ਚੰਡੀਗੜ੍ਹ, 6 ਮਈ 2019: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਗਰੂਰ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਮੌਜੂਦਾ ਸੰਸਦ ਮੈਂਬਰ ਭਗਵੰਤ ਮਾਨ ਦੀ ਚੋਣ ਮੁਹਿੰਮ ਨੂੰ ਅੱਜ ਉਦੋਂ ਭਰਵਾਂ ਹੁਲਾਰਾ ਮਿਲਿਆ ਜਦੋਂ ਧੜੱਲੇਦਾਰ ਮਜ਼ਦੂਰ ਆਗੂ ਅਤੇ ਸਾਬਕਾ ਵਿਧਾਇਕ ਤਰਸੇਮ ਜੋਧਾ ਨੇ ਆਪਣੀਆਂ ਜਥੇਬੰਦੀਆਂ ਵੱਲੋਂ ਭਗਵੰਤ ਮਾਨ ਦੀ ਹਮਾਇਤ ਦਾ ਐਲਾਨ ਕਰ ਦਿੱਤਾ।
ਸੰਗਰੂਰ ਵਿਖੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨਾਲ ਸਾਂਝੀ ਪ੍ਰੈੱਸ ਕਾਨਫ਼ਰੰਸ ਕਰਦਿਆਂ ਤਰਸੇਮ ਜੋਧਾ ਨੇ ਕਿਹਾ ਕਿ ਦੇਸ਼ ਦੇ ਲੋਕਾਂ ਅਤੇ ਦੇਸ਼ ਦੀ ਏਕਤਾ-ਅਖੰਡਤਾ ਲਈ ਖ਼ਤਰਾ ਬਣੀ ਨਰਿੰਦਰ ਮੋਦੀ ਅਤੇ ਅਮਿੱਤ ਸ਼ਾਹ ਦੀ ਫਾਸੀਵਾਦੀ ਜੋੜੀ ਨੂੰ ਦੇਸ਼ ਦੀ ਸੱਤਾ ਤੋਂ ਦੂਰ ਰੱਖਣਾ ਬਹੁਤ ਜ਼ਰੂਰੀ ਹੈ, ਇਸ ਲਈ ਉਹ ਅਤੇ ਉਨ੍ਹਾਂ ਦੀਆਂ ਜਥੇਬੰਦੀਆਂ ਨੇ ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਦੀ ਹਮਾਇਤ ਕਰਨਗੀਆਂ।
1992 ਤੋਂ 1997 ਤੱਕ ਕਿਲ੍ਹਾ ਰਾਏਪੁਰ ਤੋਂ ਵਿਧਾਇਕ ਰਹੇ ਤਰਸੇਮ ਜੋਧਾ ਨੇ 1997 'ਚ ਪ੍ਰਕਾਸ਼ ਸਿੰਘ ਬਾਦਲ ਵਿਰੁੱਧ ਚੋਣ ਲੜੀ ਸੀ। ਤਰਸੇਮ ਜੋਧਾ ਪਿਛਲੇ ਲੰਮੇ ਸਮੇਂ ਤੋਂ ਮਜ਼ਦੂਰਾਂ, ਭੱਠਾ ਮਜ਼ਦੂਰਾਂ ਅਤੇ ਗ਼ਰੀਬਾਂ, ਕਿਸਾਨਾਂ ਦੇ ਹੱਕ 'ਚ ਸੰਘਰਸ਼ ਕਰਦੇ ਆ ਰਹੇ ਹਨ ਅਤੇ ਇਸ ਸਮੇਂ ਲਾਲ ਝੰਡਾ ਭੱਠਾ ਮਜ਼ਦੂਰ ਯੂਨੀਅਨ, ਇਨਸਾਫ਼ ਪ੍ਰਾਪਤੀ ਮੰਚ ਅਤੇ ਲੋਕ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਹਨ।
