ਐੱਸ.ਏ.ਐੱਸ ਨਗਰ 06 ਮਈ, 2019 : ਸਿੱਖਿਆ ਵਿਭਾਗ ਦੇ ਮੁੱਖ ਦਫ਼ਤਰ ਵਿੱਚ ਲਗਭਗ 50 ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਦੀ ਸਿੱਖਿਆ ਸਕੱਤਰ ਨਾਲ ਪ੍ਰੇਰਨਾਦਾਇਕ ਮੀਟਿੰਗ ਹੋਈ| ਮੀਟਿੰਗ ਵਿੱਚ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਆਈ.ਏ.ਐੱਸ. ਨੇ ਉਨ੍ਹਾਂ ਦੁਆਰਾ ਸਿੱਖਿਆ ਸੁਧਾਰ ਲਈ ਕੀਤੀ ਚੰਗੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ| ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਦੁਆਰਾ ਸਿੱਖਿਆ ਦੇ ਗੁਣਾਤਮਕ ਸੁਧਾਰਾਂ ਸੰਬੰਧੀ ਵਿਚਾਰ ਚਰਚਾ ਕੀਤੀ ਗਈ| ਸਿੱਖਿਆ ਸਕੱਤਰ ਨੇ ਕਿਹਾ ਕਿ ਸੋਹਣੇ ਸਮਾਰਟ ਸਕੂਲਾਂ ਦਾ ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਵੀ ਸੋਹਣਾ ਅਤੇ ਆਕਰਸ਼ਕ ਹੋਣਾ ਚਾਹੀਦਾ ਹੈ|
ਉਨ੍ਹਾਂ ਨੇ ਕਿਹਾ ਕਿ ਸਮੂਹ ਬਲਾਕ ਸਿੱਖਿਆ ਅਫ਼ਸਰ ਆਪਣੇ ਬਲਾਕ ਦੇ ਸਾਰੇ ਹੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਲਈ ਸੁਹਿਰਦ ਉਪਰਾਲੇ ਕਰਨ| ਉਨ੍ਹਾਂ ਕਿਹਾ ਕਿ ਸਮਾਰਟ ਸਕੂਲਾਂ ਲਈ ਸੋਹਣੀ ਇਮਾਰਤ ਤੇ ਪ੍ਰੋਜੈਕਟਰ ਹੋਣ ਦੇ ਨਾਲ਼-ਨਾਲ਼ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਪ੍ਰੋਜੈਕਟ, ਅੰਗਰੇਜ਼ੀ ਮਾਧਿਅਮ ਦੀ ਪੜ੍ਹਾਈ, ਪੀਣ ਵਾਲਾ ਸਾਫ਼ ਪਾਣੀ, ਸਾਫ਼ ਸੁਥਰੇ ਪਖਾਨੇ, ਸੋਹਣਾ ਰੀਡਿੰਗ ਸੈੱਲ, ਪ੍ਰਭਾਵਸ਼ਾਲੀ ਸਵੇਰ ਦੀ ਸਭਾ, ਸਿੱਖਣ ਪ੍ਰਕਿਰਿਆ ਵਿੱਚ ਸਹਾਇਕ ਬਾਲਾ ਦਾ ਕੰਮ ਅਤੇ ਈ-ਕੰਟੈਂਟ ਨਾਲ਼ ਪੜ੍ਹਾਈ ਆਦਿ ਸਮਾਰਟ ਸਕੂਲਾਂ ਦੀਆਂ ਕਸਵੱਟੀਆਂ ਹਨ| ਉਨ੍ਹਾਂ ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਨੂੰ ਮਿਹਨਤ ਤੇ ਲਗਨ ਨਾਲ ਕੰਮ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਸਿੱਖਿਆ ਵਿਭਾਗ ਹਮੇਸ਼ਾ ਵੱਲੋਂ ਉਹਨਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ|
ਇਸ ਮੌਕੇ ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਦੁਆਰਾ ਆਪਣੇ ਤਜ਼ਰਬੇ ਸਾਂਝੇ ਕੀਤੇ ਗਏ| ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਦੁਆਰਾ ਉਹਨਾਂ ਦੇ ਬਲਾਕਾਂ ਵਿੱਚ ਬਣਾਏ ਗਏ ਸਮਾਰਟ ਸਕੂਲਾਂ ਵਿੱਚ ਸਮਾਜ ਦੀ ਵਿੱਤੀ ਭਾਗੀਦਾਰੀ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ| ਉਹਨਾਂ ਇਹ ਵੀ ਦੱਸਿਆ ਕਿ ਆਂਗਣਵਾੜੀ ਵਰਕਰਾਂ, ਮਿੱਡ ਡੇ ਮੀਲ ਵਰਕਰਾਂ, ਮਾਪਿਆਂ ਅਤੇ ਪੰਚਾਇਤਾਂ ਨਾਲ ਬਣਾਇਆ ਸਹਿਯੋਗ ਦਾਖ਼ਲਾ ਮੁਹਿੰਮ ਨੂੰ ਸਫ਼ਲ ਬਣਾਉਣ ਵਿੱਚ ਕਾਰਗਰ ਸਾਬਿਤ ਹੋਇਆ ਹੈ|
ਇਸ ਮੌਕੇ ਡੀ.ਪੀ.ਆਈ. ਐਲੀਮੈਂਟਰੀ ਡਾ. ਇੰਦਰਜੀਤ ਸਿੰਘ, ਡਾ. ਜਰਨੈਲ ਸਿੰਘ ਕਾਲੇਕੇ ਅਤੇ ਡਾ. ਦਵਿੰਦਰ ਸਿੰਘ ਬੋਹਾ ਨੇ ਵੀ ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਨੂੰ ਸੰਬੋਧਨ ਕੀਤਾ|