ਬਠਿੰਡਾ 07 ਮਈ 2019: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਸਵਰਗੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਸਿਰਫ ਇੱਕ ਭ੍ਰਿਸ਼ਟਾਚਾਰੀ ਹੀ ਨਹੀਂ ਸਗੋਂ 1984 ਵਿਚ ਦਿੱਲੀ ਅਤੇ ਦੇਸ਼ ਦੇ ਦੂਜੇ ਭਾਗਾਂ ਅੰਦਰ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲ ਦਾ ਸਾਜਿਸ਼ਘਾੜਾ ਵੀ ਸੀ। ਇਸ ਲਈ ਉਸ ਨੂੰ ਅੱਜ ਦੀ ਪੀੜ੍ਹੀ ਵਲੋਂ ਹੀ ਨਹੀਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਵੱਲੋਂ ਵੀ ਇੱਕ ਭ੍ਰਿਸ਼ਟਾਚਾਰੀ ਅਤੇ ਕਾਤਿਲ ਦੇ ਰੂਪ ਵਿਚ ਯਾਦ ਕੀਤਾ ਜਾਵੇਗਾ। ਦੁਨੀਆਂ ਤੋਂ ਕੂਚ ਕਰਨ ਮਗਰੋਂ ਉਸ ਦੇ ਪਾਪ ਨਹੀਂ ਧੋਏ ਜਾਣਗੇ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜੇਕਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੇ ਪਿਤਾ ਦੀ ਵਿਰਾਸਤ ਸੰਭਾਲੀ ਹੈ ਤਾਂ ਇਹ ਉਸ ਨੂੰ ਸਾਰੀ ਦੀ ਸਾਰੀ ਅਪਣਾਉਣੀ ਪਵੇਗੀ। ਉਹਨਾਂ ਕਿਹਾ ਕਿ ਰਾਹੁਲ ਦਾ ਇਹ ਬਹਾਨਾ ਕਿ ਉਸ ਸਮੇਂ ਉਹ ਬੱਚਾ ਸੀ, ਬਹੁਤ ਹੀ ਬੇਹੂਦਾ ਅਤੇ ਹਾਸੋਹੀਣਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਟਿੱਪਣੀ ਕਿ ਮਿਸਟਰ ਕਲੀਨ ਅਖੀਰ ਵਿਚ ਸਭ ਤੋਂ ਵੱਡਾ ਭ੍ਰਿਸ਼ਟਾਚਾਰੀ ਸਾਬਿਤ ਹੋਇਆ ਸੀ, ਦੀ ਸੈਮ ਪਿਤ੍ਰੋਦਾ ਅਤੇ ਦਿੱਲੀ ਯੂਨੀਵਰਸਿਟੀ ਵਿਚ ਬੈਠੇ ਉਸ ਦੇ ਕੁੱਝ ਝੋਲੀਚੁੱਕ ਅਧਿਆਪਕਾਂ ਵੱਲੋਂ ਕੀਤੀ ਨਿਖੇਧੀ ਲਈ ਉਹਨਾਂ ਨੂੰ ਸਖ਼ਤ ਝਾੜ ਪਾਉਂਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਕੀ ਇਹਨਾਂ 200 ਅਧਿਆਪਕਾਂ ਵਿਚੋਂ ਕਿਸੇ ਇੱਕ ਨੇ ਵੀ ਕਾਂਗਰਸੀ ਗੁੰਡਿਆਂ ਦੁਆਰਾ ਦਿੱਲੀ ਅਤੇ ਦੇਸ਼ ਦੇ ਦੂਜੇ ਹਿੱਸਿਆਂ ਵਿਚ ਕੀਤੇ ਸਿੱਖਾਂ ਦੇ ਕਤਲੇਆਮ ਵਿਰੁੱਧ ਆਵਾਜ਼ ਉਠਾਈ ਸੀ ਅਤੇ ਰਾਜੀਵ ਗਾਂਧੀ ਕੋਲ ਇਸ ਦਾ ਵਿਰੋਧ ਜਤਾਇਆ ਸੀ।
ਸਰਦਾਰ ਮਜੀਠੀਆ ਨੇ ਕਿਹਾ ਕਿ ਕੀ ਪਿਤ੍ਰੋਦਾ ਦੇ ਇਸ਼ਾਰੇ ਉੱਤੇ ਨੱਚਣ ਵਾਲੇ ਇਹਨਾਂ ਅਧਿਆਪਕਾਂ ਨੇ ਇੰਦਰਾ ਗਾਂਧੀ ਨੂੰ ਸ਼ਰਧਾਂਜ਼ਲੀ ਦੇਣ ਜਾ ਰਹੇ ਕਾਂਗਰਸੀਆਂ ਵੱਲੋਂ ਲਾਏ 'ਖੂਨ ਕਾ ਬਦਲਾ ਖੂਨ' ਵਰਗੇ ਭੜਕਾਊ ਨਾਅਰਿਆਂ ਦੀ ਨਿਖੇਧੀ ਕੀਤੀ ਸੀ? ਉਹਨਾਂ ਕਿਹਾ ਕਿ ਪਿਤ੍ਰੋਦਾ ਇੱਕ ਕੱਟੜ ਕਾਂਗਰਸੀ ਹੈ, ਜਿਸ ਨੇ ਇੰਦਰਾ ਗਾਂਧੀ ਦੇ ਕਾਰਜਕਾਲ ਦੌਰਾਨ ਬਹੁਤ ਸਾਰੇ ਲਾਭ ਖੱਟੇ ਹਨ ਅਤੇ ਹੁਣ ਉਹ ਸੰਕਟ ਵਿਚ ਫਸੀਂ ਕਾਂਗਰਸ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਕਰਕੇ ਉਹਨਾਂ ਮਿਹਰਬਾਨੀਆਂ ਦਾ ਮੁੱਲ ਚੁਕਾ ਰਿਹਾ ਹੈ।
ਅਕਾਲੀ ਆਗੂ ਨੇ ਕਿਹਾ ਕਿ ਕੀ ਲੰਬੇ ਸਮੇਂ ਤਕ ਗਾਂਧੀ ਪਰਿਵਾਰ ਦੇ ਸਿਆਸੀ ਸਲਾਹਕਾਰ ਰਹਿਣ ਵਾਲੇ ਪਿਤ੍ਰੋਦਾ ਨੇ ਗਾਂਧੀਆਂ ਨੂੰ ਰਾਜੀਵ ਗਾਂਧੀ ਦੇ ਪਾਪਾਂ ਲਈ ਮੁਆਫੀ ਮੰਗਣ ਦੀ ਸਲਾਹ ਦਿੱਤੀ ਸੀ? ਕੀ ਪਿਤ੍ਰੋਦਾ ਨੇ ਕਦੇ ਸੁਆਲ ਕੀਤਾ ਸੀ ਕਿ ਰਾਜੀਵ ਗਾਂਧੀ ਦੇ ਕਹਿਣ ਤੇ ਸਿੱਖਾਂ ਦਾ ਕਤਲੇਆਮ ਕਰਵਾਉਣ ਵਾਲੇ ਐਚਕੇਐਲ ਭਗਤ, ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਨੂੰ ਵਾਰ ਵਾਰ ਕਾਂਗਰਸ ਵੱਲੋਂ ਲੋਕ ਸਭਾ ਚੋਣਾਂ ਵਿਚ ਕਿਉਂ ਉਤਾਰਿਆ ਜਾਂਦਾ ਰਿਹਾ ਅਤੇ ਕਾਂਗਰਸੀ ਸਰਕਾਰ ਵੱਲੋਂ ਉਹਨਾਂ ਨੂੰ ਵੱਡੇ ਅਹੁਦੇ ਕਿਉਂ ਦਿੱਤੇ ਗਏ?
