ਫਤਿਹਗੜ ਚੂੜੀਆਂ, 7 ਮਈ 2019: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਉਮੀਦਵਾਰ ਸ੍ਰੀ ਸੁਨੀਲ ਜਾਖੜ ਨੇ ਅੱਜ ਫਤਿਹਗੜ ਚੂੜੀਆਂ ਹਲਕੇ ਦੇ ਪਿੰਡ ਮਰਾੜ ਵਿਚ ਚੋਣ ਪ੍ਰਚਾਰ ਦੌਰਾਨ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲ ਕੇਂਦਰ ਸਰਕਾਰ ਦੇ ਪੱਖਪਾਤੀ ਰਵਈਏ ਕਾਰਨ ਕਰਤਾਰਪੁਰ ਲਾਂਘੇ ਦਾ ਭਾਰਤ ਵਾਲੇ ਪਾਸੇ ਕੰਮ ਢਿੱਲਾ ਚੱਲ ਰਿਹਾ ਹੈ।
ਸ੍ਰੀ ਜਾਖੜ ਨੇ ਕਿ ਕਿਹਾ ਭਾਜਪਾ ਦੀ ਨਿਯਤ ਵਿਚ ਫਰਕ ਹੈ ਅਤੇ ਇਸੇ ਲਈ ਪ੍ਰਧਾਨ ਮੰਤਰੀ ਐਟਮੀ ਹਥਿਆਰਾ ਦੀਆਂ ਗੱਲਾਂ ਕਰਕੇ ਮਹੌਲ ਖਰਾਬ ਕਰ ਰਹੇ ਹਨ ਤਾਂ ਜੋ ਕਰਤਾਰਪੁਰ ਲਾਂਘੇ ਵਿਚ ਅੜਿੱਕਾ ਪਾਇਆ ਜਾ ਸਕੇ। ਇਸ ਮੌਕੇ ਉਨਾਂ ਨੇ ਭਾਜਪਾ ਪ੍ਰਧਾਨ ਸ੍ਰੀ ਅਮਿਤ ਸ਼ਾਹ ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਸੜਕਾਂ ਬਣਾਈਆਂ ਹਨ ਤਾਂ ਫਿਰ ਇੰਨਾਂ ਤੇ ਟੋਲ ਟੈਕਸ ਕਿਉਂ ਲੱਗ ਰਿਹਾ ਹੈ। ਉਨਾਂ ਨੇ ਭਾਜਪਾ ਦੇ ਤੰਜ ਕਸਦਿਆਂ ਕਿਹਾ ਕਿ ਭਾਜਪਾ ਹਾਈਕਮਾਂਡ ਨੂੰ ਆਪਣੇ ਸਥਾਨਕ ਆਗੂਆਂ ਦੀ ਕਾਬਲੀਅਤ ਤੇ ਹੀ ਸ਼ਕ ਹੈ ਤਾਂਹੀ ਫਿਲਮੀ ਸਿਤਰਿਆਂ ਨੂੰ ਚੋਣ ਮੈਦਾਨ ਵਿਚ ਉਤਾਰਿਆਂ ਜਾ ਰਿਹਾ ਹੈ।
ਸ੍ਰੀ ਜਾਖੜ ਨੇ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਧਰਮ ਦੇ ਨਾਂਅ ਤੇ ਸਿਆਸਤ ਕਰਦੇ ਹਨ। ਉਨਾਂ ਨੇ ਕਿਹਾ ਕਿ 2014 ਦੀਆਂ ਚੌਣਾਂ ਮੌਕੇ ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ਆਖਿਆ ਕਰਦੇ ਸਨ ਕਿ ਕੇਂਦਰ ਤੋਂ ਨੋਟਾਂ ਦੇ ਟਰਾਲੇ ਆਉਣਗੇ ਪਰ ਮੋਦੀ ਸਰਕਾਰ ਦਾ ਸਾਰਾ ਕਾਰਜਕਾਲ ਪੰਜਾਬ ਪ੍ਰਤੀ ਪੱਖਪਾਤੀ ਰਿਹਾ। ਉਨਾਂ ਕਿਹਾ ਕਿ ਪੰਜਾਬ ਨੂੰ ਫੰਡ ਤਾਂ ਕੀ ਦੇਣਾ ਸੀ ਉਲਟਾ 31000 ਕਰੋੜ ਦਾ ਕਰਜ ਮੋਦੀ ਸਰਕਾਰ ਨੇ ਕੇਂਦਰ ਲਈ ਖਰੀਦੇ ਅਨਾਜ ਲਈ ਪੰਜਾਬ ਸਿਰ ਮੜ ਦਿੱਤਾ।
ਸ੍ਰੀ ਜਾਖੜ ਨੇ ਕਿਹਾ ਕਿ ਜਦ ਕੇਂਦਰ ਵਿਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸਰਕਾਰ ਸੀ ਤਾਂ ਮਹਿੰਗਾ ਕੱਚਾ ਤੇਲ ਖਰੀਦ ਕੇ ਲੋਕਾਂ ਨੂੰ ਸਸਤਾ ਡੀਜਲ ਮੁਹਈਆ ਕਰਵਾਇਆ ਜਾਂਦਾ ਸੀ ਪਰ ਹੁਣ ਸਸਤਾ ਕੱਚਾ ਤੇਲ ਖਰੀਦ ਕੇ ਮਹਿੰਗਾਂ ਡੀਜਲ ਵੇਚਿਆ ਜਾ ਰਿਹਾ ਹੈ ਤਾਂ ਜੋ ਭਾਜਪਾ ਦੇ ਚਹੇਤਿਆਂ ਨੂੰ ਲਾਭ ਪਹੁੰਚਾਇਆ ਜਾ ਸਕੇ। ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ 2014 ਗਰੀਬ ਦੇ ਨਾਂਅ ਤੇ ਵੋਟਾਂ ਲਈਆਂ ਸਨ ਪਰ 5 ਸਾਲ ਗਰੀਬ ਦੇ ਬੇਟੇ ਨੇ ਗਰੀਬਾਂ ਲਈ ਕੁਝ ਨਹੀਂ ਕੀਤਾ ਅਤੇ ਉਸਦਾ ਦਿਲ ਅਮੀਰਾ ਲਈ ਧੜਕਦਾ ਹੈ। ਉਨਾਂ ਕਿਹਾ ਕਿ ਗਰੀਬਾਂ ਦੇ ਢਿੱਡ ਵਿਚ ਦਾਣੇ ਨਹੀਂ ਤੇ ਦੇਸ਼ ਦਾ ਪ੍ਰਧਾਨ ਮੰਤਰੀ ਕਹਿ ਰਿਹਾ ਹੈ ਕਿ ਉਸਦੀ ਛਾਤੀ 56 ਇੰਚ ਦੀ ਹੈ।
ਇਸ ਮੌਕੇ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਬਣਨ ਤੇ ਪੰਜਾਬ ਲਈ ਕੇਂਦਰੀ ਸਕੀਮਾਂ ਦੀ ਬਣਦੀ ਹਿੱਸੇਦਾਰੀ ਮਿਲੇਗੀ ਅਤੇ ਨਾਲ ਹੀ ਗਰੀਬਾਂ ਨੂੰ ਹਰ ਮਹੀਨੇ 6000 ਰੁਪਏ ਦੀ ਆਰਥਿਕ ਮਦਦ ਵੀ ਕੇਂਦਰ ਸਰਕਾਰ ਦੇਇਆ ਕਰੇਗੀ। ਇਸ ਤੋਂ ਬਿਨਾਂ ਕੇਂਦਰ ਸਰਕਾਰ ਵੱਲੋਂ ਖਾਲੀ ਪਈਆਂ 33 ਲੱਖ ਸਰਕਾਰੀ ਨੌਕਰੀਆਂ ਵੀ ਭਰੀਆਂ ਜਾਣਗੀਆਂ ।
ਇਸ ਤੋਂ ਪਹਿਲਾਂ ਪੰਜਾਬ ਦੇ ਕੈਬਨਿਟ ਮੰਤਰੀ ਸ: ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਕਿਸਾਨ ਕਰਜਾ ਮਾਫੀ ਸਮੇਤ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਕੰਮ ਕੀਤੇ ਹਨ ਅਤੇ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਬਣਨ ਤੇ ਵਿਕਾਸ ਨੂੰ ਹੋਰ ਗਤੀ ਮਿਲੇਗੀ। ਉਨਾਂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਕਾਂਗਰਸ ਦੇ ਉਮੀਦਵਾਰ ਸ੍ਰੀ ਸੁਨੀਲ ਜਾਖੜ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾ ਕੇ ਸੰਸਦ ਵਿਚ ਭੇਜਿਆ ਜਾਵੇ।
ਇਸ ਮੌਕੇ ਸਾਬਕਾ ਚੇਅਰਮੈਨ ਬਲਵਿੰਦਰ ਸਿੰਘ ਕੋਟਲਾਬਾਮਾ, ਦਿਲਰਾਜ ਸਿੰਘ ਸਰਪੰਚ ਢਡਿਆਲਾ ਨੱਤ, ਬਲਵਿੰਦਰ ਸਿੰਘ ਭਾਲੋਵਾਲੀ, ਓਂਕਾਰ ਸਿੰਘ ਲਾਟੀ, ਸੁਰਜੀਤ ਸਿੰਘ ਪ੍ਰਧਾਨ ਯੂਥ ਕਾਂਗਰਸ, ਮਲਕੀਤ ਸਿੰਘ, ਕਸ਼ਮੀਰ ਸਿੰਘ, ਚਰਨਜੀਤ ਸਿੰਘ, ਸਰਪੰਚ ਮਰੜ ਰੂਬਲ ਸਿੰਘ, ਦਿਲਬਾਗ ਸਿੰਘ ਮਰੜ ਖੁਰਦ, ਸਵਿੰਦਰ ਸਿੰਘ ਸ਼ੰਕਰਪੁਰਾ, ਭਿੰਦਰ ਸਿੰਘ ਨਿੱਕਾ ਢਡਿਆਲਾ, ਕੁੰਨਣ ਸਿੰਘ, ਸੁਖਵਿੰਦਰ ਸਿੰਘ ਫੌਜੀ, ਡਾ. ਰੇਸ਼ਮ ਸਿੰਘ, ਸਿਕੰਦਰ ਸਿੰਘ, ਬਲਾਕ ਸੰਮਤੀ ਮੈਂਬਰ ਹਰਮੇਸ਼ ਸਿੰਘ, ਸਰਪੰਚ ਮਨਬੀਰ ਸਿੰਘ, ਸਰਪੰਚ ਹਰਜੀਤ ਸਿੰਘ ਆਦਿ ਹਾਜ਼ਰ ਸਨ।