ਜੋਧਾ ਨੇ ਕਿਹਾ ਕਿ ਪੰਜਾਬ ਦੇ ਭਲੇ ਲਈ ਕਾਂਗਰਸ ਅਤੇ ਕੈਪਟਨ ਤੋਂ ਖਹਿੜਾ ਛੁਡਾ ਕੇ ਤੀਜੀ ਧਿਰ ਦਾ ਸੱਤਾ 'ਚ ਆਉਣਾ ਬਹੁਤ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਲੋਕਾਂ 'ਚ ਕੈਪਟਨ ਅਤੇ ਬਾਦਲਾਂ ਵਿਰੁੱਧ ਜ਼ਬਰਦਸਤ ਰੋਸ ਹੈ। ਉਨ੍ਹਾਂ ਕਿਹਾ ਕਿ ਲੋਕ ਰੋਹ ਤੋਂ ਬੌਖਲਾ ਕੇ ਇਹ ਤਾਕਤਾਂ ਅੱਜ ਪੈਸੇ ਦੇ ਜ਼ੋਰ ਨਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਤੋੜਨਾ ਚਾਹੁੰਦੀਆਂ ਹਨ, ਪਰੰਤੂ ਅਜਿਹਾ ਕਰਨ ਨਾਲ ਲੋਕਾਂ ਦਾ ਰੋਹ ਹੋਰ ਤਿੱਖਾ ਹੁੰਦਾ ਜਾ ਰਿਹਾ ਹੈ। ਉਨ੍ਹਾਂ 'ਆਪ' ਦੀ ਪਿੱਠ 'ਚ ਛੁਰਾ ਮਾਰਨ ਵਾਲੇ ਵਿਧਾਇਕਾਂ ਨੂੰ ਕਿਹਾ ਕਿ ਕਾਂਗਰਸੀਆਂ ਤੇ ਬਾਦਲਾਂ ਵਿਰੁੱਧ ਖੜਨ 'ਤੇ 'ਆਪ' ਵੱਲੋਂ ਵਿਧਾਇਕ ਬਣੇ ਸਨ ਹੁਣ ਉਨ੍ਹਾਂ ਨਾਲ ਜਾ ਕੇ ਇਹ ਆਮ ਲੋਕਾਂ 'ਚ ਨੈਤਿਕ ਤੌਰ 'ਤੇ ਖੜਨ ਜੋਗੇ ਵੀ ਨਹੀਂ ਰਹੇ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵਾਂਗ ਕੈਪਟਨ ਸਰਕਾਰ ਨੇ ਵੀ ਕੋਈ ਵਾਅਦਾ ਪੂਰੀ ਨਹੀਂ ਕੀਤਾ। ਅੱਜ ਮੋਦੀ ਲੋਕ ਮੁੱਦੇ ਅਤੇ ਵਿਕਾਸ ਦੀ ਗੱਲ ਛੱਡ ਕੇ ਰਾਸ਼ਟਰਵਾਦ ਵਰਗੇ ਮੁੱਦੇ 'ਤੇ ਵੋਟਾਂ ਮੰਗ ਰਹੇ ਹਨ ਅਤੇ ਦੇਸ਼ 'ਚ ਨਫ਼ਰਤ ਦੀ ਭਾਵਨਾ ਫੈਲਾ ਰਹੇ ਹਨ, ਜੋ ਕਿਸੇ ਵੀ ਵਰਗ ਦੇ ਹੱਕ 'ਚ ਨਹੀਂ। ਇਸ ਮੌਕੇ 'ਆਪ' ਦੇ ਆਗੂ ਦਲਬੀਰ ਸਿੰਘ ਢਿੱਲੋਂ, ਮਹਿੰਦਰ ਸਿੰਘ ਸਿੱਧੂ, ਅਵਤਾਰ ਸਿੰਘ ਈਲਵਾਲ ਅਤੇ ਹੋਰ ਆਗੂ ਮੌਜੂਦ ਸਨ।