ਲੁਧਿਆਣਾ, 7 ਮਈ 2019 - ਵੱਖ ਵੱਖ ਪਾਰਟੀਆਂ ਤੋਂ ਚੋਣਾਂ ਲੜ ਰਹੇ ਉਮੀਦਵਾਰ ਅਤੇ ਪਾਰਟੀਆਂ ਦੇ ਆਗੂ ਜਿੱਥੇ ਆਪਣੀ ਜਿੱਤ ਲਈ ਵੋਟਰਾਂ ਨਾਲ ਰਾਬਤਾ ਕਾਇਮ ਕਰ ਰਹੇ ਹਨ ਉੱਥੇ ਦੂਜੇ ਪਾਸੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਨੇ ਆਪਣੀ ਜਿੱਤ ਹੁੰਦੀ ਵੇਖ ਕੇ ਇੱਕ ਸਾਂਸਦ ਵਜੋਂ ਕੰਮ ਕਰਨ ਤੋਂ ਪਹਿਲਾਂ ਹੀ ਆਪਣਾ ਹੋਮਵਰਕ ਵੀ ਸ਼ੁਰੂ ਕਰ ਦਿੱਤਾ ਹੈ।
ਲੁਧਿਆਣਾ ਦੇ ਵਿਕਾਸ ਪ੍ਰਤੀ ਚਿੰਤਤ ਹੁੰਦੇ ਹੋਏ ਵਿਧਾਇਕ ਬੈਂਸ ਨੇ ਅੱਜ ਬੁਢਾ ਨਾਲੇ ਵਿੱਚ ਫੈਲੀ ਗੰਦਗੀ ਅਤੇ ਬੁੱਢੇ ਨਾਲੇ ਵਿੱਚ ਜਾ ਰਹੇ ਕੈਮੀਕਲ ਯੁਕਤ ਪਾਣੀ ਨੂੰ ਸਾਫ ਕਰਨ ਨੂੰ ਲੈ ਕੇ ਫੋਕਲ ਪਵਾਇੰਟ ਸਥਿਤ ਜੇਬੀਆਰ ਇੰਡਸਟਰੀ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਫੈਕਟਰੀ ਮਾਲਕਾਂ ਵਲੋਂ ਲਗਾਏ ਗਏ ਟਰੀਟਮੈਂਟ ਪਲਾਂਟ ਦਾ ਨਿਰੀਖਣ ਕੀਤਾ ਉੱਥੇ ਪ੍ਰਬੰਧਕਾਂ ਨਾਲ ਪਲਾਂਟ ਲਗਾਉਣ ਨੂੰ ਲੈ ਕੇ ਵਿਚਾਰ ਚਰਚਾ ਵੀ ਕੀਤੀ।
ਇਸ ਸਬੰਧੀ ਵਿਧਾਇਕ ਬੈਂਸ ਨੇ ਦੱਸਿਆ ਕਿ ਬੁੱਢੇ ਨਾਲੇ ਵਿੱਚ ਜੋ ਕੈਮੀਕਲ ਯੁਕਤ ਪਾਣੀ ਵੱਖ ਵੱਖ ਫੈਕਟਰੀਆਂ ਤੋਂ ਆਉਂਦਾ ਹੈ ਉਸ ਲਈ ਵਿਸ਼ੇਸ਼ ਟਰੀਟਮੈਂਟ ਪਲਾਂਟ ਲਗਾਉਣ ਦੀ ਜਰੂਰਤ ਹੈ, ਜਿਸ ਤੋਂ ਬਾਅਦ ਉਸ ਗੰਧਲੇ ਪਾਣੀ ਨੂੰ ਸਾਫ ਕਰਕੇ ਦੁਬਾਰਾ ਤੋਂ ਫੈਰਟਰੀਆਂ ਵਿੱਚ ਪ੍ਰਯੋਗ ਕੀਤਾ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਫੈਕਟਰ ਪ੍ਰਬੰਧਕਾਂ ਅਨੁਸਾਰ ਜੇਕਰ ਸਰਕਾਰ ਚਾਹੁੰਦੀ ਤਾਂ ਅਜਿਹੇ ਟਰੀਟਮੈਂਟ ਪਲਾਂਟ ਲਗਾ ਸਕਦੀ ਸੀ, ਪਰ ਸਰਕਾਰ ਵਲੋਂ ਕੋਈ ਚਾਰਾਜੋਈ ਨਹੀਂ ਕੀਤੀ ਗਈ। ਬੈਂਸ ਨੇ ਦੱਸਿਆ ਕਿ ਉਨ੍ਹਾਂ ਸਾਰੇ ਟਰੀਟਮੈਂਟ ਪਲਾਂਟ ਸਬੰਧੀ ਪ੍ਰਬੰਧਕਾਂ ਨਾਲ ਵਿਚਾਰ ਚਰਚਾ ਕੀਤੀ ਅਤੇ ਕਿਸ ਤਰਾਂ ਨਾਲ ਇਸ ਪਾਣੀ ਨੂੰ ਸਾਫ ਕੀਤਾ ਜਾ ਸਕਦਾ ਹੈ ਇਸ ਸਬੰਧੀ ਵੀ ਪੂਰੀ ਜਾਣਕਾਰੀ ਲੈ ਲਈ ਹੈ ਅਤੇ ਵੋਟਾਂ ਤੋਂ ਬਾਅਦ ਉਹ ਬੁੱਢੇ ਨਾਲੇ ਦੇ ਗੰਦੇ ਪਾਣੀ ਨੂੰ ਸਾਫ ਕਰਨ ਲਈ ਅਜਿਹੇ ਟਰੀਟਮੈਂਟ ਪਲਾਂਟ ਲਗਾਉਣ ਲਈ ਮਜਬੂਤ ਲੜਾਈ ਲੜਨਗੇ ਤਾਂ ਜੋ ਲੁਧਿਆਣਾ ਸ਼ਹਿਰ ਵਿੱਚ ਵਗ ਰਿਹਾ ਇਹ ਬੁੱਢਾ ਨਾਲਾ ਪਹਿਲਾਂ ਦੀ ਤਰਾਂ ਇੱਕ ਸਾਫ ਸੁਥਰਾ ਦਰਿਆ ਬਣ ਸਕੇ, ਜਿਸ ਨਾਲ ਲੁਧਿਆਣਾ ਦੀ ਆਬੌ ਹਵਾ ਵੀ ਸਾਫ ਹੋਵੇਗੀ। ਬੈਂਸ ਨੇ ਦੱਸਿਆ ਕਿ ਸਰਕਾਰ ਵਲੋਂ ਲਗਾਏ ਗਏ ਟਰੀਟਮੈਂਟ ਪਲਾਂਟ ਚਿੱਟੇ ਹਾਥੀ ਸਾਬਿਤ ਹੋ ਰਹੇ ਹਨ ਅਤੇ ਇਸ ਨਾਲੇ ਦੇ ਪਾਣੀ ਨੂੰ ਸਾਫ ਕਰਨ ਲਈ ਵਿਸ਼ੇਸ਼ ਟਰੀਟਮੈਂਟ ਪਲਾਂਟ ਲਗਾਉਣ ਦੀ ਜਰੂਰਤ ਹੈ। ਇਸ ਸਬੰਧੀ ਉਨ੍ਹਾਂ ਫੈਕਟਰੀ ਦੇ ਐਮਡੀ ਰਾਜਿੰਦਰ ਕੁਮਾਰ, ਪ੍ਰਵੀਨ ਕੁਮਾਰ, ਨਰਿੰਦਰ ਭੰਵਰਾ ਅਤੇ ਮਿਸਟਰ ਜੈਨ ਨਾਲ ਵਿਸ਼ੇਸ਼ ਗੱਲਬਾਤ ਕੀਤੀ।
ਉਨ੍ਹਾਂ ਕਿਹਾ ਕਿ ਲੋਕ ਉਨ੍ਹਾਂ ਦਾ ਸਾਥ ਦੇਣ ਤਾਂ ਸਭ ਤੋਂ ਪਹਿਲਾਂ ਬਤੌਰ ਸਾਂਸਦ ਉਹ ਲੁਧਿਆਣਾ ਵਿੱਚ ਵਗ ਰਹੇ ਬੁੱਢੇ ਨਾਲੇ ਦੀ ਸਫਾਈ ਲਈ ਵਿਸ਼ੇਸ਼ ਟਰੀਟਮੈਂਟ ਪਲਾਂਟ ਲਗਾਉਣਗੇ ਤਾਂ ਜੋ ਲੁਧਿਆਣਾ ਸ਼ਹਿਰ ਦੀ ਆਬੋ ਹਵਾ ਸਾਫ ਹੋ ਸਕੇ, ਤੇ ਲੁਧਿਆਣਵੀ ਇਸ ਗੰਦੇ ਪਾਣੀ ਤੋਂ ਨਿਜਾਤ ਪਾ ਸਕਣ।
ਇਸ ਮੌਕੇ ਤੇ ਯੂਥ ਵਿੰਗ ਦੇ ਕੌਮੀ ਪ੍ਰਧਾਨ ਸੁਰਿੰਦਰ ਸਿੰਘ ਗਰੇਵਾਲ, ਮਨਿੰਦਰ ਬੱਗਾ, ਸੁਖਪਾਲ ਸਿੰਘ ਗ੍ਰੇਟ, ਪੱਪੀ ਕੰਬੋਜ, ਰਵਿੰਦਰ ਪਾਲ ਸਿੰਘ ਰਾਜਾ ਤੇ ਹੋਰ ਵੀ ਸ਼ਾਮਲ ਸਨ।