ਸਰਦਾਰ ਮਜੀਠੀਆ ਨੇ ਕਿਹਾ ਕਿ ਬੇਸ਼ੱਕ ਰਾਜੀਵ ਦੇ ਝੋਲੀਚੁੱਕ ਉਸ ਨੂੰ ਮਿਸਟਰ ਕਲੀਨ ਕਹਿੰਦੇ ਸਨ, ਪਰ ਸੱਤਾ ਦੀ ਕਮਾਨ ਸੰਭਾਲਣ ਦੇ ਪਹਿਲੇ ਦਿਨ ਤੋਂ ਹੀ ਉਹ ਇੱਕ ਤਬਾਹੀ ਸਾਬਿਤ ਹੋਇਆ ਸੀ, ਕਿਉਂਕਿ ਉਹਨਾਂ ਪਹਿਲੇ ਚਾਰ ਦਿਨਾਂ ਵਿਚ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲ ਕੀਤਾ ਗਿਆ ਸੀ। ਇੰਨਾ ਹੀ ਨਹੀਂ, ਉਸ ਨੇ ਇਸ ਕਤਲੇਆਮ ਨੂੰ ਇਹ ਕਹਿ ਕੇ ਸਹੀ ਠਹਿਰਾਇਆ ਸੀ ਕਿ ਜਦੋਂ ਕੋਈ ਵੱਡਾ ਦਰੱਖਤ ਡਿੱਗਦਾ ਹੈ ਤਾਂ ਧਰਤੀ ਕੰਬਦੀ ਹੀ ਹੈ। ਸਰਦਾਰ ਮਜੀਠੀਆ ਨੇ ਕਿਹਾ ਕਿ ਅਜਿਹੇ ਪ੍ਰਧਾਨ ਮੰਤਰੀ ਦਾ ਗੁਣਗਾਣ ਨਹੀਂ ਹੋਣਾ ਚਾਹੀਦਾ, ਸਗੋਂ ਸਿੱਖ ਕਤਲੇਆਮ ਵਰਗੇ ਮਨੁੱਖਤਾ ਖ਼ਿਲਾਫ ਅਪਰਾਧ ਕਰਨ ਲਈ ਉਸ ਨੂੰ ਲਾਹਨਤਾਂ ਪਾਉਣੀਆਂ ਚਾਹੀਦੀਆਂ ਹਨ।
ਸਰਦਾਰ ਮਜੀਠੀਆ ਨੇ ਕਿਹਾ ਕਿ ਕਾਂਗਰਸੀ ਆਗੂਆਂ ਵੱਲੋਂ ਦਿੱਤੀ ਇਹ ਦਲੀਲ ਬੇਹੂਦਾ ਹੈ ਕਿ ਮਰ ਚੁੱਕੇ ਨੂੰ ਕੋਸਣਾ ਨਹੀਂ ਚਾਹੀਦਾ। ਉਹਨਾਂ ਕਿਹਾ ਕਿ ਮਰ ਚੁੱਕੇ ਦੀਆਂ ਕਰਤੂਤਾਂ ਨੂੰ ਫਰੋਲਣ ਨਾਲ ਸਾਰਿਆਂ ਨੂੰ ਇਹ ਚਿਤਾਵਨੀ ਮਿਲਦੀ ਹੈ ਕਿ ਉਹਨਾਂ ਨੂੰ ਇਹ ਭੁਲੇਖਾ ਨਹੀਂ ਰੱਖਣਾ ਚਾਹੀਦਾ ਕਿ ਉਹਨਾਂ ਦੀ ਮੌਤ ਮਗਰੋਂ ਲੋਕ ਉਹਨਾਂ ਬਾਰੇ ਸਿਰਫ ਚੰਗੀਆਂ ਗੱਲਾਂ ਹੀ ਕਰਦੇ ਹਨ।