ਦਰਸ਼ਨ ਸਥਲ ਤੋੜ ਜਾਣ ਤੋਂ ਪਹਿਲਾਂ ਦੂਰਬੀਨ ਨਾਲ ਦਰਸ਼ਨ ਕਰਦੇ ਸ਼ਰਧਾਲੂ
ਲੋਕੇਸ਼ ਰਿਸ਼ੀ
ਗੁਰਦਾਸਪੁਰ, 08 ਮਈ 2019 : ਭਾਰਤ ਪਾਕਿਸਤਾਨ ਵਿਚਾਲੇ ਬਣਨ ਜਾ ਰਹੇ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਉਸਾਰੀ ਦਾ ਕੰਮ ਦੋਹਾਂ ਦੇਸ਼ਾਂ ਵਿੱਚ ਕੰਮ ਆਪਣੀ ਰਫ਼ਤਾਰ ਨਾਲ ਚੱਲ ਰਿਹਾ ਹੈ। ਇਸ ਕਾਰੀਡੋਰ ਨੂੰ ਲੈ ਕੇ ਜਿੱਥੇ ਗੁਆਂਢੀ ਦੇਸ਼ ਪਾਕਿਸਤਾਨ ਵੱਲੋਂ 70 ਫ਼ੀਸਦੀ ਕੰਮ ਮੁਕੰਮਲ ਕਰ ਲਏ ਜਾਣ ਅਤੇ 31 ਅਗਸਤ ਤੱਕ ਉਸਾਰੀ ਪੂਰੀ ਕਰ ਲਏ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਉੱਥੇ ਦੂਜੇ ਪਾਸੇ ਭਾਰਤੀ ਅਧਿਕਾਰੀ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਉਤਸਵ ਤੱਕ ਕਾਰੀਡੋਰ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ ਅਤੇ ਇਸੇ ਦੇ ਚੱਲਦਿਆਂ ਭਾਰਤ ਵਾਲੇ ਪਾਸਿਉਂ ਕਾਰੀਡੋਰ ਦੀ ਉਸਾਰੀ ਦਾ ਕੰਮ ਲਗਾਤਾਰ ਆਪਣੀ ਰਫ਼ਤਾਰ ਨਾਲ ਚਲਾਇਆ ਜਾ ਰਿਹਾ ਹੈ।
ਸੀਤਲ ਪ੍ਰਾਈਵੇਟ ਲਿਮਟਿਡ ਕੰਪਨੀ ਵੱਲੋਂ ਕਾਰੀਡੋਰ ਦੀ ਉੱਸਰੀ ਨੂੰ ਲੈ ਕੇ ਡੇਰਾ ਬਾਬਾ ਨਾਨਕ ਵਿਖੇ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਦਰਸ਼ਨ ਸਥਲ ਨੂੰ ਤੋੜ ਦਿੱਤਾ ਗਿਆ ਹੈ। ਜਿਸ ਉੱਪਰ ਇੱਕ ਪੁਲ ਦਾ ਨਿਰਮਾਣ ਕੀਤਾ ਜਾਣਾ ਹੈ। ਭਾਰਤ ਵਾਲੇ ਪਾਸੇ ਬਣਨ ਜਾ ਰਿਹਾ ਇਹ ਓਵਰ ਬਰਿੱਜ ਕੰਡਿਆਲੀ ਤਾਰ ਨੂੰ ਨਾ ਹਟਾਉਣ ਦੇ ਮਕਸਦ ਨਾਲ ਬਣਾਇਆ ਜਾ ਰਿਹਾ ਹੈ ਅਤੇ ਇਸ ਦੀ ਉਸਾਰੀ ਲਈ ਕਰਤਾਰਪੁਰ ਦਰਸ਼ਨ ਸਥਲ ਵਿਖੇ ਸਥਿਤ ਦੂਰਬੀਨ ਵਾਲਾ ਸਥਲ, ਕੰਟੀਨ, ਵੀਆਈਪੀ ਰੂਮ, ਵਿਸ਼ਰਾਮ ਸਥਲ ਅਤੇ ਕੰਟੀਨ ਆਦੀ ਨੂੰ ਤੋੜ ਦਿੱਤਾ ਗਿਆ ਹੈ। ਕੁੱਲ ਮਿਲਾ ਕੇ ਹੁਣ ਲਾਂਘਾ ਤਿਆਰ ਹੋਣ ਤੱਕ ਸ਼ਰਧਾਲੂ ਕਰਤਾਰਪੁਰ ਸਾਹਿਬ ਦੇ ਦੂਰਬੀਨ ਨਾਲ ਦਰਸ਼ਨ ਨਹੀਂ ਕਰ ਸਕਣਗੇ।