰਟੀ ਬਠਿੰਡਾ ਸ਼ਹਿਰੀ ਵੱਲੋਂ ਜਿਲ੍ਹਾ ਪ੍ਰਧਾਨ ਦੀਪਕ ਬਾਂਸਲ ਦੀ ਅਗਵਾਈ ਵਿੱਚ ਮੁੱਖ ਚੋਣ ਦਫ਼ਤਰ ਬਠਿੰਡਾ ਵਿਖੇ ਅਹੁਦੇਦਾਰਾਂ ਦੀ ਮੀਟਿੰਗ ਹੋਈ ਜਿਸ ਵਿੱਚ ਪੰਜਾਬ ਜਮਹੂਰੀ ਗੱਠਜੋੜ ਵਿੱਚ ਸ਼ਾਮਿਲ ਸਾਰੀਆਂ ਪਾਰਟੀਆਂ ਦੇ ਆਗੂ ਪਹੁੰਚੇ। ਮੀਟਿੰਗ ਵਿੱਚ ਵੱਖ ਵੱਖ ਆਗੂਆਂ ਨੇ ਆਪਣੇ ਵਿਚਾਰ ਰੱਖੇ ਅਤੇ ਚੋਣ ਮੁਹਿੰਮ ਨੂੰ ਭਖਾਉਣ ਲਈ ਵੱਖ-ਵੱਖ ਸੁਝਾਅ ਦਿੱਤੇ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਦੀਪਕ ਬਾਂਸਲ ਕਾਂਗਰਸ ਅਤੇ ਅਕਾਲੀ ਦਲ ਤੇ ਜੰਮ ਕੇ ਵਰ੍ਹੇ। ਕਾਂਗਰਸ ਪਾਰਟੀ ਤੇ ਵਾਰ ਕਰਦਿਆਂ ਉਨ੍ਹਾਂ ਕਿਹਾ ਕਿ ਸਵਾ ਦੋ ਸਾਲ ਦੇ ਸਮੇਂ ਅੰਦਰ ਕਾਂਗਰਸ ਸਰਕਾਰ ਹਰ ਫਰੰਟ ਤੇ ਫੇਲ੍ਹ ਹੋਈ ਹੈ। ਬਠਿੰਡਾਂ ਤੋਂ ਵਿਧਾਇਕ ਅਤੇ ਪੰਜਾਬ ਦੇ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਤੇ ਵਾਰ ਕਰਦਿਆਂ ਉਨ੍ਹਾਂ ਕਿਹਾ ਕਿ ਚੋਣਾਂ ਮੌਕੇ ਮਨਪ੍ਰੀਤ ਬਾਦਲ ਵੱਲੋਂ ਬਠਿੰਡਾ ਵਾਸੀਆਂ ਨਾਲ ਕੀਤੇ ਵਾਅਦਿਆਂ ਦੀ ਫੂਕ ਨਿੱਕਲ ਗਈ ਹੈ ਚਾਹੇ ਉਹ ਥਰਮਲ ਪਲਾਂਟ ਬੰਦ ਨਾ ਕਰਨ ਦਾ ਵਾਅਦਾ ਹੋਵੇ ਜਾਂ ਸਿਹਤ ਸਹੂਲਤਾਂ ਦਾ, ਚਾਹੇ ਘਰ ਘਰ ਨੌਕਰੀ ਦਾ ਵਾਅਦਾ ਹੋਵੇ ਜਾਂ ਬਠੰਡਾ ਦੀ ਸੀਵਰੇਜ ਦੀ ਸਮੱਸਿਆ ਦਾ ਵਾਅਦਾ ਹੋਵੇ।
ਇਸ ਤੋਂ ਇਲਾਵਾ ਉਨ੍ਹਾਂ ਵੱਲੋੰ ਵਰਕਰਾਂ ਨੂੰ ਚੋਣ ਪ੍ਰਚਾਰ ਸੰਬਧੀ ਟਿਪਸ ਦਿੱਤੇ ਗਏ ਉਨ੍ਹਾਂ ਕਿਹਾ ਕਿ ਵਰਕਰ ਸ਼ਹਿਲ ਦੇ ਪਾਰਕਾਂ, ਮੰਦਿਰ, ਗੁਰਦੁਆਰਿਆਂ, ਅਤੇ ਹੋਰ ਜਨਤਕ ਥਾਵਾਂ ਤਾ ਲੋਕਾਂ ਨੂੰ ਮਿਲਣ ਅਤੇ ਪੰਜਾਬ ਏਕਤਾ ਪਾਰਟੀ ਦੇ ਸਿਧਾਤਾਂ ਬਾਰੇ ਲੋਕਾਂ ਨੂੰ ਦੱਸਣ ਤਾਂਕਿ ਵੱਧ ਤੋਂ ਵੱਧ ਲੋਕਾਂ ਨੂੰ ਪਾਰਟੀ ਨਾਲ ਜੋੜਿਆ ਜਾ ਸਕੇ।
ਅੰਤ ਵਿੱਚ ਉਨ੍ਹਾਂ ਵਰਕਰਾਂ ਦਾ ਧੰਨਵਾਦ ਕੀਤਾ ਅਤੇ ਅੰਤ ਵਿੱਚ ਉਨ੍ਹਾਂ ਪਾਰਟੀ ਦੇ ਬੈਨਰ ਲਗਾ ਕੇ ਤਿਆਰ ਕੀਤੇ ਈ-ਰਿਕਸ਼ਿਆਂ ਨੂੰ ਪਾਰਟੀ ਦਾ ਝੰਡਾ ਲਹਿਰਾ ਕੇ ਪ੍ਰਚਾਰ ਲਈ ਰਵਾਨਾ ਕੀਤਾ। ਇਥੇ ਉਨ੍ਹਾਂ ਤਰਕ ਦਿੱਤਾ ਕਿ ਈ-ਰਿਕਸ਼ੇ ਧੁੰਨੀ ਅਤੇ ਹਵਾ ਪ੍ਰਦੂਸ਼ਨ ਨਹੀਂ ਫੈਲਾਉਂਦੇ।