ਬਠਿੰਡਾ, 08 ਮਈ 2019: ਭਗਵੰਤ ਮਾਨ ਵੱਲੋਂ ਖਰੀਦੋ-ਫਰੋਖਤ ਦੇ ਲਾਏ ਦੋਸ਼ਾਂ ਨੂੰ ਪੂਰੀ ਤਰਾਂ ਨੂੰ ਰੱਦ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਪ ਲੀਡਰ ਕੋਰਾ ਝੂਠ ਬੋਲ ਰਿਹਾ ਹੈ ਅਤੇ ਉਹ ਹਰ ਪਾਰਟੀ ਲਈ ਸਿਆਸੀ ਤੌਰ ’ਤੇ ਸਿਫਰ ਹੋ ਚੁੱਕਾ ਹੈ।
ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ, ਲੀਡਰਾਂ ਅਤੇ ਵਰਕਰਾਂ ਦਾ ਸੱਤਾਧਾਰੀ ਪਾਰਟੀ ਵਿੱਚ ਆਉਣ ’ਤੇ ਨਿਰਾਸ਼ਾ ’ਚ ਡੁੱਬਿਆ ਭਗਵੰਤ ਮਾਨ ਕਾਂਗਰਸ ਵਿਰੁੱਧ ਬੇਬੁਨਿਆਦ ਦੋਸ਼ ਲਾ ਰਿਹਾ ਹੈ।
ਭਗਵੰਤ ਮਾਨ ਵੱਲੋਂ ਉਸ ਦੀ ਕੀਮਤ ਲਾਉਣ ਦੀ ਚੁਣੌਤੀ ’ਤੇ ਪਲਟਵਾਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਪ ਲੀਡਰ ਦੇ ਪੱਲੇ ਕੱਖ ਨਹੀਂ ਹੈ। ਇਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ,‘‘ਮਾਨ ਵੱਲੋਂ ਤਰਲੇ ਲੈਣ ’ਤੇ ਵੀ ਅਸੀਂ ਉਸ ਨੂੰ ਪੰਜਾਬ ਕਾਂਗਰਸ ਵਿੱਚ ਸ਼ਾਮਲ ਨਹੀਂ ਕਰਾਂਗੇ।’’
ਸੰਸਦੀ ਚੋਣਾਂ ਤੋਂ ਪਹਿਲਾਂ ਆਮ ਲੋਕਾਂ ਵੱਲੋਂ ਕਾਂਗਰਸ ਅਤੇ ਅਕਾਲੀਆਂ ਨੂੰ ਸਵਾਲ ਕਰਨ ’ਤੇ ਮੁੱਖ ਮੰਤਰੀ ਨੇ ਇਸ ਨੂੰ ਸਿਹਤਮੰਦ ਜਮਹੂਰੀਅਤ ਦੱਸਿਆ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਨੂੰ ਨਿੱਜੀ ਤੌਰ ’ਤੇ ਬਹੁਤ ਸਾਰੇ ਸਵਾਲ ਪੁੱਛੇ ਜਾ ਰਹੇ ਹਨ ਜਿਸ ਬਾਰੇ ਲੋਕਾਂ ਨੂੰ ਤਸੱਲੀਬਖਸ਼ ਜਵਾਬ ਦੇ ਕੇ ਉਨਾਂ ਨੂੰ ਖੁਸ਼ੀ ਹੁੰਦੀ ਹੈ। ਉਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਕੀਤਾ ਗਿਆ ਹਰੇਕ ਵਾਅਦਾ ਪੂਰਾ ਕੀਤਾ ਜਾਵੇਗਾ।
ਬੇਅਦਬੀ ਮਾਮਲਿਆਂ ਵਿੱਚ ਐਸ.ਆਈ.ਟੀ. ਵੱਲੋਂ ਪ੍ਰਕਾਸ਼ ਸਿੰਘ ਬਾਦਲ ਨੂੰ ਕਲੀਨ ਚਿੱਟ ਨਾ ਦੇਣ ਬਾਰੇ ਇਕ ਵਾਰ ਫੇਰ ਸਪੱਸ਼ਟ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਾਂਚ ਅਜੇ ਜਾਰੀ ਹੈ ਅਤੇ ਚੋਣਾਂ ਮੁੱਕਣ ਤੋਂ ਤੁਰੰਤ ਬਾਅਦ ਆਈ.ਜੀ. ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਐਸ.ਆਈ.ਟੀ. ਵਿੱਚ ਵਾਪਸ ਲਿਆਂਦਾ ਜਾਵੇਗਾ ਤਾਂ ਕਿ ਜਾਂਚ ਨੂੰ ਸਿੱਟੇ ’ਤੇ ਲਿਜਾਇਆ ਜਾ ਸਕੇ। ਉਨਾਂ ਕਿਹਾ ਕਿ ਸਮਾਜ ਵਿੱਚ ਫੁੱਟ ਪਾਉਣ ਦੀਆਂ ਕੋਸ਼ਿਸ਼ਾਂ ਕਰਨ ਵਾਲੇ ਦੋਸ਼ੀ ਬਖਸ਼ੇ ਨਹੀਂ ਜਾਣਗੇ। ਉਨਾਂ ਦੁਹਰਾਇਆ ਕਿ ਕਾਨੂੰਨ ਆਪਣਾ ਰਾਹ ਅਖਤਿਆਰ ਕਰੇਗਾ ਅਤੇ ਇਸ ਘਟਨਾ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਜ਼ਰੂਰ ਮਿਲੇਗੀ, ਭਾਵੇਂ ਉਹ ਕਿੰਨੇ ਹੀ ਅਸਰ-ਰਸੂਖ ਵਾਲੇ ਕਿਉਂ ਨਾ ਹੋਣ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਦੇਰੀ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਬਣੀ ਤਾਂ ਇਹ ਚੋਣਾਂ ਬਿਨਾਂ ਕਿਸੇ ਦੇਰੀ ਤੋਂ ਕਰਵਾਈਆਂ ਜਾਣਗੀਆਂ। ਉਨਾਂ ਕਿਹਾ ਕਿ ਅਕਾਲੀ ਆਪਣੇ ਨਿੱਜੀ ਮੁਫ਼ਾਦਾਂ ਲਈ ਸ਼੍ਰੋਮਣੀ ਕਮੇਟੀ ਦੀ ਦੁਰਵਰਤੋਂ ਕਰ ਰਹੇ ਹਨ ਅਤੇ ਇਸ ਧਾਰਮਿਕ ਸੰਸਥਾ ਨੂੰ ਅਕਾਲੀ ਦਲ ਦੇ ਚੁੰਗਲ ’ਚੋਂ ਕੱਢਣ ਲਈ ਮੈਦਾਨ ਵਿੱਚ ਨਿੱਤਰਨ ਵਾਲੀ ਕਿਸੇ ਵੀ ਧਿਰ ਦਾ ਉਹ ਸਮਰਥਨ ਕਰਨਗੇ।
ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਭਰੋਸਾ ਜ਼ਾਹਰ ਕਰਦਿਆਂ ਕਿਹਾ ਕਿ ਇਨਾਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਬਾਦਲਾਂ ਅਤੇ ਅਕਾਲੀ ਦਲ ਦਾ ਮੁਕੰਮਲ ਸਫਾਇਆ ਕਰ ਦੇਵੇਗੀ। ਉਨਾਂ ਕਿਹਾ ਕਿ ਇਹ ਅਹਿਮ ਚੋਣਾਂ ਮੁਲਕ ਦੀ ਤਕਦੀਰ ਦਾ ਫੈਸਲਾ ਕਰਨਗੀਆਂ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਅਕਾਲੀਆਂ ਨੇ 10 ਵਰਿਆਂ ਦੇ ਸ਼ਾਸਨਕਾਲ ਦੌਰਾਨ ਆਪਣੇ ਨਿੱਜੀ ਹਿੱਤ ਲਈ ਨਾ ਸਿਰਫ ਆਪਣੀ ਪਾਰਟੀ ਦਾ ਸ਼ੋਸ਼ਣ ਕੀਤਾ ਸਗੋਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚਾਈ ਜਿਸ ਕਰਕੇ ਸਾਲ 2017 ਵਿੱਚ ਲੋਕਾਂ ਨੇ ਇਨਾਂ ਨੂੰ ਬਾਹਰ ਦਾ ਰਾਹ ਵਿਖਾਇਆ। ਉਨਾਂ ਨੇ ਪਾਰਟੀਆਂ ਵਰਕਰਾਂ ਨੂੰ ਬਾਦਲਾਂ ਸਮੇਤ ਅਕਾਲੀ ਵਰਕਰਾਂ ਦੀਆਂ ਪਾਖੰਡੀ ਚਾਲਾਂ ਅਤੇ ਝੂਠ ਦਾ ਪਰਦਾਫਾਸ਼ ਕਰਨ ਦਾ ਸੱਦਾ ਦਿੱਤਾ। ਉਨਾਂ ਕਿਹਾ ਕਿ ਬਠਿੰਡਾ ਦੇ ਲੋਕ ਹੰਕਾਰੀ ਅਤੇ ਪੰਜਾਬ ਵਿਰੋਧੀ ਹਰਸਿਮਰਤ ਬਾਦਲ ਨੂੰ ਸਬਕ ਸਿਖਾਉਣਗੇ। ਉਨਾਂ ਨੇ ਪਾਰਟੀ ਵਰਕਰਾਂ ਨੂੰ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੱਕ ਵਿੱਚ ਜੁਟ ਜਾਣ ਦਾ ਸੱਦਾ ਦਿੰਦਿਆਂ ਕਿਹਾ ਕਿ ਅਕਾਲੀ ਲੀਡਰ ਅਤੇ ਕੇਂਦਰੀ ਮੰਤਰੀ ਖਿਲਾਫ਼ ਜ਼ੋਰ-ਸ਼ੋਰ ਨਾਲ ਪ੍ਰਚਾਰ ਕੀਤਾ ਜਾਵੇ।
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਉਸ ਦੀ ਪਾਰਟੀ ਭਾਜਪਾ ਦਾ ਆਮ ਚੋਣਾਂ ਵਿੱਚ ਉਹੀ ਹਸ਼ਰ ਹੋਵੇਗਾ, ਜੋ ਵਿਧਾਨ ਸਭਾ ਚੋਣਾਂ ਵਿੱਚ ਅਕਾਲੀਆਂ ਦਾ ਹੋਇਆ ਸੀ। ਉਨਾਂ ਕਿਹਾ ਕਿ ਭਾਰਤ ਦੇ ਲੋਕ ਮੁਲਕ ਨੂੰ ਫਿਰਕੂ ਲੀਹਾਂ ’ਤੇ ਵੰਡਣ ਦੀਆਂ ਚਾਲਾਂ ਚੱਲਣ ਵਾਲਿਆਂ ਨੂੰ ਕਦੇ ਵੀ ਮੁਆਫ ਨਹੀਂ ਕਰਨਗੇ।