ਗੁਰਦਾਸਪੁਰ, 07 ਮਈ 2019: ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਕਾਰਪੋਰੇਟ ਅਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅਕਾਲੀ ਭਾਜਪਾ ਉਮੀਦਵਾਰ ਸੰਨੀ ਦਿਓਲ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਲੋਕ ਹੁਣੇ ਤੋਂ ਸੰਨੀ ਦਿਓਲ ਦਾ ਪਤਾ ਠਿਕਾਣਾ ਪੁੱਛ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸੰਨੀ ਦਿਓਲ ਦਾ ਪ੍ਰਭਾਵ ਤਾਂ ਸਾਡੀ ਉਮੀਦ ਤੋਂ ਵੀ ਪਹਿਲਾਂ ਖਤਮ ਹੁੰਦਾ ਜ਼ਾ ਰਿਹਾ ਹੈ।
ਅੱਜ ਇਥੇ ਪ੍ਰੈਸ ਨੂੰ ਜਾਰੀ ਬਿਆਨ ਵਿੱਚ ਰੰਧਾਵਾ ਨੇ ਕਿਹਾ ਕਿ ਕੇਵਲ ਕੁਝ ਲੋਕਾਂ ਵਿੱਚ ਆਪਣਾ ਚਿਹਰਾ ਵਿਖਾਉਣ ਵਾਲੇ ਸੰਨੀ ਦਿਓਲ ਦੇ ਬਾਰੇ ਵਿੱਚ ਅਕਾਲੀ ਭਾਜਪਾ ਵਰਕਰਾਂ ਨੂੰ ਵੀ ਨਹੀਂ ਪਤਾ ਕਿ ਉਹ ਕਿੱਥੇ ਹਨ। ਉਨ੍ਹਾਂ ਕਿਹਾ ਕਿ ਅਸੀਂ ਤਾਂ ਪਹਿਲਾਂ ਸੰਨੀ ਦਿਓਲ ਨੂੰ ਡਿਬੇਟ ਲਈ ਬੁਲਾ ਰਹੇ ਸੀ ਪਰ ਹੁਣ ਆਲਮ ਇਹ ਹੈ ਕਿ ਉਨ੍ਹਾਂ ਦੀ ਸ਼ਕਲ ਹੀ ਦਿਖ ਜਾਵੇ ਤਾਂ ਗਨੀਮਤ ਹੈ। ਰੰਧਾਵਾਂ ਨੇ ਭਾਜਪਾ ਨੇਤਾਵਾਂ ਨੂੰ ਕਿਹਾ ਕਿ ਸਾਨੂੰ ਪਤਾ ਹੈ ਕਿ ਤੁਸੀਂ ਇਕ ਸ਼ੋਪੀਸ ਗੁਰਦਾਸਪੁਰ ਦੇ ਲੋਕਾਂ ਲਈ ਲੈ ਕੇ ਆਏ ਹੋ ਪਰ ਘੱਟੋ ਘੱਟ ਉਸਦਾ ਚਿਹਰਾ ਤਾਂ ਲੋਕਾਂ ਨੂੰ ਦਿਖਾਓ।
ਜੇਲ ਮੰਤਰੀ ਨੇ ਕਿਹਾ ਕਿ ਗੁਰਦਾਸਪੁਰ ਦੇ ਲੋਕ ਘੱਟੋ ਘੱਟ ਚੋਣ ਮੁਹਿੰਮ ਦੇ ਦੌਰਾਨ ਤਾਂ ਸੰਨੀ ਦੇ ਇੱਥੇ ਰਹਿਣ ਦੀ ਉਮੀਦ ਕਰ ਰਹੇ ਸੀ। ਪਹਿਲਾਂ ਲੋਕਾਂ ਨੂੰ ਲੱਗ ਰਿਹਾ ਸੀ ਕਿ ਸੰਨੀ ਦਿਓਲ ਘੱਟੋ ਘੱਟ 17 -19 ਮਈ ਤੱਕ ਇੱਥੇ ਰਹਿਣਗੇ ਪਰ ਉਹ ਤਾਂ ਆਪਣੀ ਚੋਣ ਮੁਹਿੰਮ ਦੇ ਸਿਖਰ ਤੱਕ ਪਹੁੰਚਣ ਤੋਂ ਪਹਿਲਾਂ ਹੀ ਗਾਇਬ ਹੋਣਾ ਸ਼ੁਰੂ ਹੋ ਗਏ। ਸ਼ਾਇਦ ਉਨ੍ਹਾਂ ਨੂੰ ਅਹਿਸਾਸ ਹੋ ਗਿਆ ਕਿ ਚੋਣਾਂ ਦੀ ਰਾਜਨੀਤੀ ਉਨ੍ਹਾਂ ਦੇ ਲਈ ਨਹੀਂ ਬਣੀ।
ਰੰਧਾਵਾ ਨੇ ਦਾਅਵਾ ਕੀਤਾ ਕਿ ਸੰਨੀ ਦਿਓਲ ਤਾਂ ਵਿਨੋਦ ਖੰਨਾ ਦੇ ਪਰਛਾਵੇਂ ਦੇ ਵੀ ਨਜ਼ਦੀਕ ਨਹੀਂ ਹਨ। ਵਿਨੋਦ ਖੰਨਾ ਘੱਟੋ ਘੱਟ ਕੁਝ ਸਮੇਂ ਲਈ ਹੀ ਸਹੀ ਲੋਕਾਂ ਨੂੰ ਮਿਲਦੇ ਜੁਲਦੇ ਸੀ। ਰੰਧਾਵਾ ਨੇ ਗੁਰਦਾਸਪੁਰ ਦੇ ਲੋਕਾਂ ਨੂੰ ਕਿਹਾ ਕਿ ਤੁਸੀਂ ਅਜਿਹੇ ਇਨਸਾਨ ਦੀ ਕਿਸ ਤਰ੍ਹਾਂ ਕਲਪਨਾ ਕਰ ਸਕਦੇ ਹੋ ਜੋ ਗੁਰਦਾਸਪੁਰ ਵਿੱਚ 1 ਦਿਨ ਵੀ ਨਹੀਂ ਰਹਿ ਸਕਦਾ ਉੱਥੇ 5 ਸਾਲ ਰਹਿ ਕੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਿਵੇਂ ਕਰੇਗਾ।
ਮਾਝਾ ਖੇਤਰ ਦੇ ਸੀਨੀਅਰ ਕਾਂਗਰਸੀ ਨੇਤਾ ਨੇ ਅੱਗੇ ਕਿਹਾ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨਾ ਕੇਵਲ ਆਪਣੀ ਪਹਿਲਾਂ ਵਾਲੀ ਲੀਡ ਬਰਕਰਾਰ ਰੱਖਣਗੇ ਬਲਕਿ ਉਸ ਤੋਂ ਵੀ ਜ਼ਿਆਦਾ ਲੀਡ ਨਾਲ ਜਿੱਤ ਹਾਸਲ ਕਰਨਗੇ। ਉਨ੍ਹਾਂ ਨੇ ਕਿਹਾ ਕਿ ਮੈਂ ਤੁਹਾਨੂੰ ਦੱਸਦਾ ਹਾਂ ਕਿ 2017 ਦੇ ਚੋਣ ਵਿੱਚ ਸਾਡੀ ਲੀਡ 2 ਲੱਖ ਤੋਂ ਕੁਝ ਘੱਟ1,93, 219 ਵੋਟ ਸੀ ਪਰ ਇਸ ਵਾਰੀ ਲੀਡ 2 ਲੱਖ ਤੋਂ ਵੀ ਵਧੇਗੀ। ਅਖੀਰ ਵਿੱਚ ਉਨ੍ਹਾਂ ਨੇ ਕਿਹਾ ਕਿ ਚੋਣ ਜਿੱਤਣ ਲਈ ਸੈਲੀਬ੍ਰਿਟੀ ਹੋਣਾ ਹੀ ਕਾਫ਼ੀ ਨਹੀਂ ਉਹ ਵੀ ਬੀਤੇ ਹੋਏ ਜ਼ਮਾਨੇ ਦਾ ਸੈਲੀਬ੍ਰਿਟੀ ਹੋਣਾ।